ਸੁਲਤਾਨਪੁਰ ਲੋਧੀ/ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) - ਸਰਦ ਰੁੱਤ ਦੇ ਚਲ ਰਹੇ ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਮਾਮਲਾ ਚੁੱਕਿਆ। ਉਨ੍ਹਾਂ ਸਦਨ ਵਿਚ ਇਕ ਰਿਪੋਰਟ ਦਾ ਹਵਾਲਾ ਦਿੰਦਿਆ ਦੱਸਿਆ ਕਿ 2017 ਤੋਂ 2021 ਤੱਕ ਲਗਭਗ 53000 ਕਿਸਾਨਾਂ ਅਤੇ ਮਜ਼ਦੂਰਾਂ ਨੇ ਖ਼ੁਦਕਸ਼ੀਆਂ ਕੀਤੀਆਂ ਹਨ, ਕਿਉਂਕਿ ਉਨ੍ਹਾਂ ਨੂੰ ਫ਼ਸਲਾਂ ਦੀ ਸਹੀ ਕੀਮਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਦੀ ਹਾਲਤ ਬਹੁਤ ਤਰਸਯੋਗ ਹੈ, ਜਿਹੜੇ ਕਿਸਾਨ ਅੱਜ ਤੱਕ ਸਾਰੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਆ ਰਹੇ ਹਨ ਅੱਜ ਉਹ ਆਪ ਭੁੱਖੇ ਸੌਂ ਰਹੇ ਹਨ। ਇਹ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਅਜੇ ਤੱਕ ਕਿਸਾਨਾਂ ਨੂੰ ਹਰ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ) ਵੀ ਨਹੀਂ ਮਿਲ ਰਿਹਾ ਹੈ। ਅਜਿਹੇ ਹਾਲਾਤ ਵਿੱਚ ਦੇਸ਼ ਦੇ ਅੰਨਦਾਤੇ ਨੂੰ ਆਪਣੀਆਂ ਫ਼ਸਲਾਂ ਦਾ ਸਹੀ ਮੁੱਲ ਕਦੋਂ ਮਿਲੇਗਾ ਅਤੇ ਕਦੋਂ ਖੇਤੀ ਲਾਹੇਵੰਦ ਕਿੱਤਾ ਬਣੇਗੀ? ਸੰਤ ਸੀਚੇਵਾਲ ਨੇ ਕਿਹਾ ਕਿ ਇਹ ਉਹ ਵੱਡੇ ਸਵਾਲ ਹਨ ਜੋ ਅੱਜ ਖੇਤੀ ਖੇਤਰ ਅੱਗੇ ਖੜ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਿਸਾਨੀ ਨੂੰ ਕੱਢਣ ਲਈ ਕਾਰਪੋਰੇਟਾਂ ਦੀ ਤਰਜ਼ 'ਤੇ ਕਿਸਾਨੀ ਦੇ ਕਰਜ਼ਿਆਂ ‘ਤੇ ਵੀ ਲੀਕ ਫੇਰੀ ਜਾਵੇ।
ਇਹ ਵੀ ਪੜ੍ਹੋ :ਜਲੰਧਰ: 72ਵੀਂ ਕੋਸ਼ਿਸ਼ 'ਚ ਰੇਲਵੇ ਦਾ ਗੇਟਮੈਨ ਬਣਿਆ ਰਾਜ, ਹੁਣ ਨੌਜਵਾਨਾਂ ਨੂੰ ਬਣਾ ਰਿਹੈ ਅਗਨੀਵੀਰ
ਸੰਤ ਸੀਚੇਵਾਲ ਨੇ 2021 ਦੌਰਾਨ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦਾ ਜ਼ਿਕਰ ਕਰਦਿਆ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਜੋ ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਸਨ, ਉਨ੍ਹਾਂ ਨੂੰ ਵੀ ਅਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਉਹ ਸਾਰੀਆਂ ਮੰਗਾਂ ਪੂਰੀਆ ਕੀਤੀਆਂ ਜਾਣ। ਪੰਜਾਬ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਜੋ ਦੇਸ਼ ਦਾ ਅੰਨ ਭੰਡਾਰ ਹੈ ਉਹ ਹਰ ਸਾਲ ਲਗਭਗ ਦੇਸ਼ ਦੇ ਅਨਾਜ ਭੰਡਾਰ ਵਿੱਚ 40 ਫ਼ੀਸਦੀ ਯੋਗਦਾਨ ਪਾ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਕੋਲ ਖੇਤੀ ਯੋਗ ਰਕਬਾ ਸਿਰਫ਼ 1.5 ਫ਼ੀਸਦੀ ਹੈ ਪਰ ਦੇਸ਼ ਵਿੱਚ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਾ ਕੁੱਲ 9 ਫ਼ੀਸਦੀ ਹਿੱਸਾ ਸਿਰਫ਼ ਪੰਜਾਬ ਹੀ ਵਰਤ ਰਿਹਾ। ਜਿਸ ਨਾਲ ਸਾਡੀ ਹਵਾ, ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਕੁਦਰਤੀ ਖੇਤੀ ਵੱਲ ਮੁੜਿਆ ਜਾਵੇ ਅਤੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਜਾਵੇ।
ਇਸ ਵਾਸਤੇ ਕੇਂਦਰ ਸਰਕਾਰ ਠੋਸ ਨੀਤੀ ਲੈ ਕੇ ਆਵੇ। ਮੁਲਕ ਵਿਚ ਜਦੋਂ ਵੀ ਖੇਤੀਬਾੜੀ ਖੇਤਰ ‘ਤੇ ਕੁਦਰਤੀ ਆਫ਼ਤਾਂ ਦੀ ਮਾਰ ਪੈਂਦੀ ਹੈ ਤਾਂ ਉਸ ਸਮੇਂ ਵੀ ਮੁਲਕ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਪੰਜਾਬ ਦਾ ਯੋਗਦਾਨ ਸਭ ਤੋਂ ਵਧ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰੇ। ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹ, ਸੋਕੇ ਜਾਂ ਹੋਰ ਕੁਦਰਤੀ ਆਫਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਡੂੰਘੇ ਕਰਜ਼ੇ ਦੇ ਜਾਲ ਵਿੱਚ ਫਸੀ ਕਿਸਾਨੀ ਨੂੰ ਕੱਢਣ ਲਈ ਕਾਰਪੋਰੇਟਾਂ ਦੀ ਤਰਜ਼ ਤੇ ਕਿਸਾਨੀ ਦੇ ਕਰਜ਼ਿਆਂ ‘ਤੇ ਵੀ ਲੀਕ ਫੇਰੀ ਜਾਵੇ ਤਾਂ ਜੋ ਸਾਡੇ ਦੇਸ਼ ਦਾ ਅੰਨਦਾਤਾ ਰਾਤ ਨੂੰ ਢਿੱਡ ਭਰ ਕੇ ਚੈਨ ਦੀ ਨੀਂਦ ਸੌਂ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਕਰੀਬ 18 ਲੱਖ ਰੁਪਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਲੰਧਰ: 72ਵੀਂ ਕੋਸ਼ਿਸ਼ 'ਚ ਰੇਲਵੇ ਦਾ ਗੇਟਮੈਨ ਬਣਿਆ ਰਾਜ, ਹੁਣ ਨੌਜਵਾਨਾਂ ਨੂੰ ਬਣਾ ਰਿਹੈ ਅਗਨੀਵੀਰ
NEXT STORY