ਸੰਗਰੂਰ (ਵਿਕਾਸ)- ਖੇਤੀਬਾਡ਼ੀ ਅਤੇ ਕਿਸਾਨ ਸਿਖਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾਡ਼ੀ ਅਫ਼ਸਰ ਸੰਗਰੂਰ ਦੀ ਯੋਗ ਅਗਵਾਈ ਹੇਠ ਇਥੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਡਾ. ਕੁਲਦੀਪ ਸਿੰਘ ਢਿੱਲੋਂ ਖੇਤੀਬਾਡ਼ੀ ਅਫ਼ਸਰ ਭਵਾਨੀਗਡ਼੍ਹ ਨੇ ਕਿਸਾਨਾਂ ਨੂੰ ਪ੍ਰਮਾਣਿਤ ਬੀਜ, ਲੋਡ਼ ਅਨੁਸਾਰ ਕੀਡ਼ੇਮਾਰ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਹਰੀ ਖਾਦ ਤਿਆਰ ਕਰਨ ਲਈ ਮੂੰਗੀ ਅਤੇ ਜੰਤਰ ਬੀਜ ਕੇ ਜ਼ਮੀਨ ਵਿਚ ਵਾਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਵਰਿੰਦਰ ਸਿੰਘ ਖੇਤੀਬਾਡ਼ੀ ਅਫ਼ਸਰ ਸੁਨਾਮ ਨੇ ਦਾਲਾਂ ਅਤੇ ਮੱਕੀ ਦੀ ਕਾਸ਼ਤ ਕਰਨ ਲਈ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਸਤਪਾਲ ਸਿੰਘ ਸਹਾਇਕ ਮਾਰਕੀਟਿੰਗ ਅਫਸਰ ਨੇ ਸਾਉਣੀ ਦੀਆਂ ਫਸਲਾਂ ਦੀਆਂ ਬੀਮਾਰੀਆਂ ਅਤੇ ਕੀਡ਼ੇ ਮਕੌਡ਼ਿਆਂ ਦੇ ਹਮਲੇ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ।ਇਸ ਮੌਕੇ ਡਾ. ਮਨਦੀਪ ਸਿੰਘ ਖੇਤੀਬਾਡ਼ੀ ਵਿਕਾਸ ਅਫ਼ਸਰ ਭਵਾਨੀਗਡ਼੍ਹ, ਇੰਜੀ. ਪ੍ਰੇਮ ਕੁਮਾਰ, ਡਾ. ਮਨਦੀਪ ਸਿੰਘ ਸੰਗਰੂਰ, ਡਾ. ਮਨਦੀਪ ਸਿੰਘ ਡੀ. ਪੀ. ਡੀ., ਡਾ. ਮਨਿੰਦਰਜੀਤ ਸਿੰਘ ਅਤੇ ਡਾ. ਜਸਮੀਨ ਸਿੰਘ ਵੱਲੋਂ ਵੀ ਕੈਂਪ ’ਚ ਆਏ ਕਿਸਾਨਾਂ ਨੂੰ ਖੇਤੀਬਾਡ਼ੀ ਸਬੰਧੀ ਜਾਣਕਾਰੀ ਦਿੱਤੀ ਗਈ। ਕੈਂਪ ’ਚ ਪ੍ਰਸ਼ੋਤਮ ਸਿੰਘ ਫੱਗੂਵਾਲਾ, ਗੁਰਦੇਵ ਸਿੰਘ ਘਰਾਚੋਂ, ਗੁਰਦੀਪ ਸਿੰਘ ਕਾਲਾਝਾਡ਼, ਟਹਿਲ ਸਿੰਘ ਥੰਮਣ ਸਿੰਘ ਵਾਲਾ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਭਾਗ ਲਿਆ।
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
NEXT STORY