ਅੰਮ੍ਰਿਤਸਰ (ਅਣਜਾਣ) : 'ਜਗ ਬਾਣੀ' 'ਚ ਪ੍ਰਕਾਸ਼ਿਤ ਖ਼ਬਰ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪ੍ਰਬੰਧਕਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਤੀਸਰੀ ਲਾਈਨ ਲਾਈ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਦੋ ਲਾਈਨਾਂ ਹੀ ਬਣਾਈਆਂ ਗਈਆਂ ਸਨ ਤੇ ਤੀਸਰੀ ਲਾਈਨ ਬੰਦ ਕਰ ਦਿੱਤੀ ਗਈ ਸੀ, ਜਿਸ ਦਾ ਸੰਗਤਾਂ ਵਲੋਂ ਇਤਰਾਜ਼ ਕੀਤਾ ਗਿਆ ਸੀ। 'ਜਗਬਾਣੀ' ਵਲੋਂ ਇਸ ਬਾਬਤ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ 'ਤੇ ਤੁਰੰਤ ਅਸਰ ਕਰਦਿਆਂ ਅਧਿਕਾਰੀਆਂ ਵਲੋਂ ਦੋਵੇਂ ਜੰਗਲਿਆਂ ਵਿਚਕਾਰ ਸੰਗਤਾਂ ਲਈ ਤੀਸਰੀ ਲਾਈਨ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸਾਰਾ ਦਿਨ ਬਹਾਲ ਰਹੀ
ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਸਾਰਾ ਦਿਨ ਬਹਾਲ ਰੱਖੀ। ਅੰਮ੍ਰਿਤ ਵੇਲੇ ਤੋਂ ਕਿਵਾੜ ਖੁੱਲ੍ਹਦਿਆਂ ਰਾਗੀ ਸਿੰਘਾਂ ਵਲੋਂ ਕੀਰਤਨ ਦੀ ਆਰੰਭਤਾ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਸੰਗਤਾਂ ਦੇ ਸਵੱਯੇ ਉਚਾਰਣ ਕਰਨ ਤੋਂ ਬਾਅਦ ਗ੍ਰੰਥੀ ਸਿੰਘ ਵਲੋਂ ਮੁੱਖ ਵਾਕ ਲਿਆ ਗਿਆ। ਸਾਰਾ ਦਿਨ ਵੱਖ-ਵੱਖ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਰਾਤ ਸਮੇਂ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਖਆਸਣ ਸਾਹਿਬ ਵਾਲੇ ਅਸਥਾਨ ਤੇ ਬਿਰਾਜਮਾਨ ਕਰ ਦਿੱਤਾ ਗਿਆ ਤੇ ਸੰਗਤਾਂ ਤਿਨ ਪਹਿਰੇ ਦੀ ਸੇਵਾ ਵਿੱਚ ਜੁੜ ਗਈਆਂ। ਦਰਸ਼ਨਾ ਲਈ ਆਈਆਂ ਸੰਗਤਾਂ ਨੇ ਸਾਰਾ ਦਿਨ ਗੁਰੂ ਰਾਮਦਾਸ ਲੰਗਰ ਵਿੱਚ ਸੇਵਾ ਕਰਨ ਦੇ ਨਾਲ-ਨਾਲ ਲੰਗਰ ਛੱਕਿਆ ਤੇ ਛਬੀਲ ਤੇ ਜੌੜੇ ਘਰ ਵੀ ਸੇਵਾ ਕੀਤੀ।
ਬਾਬਾ ਹਰਨਾਮ ਸਿੰਘ ਖਾਲਸਾ ਨੇ ਕੀਤੀ ਪਹਿਲੇ ਮੁਖ ਵਾਕ ਦੀ ਕਥਾ
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਪਹਿਲੇ ਮੁਖ ਵਾਕ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 713 'ਤੇ ਸੁਭਾਏਮਾਨ ਟੋਡੀ ਮਹੱਲਾ ਪੰਜਵਾਂ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਹੇ ਮਾਲਕ ਪ੍ਰਭੂ ! (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ। ਕੋਈ ਵੀ ਚੀਜ਼ ਮੇਰੇ ਨਾਲ ਮਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ ਤਾਂ ਮੈਨੂੰ ਤੇਰੀ ਸਿਫ਼ਤ ਸਲਾਹ ਮਿਲ ਜਾਏ। ਇਸ ਉਪਰੰਤ ਬਾਬਾ ਹਰਨਾਮ ਸਿੰਘ ਖਾਲਸਾ ਕੋਰੋਨਾ ਮਹਾਂਮਾਰੀ ਤੋਂ ਨਿਜਾਤ ਦਿਵਾਉਣ ਲਈ ਪੂਰੇ ਵਿਸ਼ਵ ਦੇ ਭਲੇ ਦੀ ਅਰਦਾਸ 'ਚ ਸ਼ਾਮਲ ਹੋਏ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਸ੍ਰੀ ਅਖੰਡਪਾਠ ਸਾਹਿਬ ਕੀਤੇ ਗਏ ਆਰੰਭ
ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਸ੍ਰੀ ਅਖੰਡਪਾਠ ਸਾਹਿਬ ਆਰੰਭ ਕੀਤੇ ਗਏ। ਜਿਨ੍ਹਾਂ ਦੇ ਭੋਗ 28 ਜੂਨ ਸਵੇਰ ਨੂੰ ਪੈਣਗੇ। ਆਰੰਭਤਾ ਸਮੇਂ ਅਰਦਾਸ ਭਾਈ ਗੁਰਸੇਵਕ ਸਿੰਘ ਨੇ ਕੀਤੀ ਤੇ ਹੁਕਮਨਾਮਾ ਭਾਈ ਹਰਵਿੰਦਰ ਸਿੰਘ ਨੇ ਲਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ.ਮੈਨੇਜਰ ਬਘੇਲ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ਼ ਦੇ ਇਲਾਵਾ ਸੰਗਤਾਂ ਨੇ ਵੀ ਸਮਾਗਮ 'ਚ ਹਾਜ਼ਰੀਆਂ ਭਰੀਆਂ।
ਫਗਵਾੜਾ ਗੇਟ ਗੋਲੀਕਾਂਡ ਦੀ ਸਾਹਮਣੇ ਆਈ CCTV ਫੁਟੇਜ, ਹਰਿਆਣਾ ਪੁਲਸ ਦੀ ਕਹਾਣੀ ਦਾ ਖੁੱਲ੍ਹਿਆ ਰਾਜ਼
NEXT STORY