ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਜਿੱਥੇ ਲਾਕਡਾਊਨ ਅਤੇ ਕਰਫਿਊ ਜਾਰੀ ਹੈ, ਉਥੇ ਸਰਕਾਰ ਅਤੇ ਪੁਲਸ ਦੀ ਸਖ਼ਤੀ ਦੇ ਬਾਵਜੂਦ ਵੀ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਾਜ਼ ਨਹੀਂ ਆ ਰਹੇ ਅਤੇ ਰਾਤ ਦੇ ਹਨ੍ਹੇਰੇ 'ਚ ਚਿੱਟੇ ਰੇਤ ਦੀ ਮਾਈਨਿੰਗ ਜਾਰੀ ਹੈ। ਮਾਛੀਵਾੜਾ ਬੇਟ ਖੇਤਰ ਦੇ ਇਕ ਪਿੰਡ 'ਚ ਬੀਤੀ ਰਾਤ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋਈ ਜਿਸ ਦਾ ਖੁਲਾਸਾ ਕਾਂਗਰਸ ਆਗੂ ਜਸਦੇਵ ਸਿੰਘ ਟਾਂਡਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਇਸ ਪਾਰਟੀ ਦੇ ਸਮਰਥਕਾਂ ਵਲੋਂ ਇਲਾਕੇ ਅੰਦਰ ਬੇਖੌਫ਼ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਸੀ। ਹੁਣ ਕਾਂਗਰਸ ਦੇ ਰਾਜ 'ਚ ਵੀ ਇਹ ਅਕਾਲੀ ਪਾਰਟੀ ਦੇ ਸਮਰਥਕ ਆਪਣੇ ਟਿੱਪਰਾਂ 'ਤੇ ਜੇ. ਸੀ. ਬੀ. ਮਸ਼ੀਨਾਂ ਨਾਲ ਰਾਤ ਦੇ ਹਨ੍ਹੇਰੇ 'ਚ ਮਾਈਨਿੰਗ ਕਰਨ ਤੋਂ ਬਾਜ਼ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਜਿੱਥੇ ਪੂਰਾ ਭਾਰਤ ਦੇਸ਼ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ, ਉਥੇ ਕੁੱਝ ਲੋਕ ਆਪਣੀਆਂ ਜੇਬਾਂ ਭਰਨ ਲਈ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਜਿਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਜਰੂਰੀ ਹੈ।
ਕਾਂਗਰਸੀ ਆਗੂ ਜਸਦੇਵ ਸਿੰਘ ਟਾਂਡਾ ਨੇ ਕਿਹਾ ਕਿ ਰੇਤੇ ਦੀ ਨਾਜਾਇਜ਼ ਮਾਈਨਿੰਗ ਤਾਂ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਹੈ ਅਤੇ ਬਦਨਾਮ ਕਾਂਗਰਸ ਸਰਕਾਰ ਹੋ ਰਹੀ ਹੈ। ਇਸ ਲਈ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਪੁਲਸ ਪ੍ਰਸ਼ਾਸਨ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ। ਜਦੋਂ ਇਸ ਸਬੰਧੀ ਥਾਣਾ ਮੁਖੀ ਸੁਖਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਜਿਸ ਖੇਤਰ 'ਚ ਨਾਜਾਇਜ਼ ਮਾਈਨਿੰਗ ਹੋਈ ਹੈ, ਉਹ ਮੌਕਾ ਦੇਖਣਗੇ। ਜੋ ਵੀ ਇਸ 'ਚ ਸ਼ਾਮਲ ਹੋਣਗੇ, ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕਰਨਗੇ।
ਲਾਕਡਾਊਨ ਦੌਰਾਨ 86,371 ਨਵੇਂ ਮਰੀਜ਼ ਓਟ ਕਲੀਨਿਕਾਂ 'ਚ ਇਲਾਜ ਲਈ ਰਜਿਸਟਰਡ ਹੋਏ: ਹਰਪ੍ਰੀਤ ਸਿੱਧੂ
NEXT STORY