ਸੰਗਰੂਰ (ਸ਼ਹਾਬੂਦੀਨ)-ਵਿਕਾਸ ਨੂੰ ਤਰਸ ਰਹੇ ਹਾਅ-ਦੇ-ਨਾਅਰੇ ਦੀ ਪਵਿੱਤਰ ਨਗਰੀ ਵਜੋਂ ਜਾਣੇ ਜਾਂਦੇ ਪੰਜਾਬ ਦੇ ਘੱਟ ਗਿਣਤੀ ਵਰਗ ਮੁਸਲਿਮ ਬਹੁਲਤਾ ਵਾਲੇ ਸ਼ਹਿਰ ਮਾਲੇਰਕੋਟਲਾ ਦੀਆਂ ਸਡ਼ਕਾਂ ਦੀ ਹਾਲਤ ਅੱਜ ਇੰਨੀ ਬਦ ਤੋਂ ਬਦਤਰ ਹੋ ਚੁੱਕੀ ਹੈ ਕਿ ਸ਼ਹਿਰ ਦੀਆਂ ਸਡ਼ਕਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਵੀ ਔਖਾ ਹੋ ਰਿਹਾ ਹੈ ਕਿ ਇਨ੍ਹਾਂ ਸਡ਼ਕਾਂ ’ਤੇ ਟੋਏ ਹਨ ਜਾਂ ਟੋਇਆਂ ’ਚ ਸਡ਼ਕਾਂ ਬਣੀਆਂ ਹੋਈਆਂ ਹਨ। ਸੱਤਾਧਾਰੀ ਲੋਕਾਂ ਦੇ ਵਿਕਾਸ ਸਬੰਧੀ ਦਾਅਵਿਆਂ ਨੂੰ ਬੇਬੁਨਿਆਦ ਸਿੱਧ ਕਰਦੀਆਂ ਸਥਾਨਕ ਸ਼ਹਿਰ ਦੀਆਂ ਅੱਤ ਖਸਤਾਹਾਲ ਬਹੁਤੀਆਂ ਮੇਨ ਸਡ਼ਕਾਂ ਤੋਂ ਲੰਘਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਮੀਂਹ ਦਾ ਮੌਸਮ ਹੋਣ ਕਰ ਕੇ ਇਨ੍ਹਾਂ ਸਡ਼ਕਾਂ ’ਤੇ ਅਕਸਰ ਹੀ ਪਾਣੀ ਖਡ਼੍ਹ ਜਾਂਦਾ ਹੈ। ਟੋਏ ਪਏ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਮੌਜੂਦਾ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਕਰ ਚੁੱਕੀ ਹੈ ਪਰ ਅਜੇ ਤੱਕ ਸ਼ਹਿਰ ਦੀਆਂ ਸਡ਼ਕਾਂ ਦੀ ਕੰਮ ਚਲਾਊ ਮੁਰੰਮਤ ਤੱਕ ਵੀ ਨਹੀਂ ਹੋਈ, ਨਵੀਆਂ ਸਡ਼ਕਾਂ ਬਣਨਾ ਤਾਂ ਦੂਰ ਦੀ ਗੱਲ ਹੈ। ਮਾਲੇਰਕੋਟਲਾ ਦੀ ਇਹ ਬਦ-ਕਿਸਮਤੀ ਹੀ ਰਹੀ ਹੈ ਕਿ ਇਸ ਹਲਕੇ ਤੋਂ ਜਿੱਤਿਆ ਤਕਰੀਬਨ ਹਰੇਕ ਵਿਧਾਇਕ ਮੰਤਰੀ ਮੰਡਲ ਦਾ ਹਿੱਸਾ ਬਣਨ ਦੇ ਬਾਵਜੂਦ ਆਪਣੇ ਇਸ ਹਲਕੇ ਦੀ ਤਰੱਕੀ ਲਈ ਸਰਕਾਰ ਪਾਸੋਂ ਕੋਈ ਵੱਡਾ ਪ੍ਰਾਜੈਕਟ ਨਹੀਂ ਲਿਆ ਸਕਿਆ। ਛੇ ਮਹੀਨਿਆਂ ਦੇ ਅੰਦਰ-ਅੰਦਰ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਅਤੇ ਹਲਕੇ ਅੰਦਰ ਮੈਡੀਕਲ ਕਾਲਜ ਸਥਾਪਤ ਕਰਵਾਉਣ ਵਰਗੇ ਵੱਡੇ-ਵੱਡੇ ਵਾਅਦੇ ਕਰ ਕੇ ਅਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ ਤੀਜੀ ਵਾਰ ਸੱਤਾ ਦਾ ਸੁੱਖ ਮਾਣਨ ਵਾਲੀ ਸਥਾਨਕ ਵਿਧਾਇਕਾ ਵੱਲੋਂ ਦੋ ਸਾਲਾਂ ਦੇ ਸਮੇਂ ਅੰਦਰ ਵੀ ਆਪਣੇ ਉਕਤ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਇਲਾਕਾ ਵਾਸੀਆਂ ਦੇ ਦਿਲਾਂ ’ਚ ਉਸ ਸਮੇਂ ਇਹ ਵੱਡੀ ਉਮੀਦ ਸੀ ਕਿ ਹੁਣ ਮਾਲੇਰਕੋਟਲੇ ਦੀਆਂ ਸਡ਼ਕਾਂ ਦੀ ਹਾਲਤ ਸੁਧਰੇਗੀ ਪਰ ਇਸ ਤੋਂ ਪਹਿਲਾਂ ਕਿ ਹਲਕਾ ਵਸਨੀਕਾਂ ਦੀਆਂ ਉਮੀਦਾਂ ਨੂੰ ਬੂਰ ਪੈਂਦਾ, ਉਸ ਸਮੇਂ ਇਲਾਕਾ ਵਾਸੀਆਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਇਲਾਕੇ ਦੀਆਂ ਸਡ਼ਕਾਂ ਦੀ ਹਾਲਤ ਸੁਧਰਨਾ ਤਾਂ ਦੂਰ ਸਡ਼ਕਾਂ ਦਾ ਮਹਿਕਮਾ ਵੀ ਸਥਾਨਕ ਵਿਧਾਇਕਾਂ ਹੱਥੋਂ ਖੁੱਸ ਗਿਆ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਸਥਾਨਕ ਨਗਰ ਕੌਂਸਲ ਨੇ 11 ਕਰੋਡ਼ ਰੁਪਏ ਤੋਂ ਵੀ ਵੱਧ ਦੀ ਲਾਗਤ ਨਾਲ ਸ਼ਹਿਰ ਦੀਆਂ ਸਡ਼ਕਾਂ ਨੂੰ ਨਵੀਂ ਦਿਸ਼ਾ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦਿਆਂ ਕੁਝ ਸਡ਼ਕਾਂ ਬਣਾਈਆਂ ਸਨ ਪਰ ਅਕਾਲੀ ਲੀਡਰਾਂ ਤੇ ਕੌਂਸਲ ਅਧਿਕਾਰੀਆਂ ਦੇ ਵਿਕਾਸਮਈ ਦਾਅਵੇ ਕੁਝ ਸਮੇਂ ਬਾਅਦ ਹੀ ਹਵਾ ’ਚ ਉੱਡਦੇ ਦਿਖਾਈ ਦਿੱਤੇ ਜਦੋਂ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਸ਼ਹਿਰ ਦੀਆਂ ਉਕਤ ਸਡ਼ਕਾਂ ਦੀ ਬੱਜਰੀ ਕੁਝ ਮਹੀਨਿਆਂ ’ਚ ਹੀ ਉੱਖੜ ਕੇ ਹਾਦਸਿਆਂ ਨੂੰ ਸੱਦਾ ਦੇਣ ਲੱਗ ਪਈ, ਜਿਸ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਨਗਰ ਕੌਂਸਲ ਵੱਲੋਂ ਸਰਕਾਰੀ ਕਾਗਜ਼ਾਂ ’ਚ ਖਰਚੀ ਗਈ 11 ਕਰੋਡ਼ ਰੁਪਏ ਤੋਂ ਵੀ ਵੱਧ ਦੀ ਰਾਸ਼ੀ ਦਾ ਵੱਡਾ ਹਿੱਸਾ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੀ ਕਥਿਤ ਕਮਿਸ਼ਨਖੋਰੀ ਦੇ ਭੇਟ ਹੀ ਚਡ਼੍ਹਿਆ ਹੈ। ਸਡ਼ਕਾਂ ਬਣਾਉਣ ਦੀ ਤਾਂ ਸਿਰਫ ਖਾਨਾ-ਪੂਰਤੀ ਹੀ ਕੀਤੀ ਗਈ ਹੈ। ਉਸ ਸਮੇਂ ਜਦੋਂ ਇਹ ਸਡ਼ਕਾਂ ਦਾ ਮਾਮਲਾ ਮੀਡੀਆ ’ਚ ਜ਼ੋਰ-ਸ਼ੋਰ ਨਾਲ ਉੱਠਣ ਲੱਗਾ ਸੀ ਤਾਂ ਨਗਰ ਕੌਂਸਲ ਅਧਿਕਾਰੀਆਂ ਨੇ ਇਹ ਕਹਿ ਕੇ ਆਪਣਾ ਪੱਲਾ ਝਾਡ਼ ਲਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਠੇਕੇਦਾਰ ਦੀ ਪੇਮੈਂਟ ਵੀ ਰੋਕ ਦਿੱਤੀ ਹੈ, ਜਦੋਂ ਤੱਕ ਸਬੰਧਤ ਠੇਕੇਦਾਰ ਉਕਤ ਟੁੱਟੀਆਂ ਸਡ਼ਕਾਂ ਨੂੰ ਦੁਬਾਰਾ ਨਹੀਂ ਬਣਾਉਂਦਾ ਉਦੋਂ ਤੱਕ ਉਕਤ ਠੇਕੇਦਾਰ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਪਰ ਕੁਝ ਸਮਾਂ ਬੀਤਣ ਉਪਰੰਤ ਇਸ ਮਾਮਲੇ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਗਿਆ ਸੀ ਜਦਕਿ ਉਕਤ ਠੇਕੇਦਾਰ ਵੱਲੋਂ ਅਜੇ ਤੱਕ ਕੋਈ ਵੀ ਟੁੱਟੀ ਸਡ਼ਕ ’ਤੇ ਮੁਡ਼ ਪ੍ਰੀਮਿਕਸ ਪਾ ਕੇ ਕਿਸੇ ਸਡ਼ਕ ਦੀ ਮੁਰੰਮਤ ਤੱਕ ਵੀ ਨਹੀਂ ਕੀਤੀ ਗਈ। ਅੱਜ ਸ਼ਹਿਰ ਦੀ ਕੋਈ ਵੀ ਅਜਿਹੀ ਸਡ਼ਕ ਨਹੀਂ ਹੈ ਜਿਸ ’ਤੇ ਥਾਂ-ਥਾਂ ਟੋਏ ਨਾ ਪਏ ਹੋਣ। ਸਥਾਨਕ ਕਾਲਜ ਰੋਡ, ਬਿਜਲੀ ਬੋਰਡ ਤੋਂ ਮਦੇਵੀ ਰੋਡ, ਕਲੱਬ ਚੌਕ, ਸਰਹੱਦੀ ਗੇਟ ਤੋਂ ਜਰਗ ਚੌਕ ਰੋਡ ਸਮੇਤ ਸ਼ਹਿਰ ਦੀਆਂ ਕਈ ਹੋਰ ਸਡ਼ਕਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਹੋ ਚੁੱਕੀ ਹੈ ਜੋ ਨਗਰ ਕੌਂਸਲ ਵੱਲੋਂ ਬਣਾਏ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ ਸਨ। ਸ਼ਹਿਰ ਦੀਆਂ ਟੁੱਟੀਆਂ ਸਡ਼ਕਾਂ ਤੋਂ ਦੁਖੀ ਤ੍ਰਾਹ-ਤ੍ਰਾਹ ਕਰਦੇ ਲੋਕਾਂ ਨੇ ਸਥਾਨਕ ਵਿਧਾਇਕਾ ਅਤੇ ਕੌਂਸਲਰਾਂ ’ਤੇ ਗੁੱਸਾ ਝਾਡ਼ਦਿਆਂ ਕਿਹਾ ਕਿ ਜਿੱਤਣ ਉਪਰੰਤ ਪੰਜ ਸਾਲ ਇਹ ਲੀਡਰ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਵੋਟਾਂ ਆਉਣ ’ਤੇ ਇਹ ਲੀਡਰ ਮੁਡ਼ ਲੋਕਾਂ ਦੀ ਕਚਹਿਰੀ ’ਚ ਆ ਕੇ ਪਤਾ ਨਹੀਂ ਕਿਹਡ਼ੇ ਮੂੰਹ ਨਾਲ ਵੱਡੇ-ਵੱਡੇ ਵਾਅਦੇ ਕਰਨ ਲੱਗ ਪੈਂਦੇ ਹਨ। ਸ਼ਹਿਰ ਵਾਸੀਆਂ ਨੇ ਸਡ਼ਕਾਂ ਦੀ ਹਾਲਤ ਸੁਧਾਰੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਜਦੋਂ ਇਕ ਵਾਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਕਰਨ ਲਈ ਮਾਲੇਰਕੋਟਲਾ ਆਉਣਾ ਸੀ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਸਾਰੀਆਂ ਸਡ਼ਕਾਂ ਜਿਨ੍ਹਾਂ ਤੋਂ ਬਾਦਲ ਸਾਹਿਬ ਨੇ ਲੰਘਣਾ ਸੀ, ਨੂੰ ਰਾਤੋਂ-ਰਾਤ ਬਣਾ ਦਿੱਤਾ ਸੀ। ਇਸ ਲਈ ਮਾਲੇਰਕੋਟਲਾ ਵਾਸੀਆਂ ਦੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁਰਜ਼ੋਰ ਮੰਗ ਹੈ ਕਿ ਕੈਪਟਨ ਸਾਹਿਬ! ਇਕ ਵਾਰ ਮਾਲੇਰਕੋਟਲਾ ਸ਼ਹਿਰ ’ਚ ਗੇਡ਼ਾ ਮਾਰ ਜਾਓ ਤਾਂ ਜੋ ਸ਼ਹਿਰ ਦੀਆਂ ਸਡ਼ਕਾਂ ਨੂੰ ਭਾਗ ਲੱਗ ਜਾਣ।
ਸਾਕਾਰਤਮਕ ਸੋਚ ਅਤੇ ਯੋਜਨਾਬੱਧ ਰਵੀਜਨ ਹੈ ਸਫਲਤਾ ਦਾ ਮੂਲ ਮੰਤਰ : ਮਿ. ਲਵਦੀਪ
NEXT STORY