ਜਲੰਧਰ (ਖੁਰਾਣਾ)– ਸ਼ਹਿਰ ਵਿਚ ਇਸ ਸਮੇਂ ਲੋਕ ਸਭਾ ਮੈਂਬਰ ਕਾਂਗਰਸ ਦਾ ਹੈ, ਚਾਰੋਂ ਵਿਧਾਇਕ ਵੀ ਕਾਂਗਰਸੀ ਹਨ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ’ਤੇ ਕਾਂਗਰਸੀ ਬਿਰਾਜਮਾਨ ਹਨ ਅਤੇ ਨਿਗਮ ਦੇ 80 ਵਿਚੋਂ 65 ਕੌਂਸਲਰ ਕਾਂਗਰਸ ਨਾਲ ਸਬੰਧਤ ਹਨ। ਇਸ ਦੇ ਬਾਵਜੂਦ ਜੇਕਰ ਇਹ ਸੁਣਨ ਵਿਚ ਆਵੇ ਕਿ ਨਿਗਮ ਦੀ ਅਫ਼ਸਰਸ਼ਾਹੀ ਕਾਂਗਰਸੀਆਂ ਦੀ ਗੱਲ ਨਹੀਂ ਸੁਣਦੀ ਤਾਂ ਇਹ ਵਾਕਈ ਹੈਰਾਨ ਕਰਨ ਵਾਲਾ ਹੈ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ 'ਚ ਛਾਂਟੀ ਕਰਨ ਦੀਆਂ ਖ਼ਬਰਾਂ ਲੀਕ ਹੋਣ ’ਤੇ ਕੁਝ ਮੰਤਰੀਆਂ ’ਚ ਆਇਆ ਉਬਾਲ
ਅਜਿਹਾ ਹੀ ਇਕ ਘਟਨਾਕ੍ਰਮ ਬੀਤੇ ਦਿਨੀਂ ਵੇਖਣ ਨੂੰ ਮਿਲਿਆ, ਜਦੋਂ ਕਾਂਗਰਸ ਦੇ 4 ਕੌਂਸਲਰਾਂ ਮਨਦੀਪ ਸਿੰਘ ਜੱਸਲ, ਸ਼ਮਸ਼ੇਰ ਸਿੰਘ ਖਹਿਰਾ, ਵਿਜੇ ਦਕੋਹਾ ਅਤੇ ਗੁਰਨਾਮ ਸਿੰਘ ਮੁਲਤਾਨੀ ਨੂੰ ਆਪਣੇ-ਆਪਣੇ ਵਾਰਡ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਲਈ ਚੰਡੀਗੜ੍ਹ ਜਾਣਾ ਪਿਆ। ਉਥੇ ਮੁੱਖ ਮੰਤਰੀ ਦੇ ਨਿਰਦੇਸ਼ ’ਤੇ ਪੰਜਾਬ ਕਾਂਗਰਸ ਭਵਨ ਵਿਚ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦੀ ਡਿਊਟੀ ਲੱਗੀ ਹੋਈ ਸੀ ਪਰ ਐਨ ਮੌਕੇ ’ਤੇ ਬ੍ਰਹਮ ਮਹਿੰਦਰਾ ਨੇ ਆਪਣੀ ਜਗ੍ਹਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਕੁਲਜਿੰਦਰ ਨਾਗਰਾ ਨੂੰ ਉਥੇ ਬਿਠਾ ਦਿੱਤਾ, ਜਿਸ ਕਾਰਨ ਇਹ ਚਾਰੋਂ ਕਾਂਗਰਸੀ ਕੌਂਸਲਰ ਇਨ੍ਹਾਂ ਦੋਵਾਂ ਨੂੰ ਮਿਲੇ।
ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਚਾਰਾਂ ਕਾਂਗਰਸੀ ਕੌਂਸਲਰਾਂ ਨੇ ਮੰਤਰੀ ਆਸ਼ੂ ਨਾਲ ਜਿੱਥੇ ਸਮਾਰਟ ਰਾਸ਼ਨ ਕਾਰਡ ਦੀ ਪ੍ਰਕਿਰਿਆ ਵਿਚ ਆ ਰਹੀਆਂ ਕੁਝ ਮੁਸ਼ਕਿਲਾਂ ਬਾਰੇ ਚਰਚਾ ਕੀਤੀ, ਉਥੇ ਹੀ ਕੁਲਜਿੰਦਰ ਨਾਗਰਾ ਨਾਲ ਇਨ੍ਹਾਂ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡ ਦੀ ਸੀਵਰ ਸਮੱਸਿਆ ਅਤੇ ਗੰਦੇ ਪਾਣੀ ਦੀ ਸਪਲਾਈ ਅਤੇ ਸਫ਼ਾਈ ਸਿਸਟਮ ਦੇ ਬੁਰੇ ਹਾਲਾਤ ਬਾਰੇ ਸ਼ਿਕਾਇਤ ਲਾਈ। ਪਤਾ ਲੱਗਾ ਹੈ ਕਿ ਮੰਤਰੀ ਆਸ਼ੂ ਅਤੇ ਕੁਲਜਿੰਦਰ ਨਾਗਰਾ ਨੇ ਇਨ੍ਹਾਂ ਚਾਰਾਂ ਕਾਂਗਰਸੀ ਕੌਂਸਲਰਾਂ ਦੀਆਂ ਸ਼ਿਕਾਇਤਾਂ ਬਾਰੇ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਨਿਗਮ ਦੀ ਅਫ਼ਸਰਸ਼ਾਹੀ ਨੇ ਇਨ੍ਹਾਂ ਚਾਰਾਂ ਕਾਂਗਰਸੀ ਆਗੂਆਂ ਨੂੰ ਨਿਗਮ ਬੁਲਾਇਆ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕਮਿਸ਼ਨਰ ਕਰਣੇਸ਼ ਸ਼ਰਮਾ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਅਨੀਤਾ ਦਰਸ਼ੀ, ਜੁਆਇੰਟ ਕਮਿਸ਼ਨਰ ਅਮਿਤ ਸਰੀਨ, ਦੋਵੇਂ ਐੱਸ. ਈ. ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ: ਜੇਕਰ ਤੁਸੀਂ ਵੀ ਕਰਨਾ ਹੈ ਅੱਜ ਬੱਸ 'ਚ ਸਫ਼ਰ ਤਾਂ ਹੋ ਜਾਓ ਸਾਵਧਾਨ, ਪਹਿਲਾਂ ਪੜ੍ਹੋ ਇਹ ਖ਼ਬਰ
ਹੈਰਾਨੀਜਨਕ ਗੱਲ ਇਹ ਵੀ ਰਹੀ ਕਿ ਚਾਰਾਂ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਪਿਛਲੇ ਕਈ ਮਹੀਨਿਆਂ ਤੋਂ ਹੱਲ ਨਹੀਂ ਹੋ ਪਾ ਰਹੀਆਂ ਸਨ, ਉਨ੍ਹਾਂ ਨੂੰ ਨਿਗਮ ਅਧਿਕਾਰੀਆਂ ਨੇ ਕੁਝ ਘੰਟਿਆਂ ਵਿਚ ਠੀਕ ਵੀ ਕਰਵਾ ਦਿੱਤਾ। ਇਸ ਘਟਨਾਕ੍ਰਮ ਨੇ ਜਿੱਥੇ ਜਲੰਧਰ ਦੀ ਕਾਂਗਰਸ ਲੀਡਰਸ਼ਿਪ ਦੀ ਕਮਜ਼ੋਰੀ ਸਾਬਿਤ ਕਰ ਦਿੱਤੀ ਹੈ, ਉਥੇ ਹੀ ਦੂਜੇ ਕੌਂਸਲਰਾਂ ਨੂੰ ਵੀ ਨਵੀਂ ਰਾਹ ਵਿਖਾ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਾਂ ਵੱਲੋਂ ਚਿੱਟਾ ਖਰੀਦਣ ਲਈ ਪੈਸੇ ਨਾ ਦੇਣ ’ਤੇ ਪੁੱਤ ਨੇ ਲਿਆ ਫਾਹਾ
NEXT STORY