ਸੰਗਰੂਰ (ਬੇਦੀ,ਯਾਦਵਿੰਦਰ, ਹਰਜਿੰਦਰ)-ਪੰਜਾਬ ਗਊਸ਼ਾਲਾ ਮਹਾਂਸੰਘ, ਸਾਇੰਟੈਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਵੱਲੋਂ ਸਵਾਮੀ ਅੰਮ੍ਰਿਤਾ ਅਨੰਦ ਗੌਵਰਧਨ ਵਾਲਿਆਂ ਦਾ ਗਊਸ਼ਾਲਾ ਚਲਾਉਣ ਵਾਲੇ ਪ੍ਰਬੰਧਕਾਂ ਤੇ ਸਮਾਜ ਸੇਵੀਆਂ ਜੋ ਪਰਾਲੀ ਹਰ ਹਾਲਤ ਵਿਚ ਸਾਡ਼ੇ ਜਾਣ ਦੇ ਵਿਰੁੱਧ ਹਨ, ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਗਊਸ਼ਾਲਾ ਸੰਘ ਦੇ ਚੇਅਰਮੈਨ ਰਮੇਸ਼ ਗੁਪਤਾ, ਸਕੱਤਰ ਵਕੀਲ ਚੰਦ ਗੋਇਲ ਅਤੇ ਸਾਇੰਟੈਫਿਕ ਅਵੇਅਰਨੈੱਸ ਫੋਰਮ ਵੱਲੋਂ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ, ਸਲਾਹਕਾਰ ਬਲਦੇਵ ਸਿੰਘ ਗੋਸਲ ਨੇ ਕਿਹਾ ਕਿ ਸਵਾਮੀ ਅੰਮ੍ਰਿਤਾ ਅਨੰਦ ਗੌਵਰਧਨ , ਜ਼ਿਲਾ ਮਥੁਰਾ ਵਿਖੇ 2006 ਤੋਂ ਪਰਾਲੀ ਨੂੰ ਸਾਰਾ ਸਾਲ ਗਊਸ਼ਾਲਾ ’ਚ ਗਾਵਾਂ ਲਈ ਚਾਰੇ ਦੇ ਤੌਰ ’ਤੇ ਵਰਤ ਕੇ ਸਾਡੇ ਲਈ ਰਾਹ ਵਿਖਾਵਾ ਬਣੇ ਹਨ। ਇਨ੍ਹਾਂ ਨੇ ਪੰਜਾਬ ’ਚ ਆ ਕੇ ਪਰਾਲੀ ਨੂੰ ਚਾਰੇ ਲਈ ਵਰਤਣ ਨਾਲ ਪ੍ਰਦੂਸ਼ਣ ਘਟਾਉਣ ’ਚ ਵੱਡਾ ਯੋਗਦਾਨ ਪਾਉਣ ਦਾ ਯਕੀਨ ਦੁਆਇਆ ਹੈ। ਸਵਾਮੀ ਅੰਮ੍ਰਿਤਾ ਅਨੰਦ ਨੇ ਕਿਹਾ ਕਿ ਉਨ੍ਹਾਂ ਨੇ ਗਊਆਂ ਨੂੰ ਖੇਤਾਂ ’ਚ ਪਰਾਲੀ ਖਾਂਦੇ ,ਰੱਜ ਕੇ ਉਥੇ ਹੀ ਬੈਠਦੇ ਤੇ ਵਧੀਆ ਸਿਹਤਮੰਦ ਦੇਖਿਆ ਤਾਂ ਪੂਰਾ ਢੀਠ ਬਣ ਕੇ ਇਕ ਗਊਸ਼ਾਲਾ ਵਿਚ ਪਰਾਲੀ ਨੂੰ ਹੀ ਚਾਰੇ ਦੇ ਤੌਰ ’ਤੇ ਵਰਤਣਾ ਸ਼ੁਰੂ ਕੀਤਾ। ਲੋਕਾਂ ਨੇ ਬਡ਼ਾ ਡਰਾਇਆ ਕਿ ਗਊਆਂ ਮਰ ਜਾਣਗੀਆਂ ,ਤੁਹਾਨੂੰ ਪਾਪ ਲੱਗੇਗਾ, ਤੁਹਾਡੇ ਪਲਾਸਟਿਕ ਦੇ ਨਾਂ ਗਲਣਯੋਗ ਕੀਡ਼ੇ ਪੈਣਗੇ। ਇਹ ਸਰਦੀਆਂ ’ਚ ਨਹੀਂ ਗਰਮੀਆਂ ’ਚ ਮਰ ਜਾਣਗੀਆਂ ਪਰ ਸਾਰੇ ਅਡ਼ਿੱਕੇ ਦੂਰ ਕਰਦਿਆਂ ਪ੍ਰਾਜੈਕਟ ਨੇ ਸਫਲਤਾ ਹਾਸਲ ਕੀਤੀ ਤਾਂ ਜ਼ਿਲਾ ਮਥੁਰਾ ਵਿਚ ਬਹੁਤ ਸਾਰੀਆਂ ਗਊਸ਼ਾਲਾ ’ਚ ਪਰਾਲੀ ਨੂੰ ਹੀ ਸਾਰਾ ਸਾਲ ਚਾਰੇ ਦੇ ਤੌਰ ’ਤੇ ਵਰਤਣਾ ਸ਼ੁਰੂ ਹੋਇਆ। ਪਹਿਲਾਂ ਹੱਥੀਂ ਕਟਵਾ ਕੇ ਢੋਂਹਦੇ ਸੀ, ਫਿਰ ਬੇਲਰ ਮਸ਼ੀਨਾਂ ਖਰੀਦ ਕੇ ਗੱਠਾਂ ਬਣਾ ਕੇ ਲੈ ਕੇ ਆਉਣੀਆਂ ਸ਼ੁਰੂ ਕੀਤੀਆਂ, ਫਿਰ ਅਗਲੇ ਪਡ਼ਾਅ ’ਚ ਹੁਣ ਅਸੀਂ 200 ਰੁਪਏ ਕੁਇੰਟਲ ਕਿਸਾਨਾਂ ਤੋਂ ਖਰੀਦਦੇ ਹਾਂ। ਸਵਾਮੀ ਜੀ ਨੇ ਕਿਹਾ ਕਿ ਦੁੱਧ ਦੀ ਕੁਆਲਿਟੀ ਵੀ ਵਧੀਆ ਬਣੀ ਤੇ ਵੱਡੇ ਪੱਧਰ ’ਤੇ ਗੋਬਰ ਦੀ ਪ੍ਰੋਡਕਸ਼ਨ ਹੋਈ ਜੋ ਮੁਡ਼ ਕਿਸਾਨਾਂ ਦੇ ਕੰਮ ਆਈ ਤੇ ਪ੍ਰਦੂਸ਼ਣ ਤੋਂ ਜੋ ਮੁਕਤੀ ਮਿਲੀ ਉਸਦੀ ਤਾਂ ਕੋਈ ਕੀਮਤ ਹੀ ਨਹੀਂ, ਸਵਾਮੀ ਜੀ ਨੇ ਕਿਹਾ ਕਿ ਜੋ ਪਰਾਲੀ ਗਊਸ਼ਾਲਾ ਤੋਂ ਬਚ ਜਾਏਗੀ, ਉਹ ਖਰੀਦ ਕੇ ਬਾਹਰਲੇ ਸੂਬਿਆਂ ਵਿਚ ਲੈ ਜਾਵਾਂਗੇ,ਕਿਸਾਨਾਂ ਦੀ ਆਮਦਨ ਵਧ ਜਾਵੇਗੀ। ਡਾ. ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ ਕੇ. ਵੀ. ਕੇ. ਖੇਡ਼ੀ ਨੇ ਕਿਹਾ ਕਿ ਪਹਿਲਾਂ ਸਾਡੇ ਕੋਲ ਇਕ ਹੀ ਹੱਲ ਸੀ ਕਿ ਹੈਪੀਸੀਡਰ, ਰੋਟਾਵੇਟਰ ਨਾਲ ਜ਼ਮੀਨ ਵਿਚ ਹੀ ਪਰਾਲੀ ਵਾਹ ਦਿੱਤੀ ਜਾਵੇ। ਹੁਣ ਇਹ ਨਵਾਂ ਹੱਲ ਸਵਾਮੀ ਜੀ ਨੇ ਦਿੱਤਾ ਹੈ ਕਿ ਪਰਾਲੀ ਦੀ ਟਰਾਲੀ ਭਰ ਕੇ ਚਾਰੇ ਦੇ ਤੌਰ ’ਤੇ ਕਿਸਾਨ ਗਊਸ਼ਾਲਾ ਦੇਣ ਤੇ ਗੋਬਰ ਦੀ ਟਰਾਲੀ ਲੈ ਜਾਣ ਅਤੇ ਜ਼ਿਲੇ ਵਿਚ ਉਦਮੀ ਕਿਸਾਨ ਇਸਨੂੰ ਬਿਜ਼ਨੈੱਸ ਵੀ ਬਣਾ ਸਕਦੇ ਹਨ, ਇਥੋਂ ਖਰੀਦ ਕੇ ਯੂ. ਪੀ., ਰਾਜਸਥਾਨ ਵੇਚਣ ’ਤੇ ਪਰਾਲੀ ਨੂੰ ਸਾੜਿਆ ਬਿਲਕੁਲ ਨਾ ਜਾਇਆ ਜਾਵੇ। ਕੈਲਾਸ਼ ਬਾਂਸਲ ਪ੍ਰਧਾਨ ਗਊਸ਼ਾਲਾ ਸੰਗਰੂਰ ਨੇ ਸਵਾਮੀ ਅੰਮ੍ਰਿਤਾ ਅਨੰਦ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਦਰਸ਼ਨ ਸਿੰਘ ਅਹਿਮਦਗਡ਼੍ਹ, ਸੰਜੈ ਕੁਮਾਰ ਪ੍ਰਧਾਨ ਗਊਸ਼ਾਲਾ ਧੂਰੀ, ਗੋਪਾਲ ਕ੍ਰਿਸ਼ਨ, ਇੰਜੀ. ਪ੍ਰਵੀਨ ਬਾਂਸਲ, ਓ. ਪੀ. ਅਰੋਡ਼ਾ, ਪਵਨ ਕੁਮਾਰ ਸਾਬਕਾ ਪ੍ਰਧਾਨ ਗਊਸ਼ਾਲਾ, ਹਰੀ ਕ੍ਰਿਸ਼ਨ, ਪ੍ਰੇਮ ਸਾਗਰ, ਕ੍ਰਿਸ਼ਨ ਕੁਮਾਰ ਸ਼ਾਮਲ ਹੋਏ।
ਵਿਦਿਆਰਥੀਆਂ ਦੀ ‘ਪਰਿਵਾਰ ਨਾਲ ਕੁਝ ਚੰਗੇ ਪਲ’ ਗਤੀਵਿਧੀ ਕਰਵਾਈ
NEXT STORY