ਮਾਛੀਵਾੜਾ ਸਾਹਿਬ (ਟੱਕਰ) : ਜਿਉਂ-ਜਿਉਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਹਲਕਾ ਸਮਰਾਲਾ ਦੀ ਸਿਆਸਤ ਨਵੇਂ ਰੰਗ ਦਿਖਾਉਣ ਲੱਗ ਪਈ ਹੈ। ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਅੱਖੋਂ-ਪਰੋਖੇ ਕਰਕੇ ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋਂ ਨੂੰ ਪਾਰਟੀ ਦਾ ਮੁੱਖ ਸੇਵਾਦਾਰ ਨਿਯੁਕਤ ਕਰਕੇ ਇੱਥੋਂ ਚੋਣ ਮੈਦਾਨ ’ਚ ਉਤਾਰਨ ਦਾ ਸੰਕੇਤ ਦਿੱਤਾ ਸੀ। ਹੁਣ ਕਾਂਗਰਸ ਵਿਚ ਵੀ ਆਉਣ ਵਾਲੇ ਕੁੱਝ ਦਿਨਾਂ ’ਚ ਘਮਾਸਾਨ ਛਿੜ ਸਕਦਾ ਹੈ ਕਿਉਂਕਿ ਇੱਥੋਂ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਭਤੀਜੇ ਨਗਰ ਕੌਂਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਦੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਵਿਧਾਨ ਸਭਾ ਚੋਣ ਲੜਨ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਸਿੱਧੂ ਮਾਮਲੇ' ਨੂੰ ਲੈ ਕੇ ਕੈਪਟਨ ਨੇ ਆਪਣੇ ਹਮਾਇਤੀਆਂ ਨੂੰ ਕਹੀ ਇਹ ਗੱਲ
ਹਲਕਾ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਕਾਂਗਰਸ ਪਾਰਟੀ ਵੱਲੋਂ ਟਿਕਟ ਤੈਅ ਮੰਨੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਹੀ ਪਰਿਵਾਰ ਨਾਲ ਸਬੰਧਿਤ ਤੇ ਰਿਸ਼ਤੇ ’ਚ ਲੱਗਦੇ ਪੋਤੇ ਪਰਮਜੀਤ ਸਿੰਘ ਢਿੱਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇਣ ਦਾ ਸੰਕੇਤ ਦੇ ਦਿੱਤਾ ਹੈ ਅਤੇ ਹੁਣ ਨਵੀਂ ਚਰਚਾ ਕੀ ਵਿਧਾਇਕ ਦਾ ਭਤੀਜਾ ਜਸਵੀਰ ਸਿੰਘ ਢਿੱਲੋਂ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਇੱਥੋਂ ਚੋਣ ਲੜ ਸਕਦਾ ਹੈ। ਜੇਕਰ ਕੁੱਝ ਮਹੀਨੇ ਬਾਅਦ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਹੀ ਸਮੀਕਰਨ ਸਾਹਮਣੇ ਆਉਂਦੇ ਹਨ ਤਾਂ ਸਿਆਸੀ ਪਾਰਟੀ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕੋਈ ਵੀ ਜਿੱਤੇ ਪਰ ਵਿਧਾਇਕ ਢਿੱਲੋਂ ਪਰਿਵਾਰ ’ਚੋਂ ਹੀ ਬਣੇਗਾ।
ਇਹ ਵੀ ਪੜ੍ਹੋ : ਲੁਧਿਆਣਾ ’ਚ 'ਬਲੈਕ ਫੰਗਸ' ਦੇ 4 ਨਵੇਂ ਮਰੀਜ਼ ਆਏ ਸਾਹਮਣੇ
ਨਗਰ ਕੌਂਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਆਪਣੇ ਚਾਚਾ ਅਮਰੀਕ ਸਿੰਘ ਢਿੱਲੋਂ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਰਹੇ ਹਨ ਅਤੇ ਉਨ੍ਹਾਂ ਦੀ ਹਰੇਕ ਚੋਣ ਵਿਚ ਤਨਦੇਹੀ ਨਾਲ ਕੰਮ ਕੀਤਾ ਅਤੇ ਵਿਧਾਇਕ ਚਾਚਾ ਨੇ ਵੀ ਉਨ੍ਹਾਂ ਨੂੰ ਨਗਰ ਕੌਂਸਲ ਸਮਰਾਲਾ ਦੀ 2 ਵਾਰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਪਰ ਅੱਜ ਕੁੱਝ ਹਾਲਾਤ ਅਜਿਹੇ ਨਜ਼ਰ ਆ ਰਹੇ ਹਨ ਕਿ ਪਰਿਵਾਰ ਵਿਚ ਪਈਆਂ ਤਰੇੜਾਂ ਕਾਰਨ ਪੋਤਰਾ ਪਰਮਜੀਤ ਸਿੰਘ ਢਿੱਲੋਂ ਪਹਿਲਾਂ ਹੀ ਆਪਣੇ ਦਾਦੇ ਤੋਂ ਵੱਖ ਹੋ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਸਿਆਸੀ ਤੌਰ ’ਤੇ ਵਿਰੋਧੀ ਬਣ ਕੇ ਖੜ੍ਹਾ ਹੋ ਗਿਆ। ਹੁਣ ਪਰਿਵਾਰ ’ਚੋਂ ਹੀ ਭਤੀਜਾ ਜਸਵੀਰ ਸਿੰਘ ਢਿੱਲੋਂ ਵੀ ਪਿਛਲੇ ਕੁੱਝ ਸਮੇਂ ਤੋਂ ਅੰਦਰ ਖ਼ਾਤੇ ਆਪਣੀ ਨਾਰਾਜ਼ਗੀ ਪ੍ਰਗਟਾਉਂਦੇ ਰਹੇ ਹਨ ਪਰ ਹੁਣ ਉਹ ਖੁੱਲ੍ਹ ਕੇ ਕਦੇ ਵੀ ਮੈਦਾਨ ’ਚ ਆ ਸਕਦੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਿਆਸੀ ਯੁੱਧ ਢਿੱਲੋਂ ਪਰਿਵਾਰ ਦੇ ਦਾਦਾ, ਪੋਤਾ ਤੇ ਭਤੀਜੇ ਵਿਚਕਾਰ ਹੋਵੇਗਾ ਜਾਂ ਫਿਰ ਅਕਾਲੀ ਦਲ ਵਲੋਂ ਅੱਖੋਂ-ਪਰੋਖੇ ਕੀਤੇ ਗਏ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵਿਚਕਾਰ। ਜੇਕਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਟਿਕਟ ਲੈ ਚੋਣ ਮੈਦਾਨ ’ਚ ਉਤਰਦੇ ਹਨ, ਇਸ ਦਾ ਹਲਕੇ ਦੇ ਲੋਕਾਂ ਨੂੰ ਕੁੱਝ ਮਹੀਨੇ ਇੰਤਜ਼ਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ ਅੱਜ 6 ਮਹੀਨੇ ਪੂਰੇ, ਸਿੱਧੂ ਮਗਰੋਂ 'ਬਾਦਲਾਂ' ਦੀ ਰਿਹਾਇਸ਼ 'ਤੇ ਵੀ ਲਹਿਰਾਇਆ 'ਕਾਲਾ ਝੰਡਾ'
ਜਿਸ ਵਿਧਾਇਕ ਦਾਦੇ ਨੇ ਪੋਤੇ ਤੇ ਭਤੀਜੇ ਨੂੰ ਉਂਗਲ ਫੜ੍ਹ ਸਿਆਸਤ ’ਚ ਲਿਆਂਦਾ ਅੱਜ ਓਹੀ ਵਿਰੋਧੀ ਹੋ ਗਏ
ਹਲਕਾ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ 4 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਹਲਕੇ ਦੀ ਸਿਆਸਤ ’ਚ ਪਕੜ ਇੰਨੀ ਮਜ਼ਬੂਤ ਹੈ ਕਿ ਕੋਈ ਵੀ ਹੋਰ ਆਗੂ ਉਨ੍ਹਾਂ ਦੇ ਬਰਾਬਰ ਦਾ ਕੱਦਵਾਰ ਉਮੀਦਵਾਰ ਵਜੋਂ ਨਹੀਂ ਉਭਰਿਆ ਕਿਉਂਕਿ ਸਾਰੇ ਹੀ ਕਾਂਗਰਸੀ ਆਗੂ ਤੇ ਵਰਕਰ ਆਪਣੇ ਵਿਧਾਇਕ ਦੀ ਰਹਿਨੁਮਾਈ ਹੇਠ ਜਿਆਦਾਤਰ ਸੰਤੁਸ਼ਟ ਨਜ਼ਰ ਆਏ। ਹਲਕਾ ਸਮਰਾਲਾ ਦੀ ਸਿਆਸਤ ’ਚ ਹੁਣ ਨਵੇਂ ਰੰਗ ਉਸ ਸਮੇਂ ਉਭਰਦੇ ਨਜ਼ਰ ਆਏ ਕਿ ਜਿਸ ਵਿਧਾਇਕ ਦਾਦਾ ਅਮਰੀਕ ਸਿੰਘ ਢਿੱਲੋਂ ਨੇ ਆਪਣੇ ਪੋਤੇ ਪਰਮਜੀਤ ਸਿੰਘ ਢਿੱਲੋਂ ਅਤੇ ਭਤੀਜੇ ਜਸਵੀਰ ਸਿੰਘ ਢਿੱਲੋਂ ਨੂੰ ਉਂਗਲ ਤੋਂ ਫੜ੍ਹ ਕੇ ਸਿਆਸਤ ’ਚ ਲਿਆਂਦਾ, ਅੱਜ ਓਹੀ ਉਨ੍ਹਾਂ ਦੇ ਸਿਆਸੀ ਵਿਰੋਧੀ ਬਣ ਖੜ੍ਹੇ ਹੋ ਗਏ ਹਨ। ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਤੇ ਸਿਆਸੀ ਗੋਟੀਆਂ ਫਿੱਟ ਕਰਨ ’ਚ ਮਾਹਿਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਬੇਸ਼ੱਕ ਮਾਤ ਦੇਣ ਲਈ ਪੋਤਾ ਤੇ ਭਤੀਜਾ ਮੈਦਾਨ ’ਚ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਵਿਧਾਇਕ ਦੀ ਹਲਕੇ ’ਚ ਮਜ਼ਬੂਤ ਪਕੜ ਅਤੇ ਸਿਆਸੀ ਦਾਅ-ਪੇਚਾਂ ਦਾ ਸਾਹਮਣਾ ਕਰਨਾ ਸੌਖਾਲਾ ਨਹੀਂ ਹੋਵੇਗਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪ੍ਰਧਾਨ ਮੰਤਰੀ ਦੇ ਗੁਆਂਢ 'ਚ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਦੇ ਹੱਕ 'ਚ ਲਹਿਰਾਇਆ ਕਾਲਾ ਝੰਡਾ
NEXT STORY