ਗੋਨਿਆਣਾ( ਗੋਰੇਲਾਲ)-ਗੋਨਿਆਣਾ ਨਗਰ ਕੌਂਸਲ ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਵੱਲੋਂ ਆਪਣੀ ਧੋਂਸ ’ਤੇ ਬੇ-ਨਿਯਮੀਆਂ ਅਤੇ ਘਪਲਿਆਂ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਾਹੇ ਇਹ ਘਪਲਾ ਕੰਡੀਸ਼ਨਾਂ ਤੋਂ ਵੱਧ ਰੇਟ ’ਤੇ ਟਰੈਕਟਰ ਖਰੀਦਣ, ਬਿਜਲੀ ਦੀਆਂ ਤਾਰਾਂ ਦੇ ਬੰਡਲ ਚੋਰੀ ਕਰਨ, ਸਰਕਾਰੀ ਮਸ਼ੀਨਰੀ ਦੀ ਨਾਜਾਇਜ਼ ਵਰਤੋਂ ਜਾਂ ਮਾਮਲਾ ਜਾਅਲੀ ਕੰਡੀਸ਼ਨਾਂ ਦਾ ਹੋਵੇ। ਨਗਰ ਕੌਂਸਲ ਗੋਨਿਆਣਾ ਦਾ ਪ੍ਰਧਾਨ ਘਪਲੇ ’ਤੇ ਘਪਲਾ ਹੋਣ ਕਾਰਨ ਮੀਡੀਆ ਦੀਆਂ ਸੁਰਖੀਆਂ ’ਚ ਆ ਰਿਹਾ ਹੈ ਕਿਉਂਕਿ ਆਪਣੇ ਆਪ ਨੂੰ ਈਮਾਨਦਾਰ ਕਹਾਉਣ ਵਾਲੇ ਪ੍ਰਧਾਨ ਦੇ ਚਿਹਰੇ ਤੋਂ ਈਮਾਨਦਾਰੀ ਦਾ ਨਕਾਬ ਉੱਤਰਦਾ ਨਜ਼ਰ ਆ ਰਿਹਾ ਹੈ।
ਘਪਲਾ ਮਹਿਲਾ ਕੌਂਸਲਰਾਂ ਨੇ ਕੀਤਾ ਉਜਾਗਰ
ਅੱਜ ਫਿਰ ਇਕ ਹੋਰ ਘਪਲਾ ਨਗਰ ਕੌਂਸਲ ਦੀਆਂ ਮਹਿਲਾ ਕੌਸਲਰਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਉਜਾਗਰ ਕਰ ਦਿੱਤਾ ਹੈ। ਮੌਜੂਦਾ ਮਹਿਲਾ ਕੌਂਸਲਰਾਂ ਤ੍ਰਿਪਤਾ ਦੇਵੀ, ਮਨਿਕਾ ਰਾਣੀ ਅਤੇ ਕਮਲਾ ਦੇਵੀ ਨੇ ਕਿਹਾ ਕਿ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਅਰੋਡ਼ਾ ਆਪਣੀ ਕੁਰਸੀ ਦੀ ਇੰਨੀ-ਕੁ ਜ਼ਿਆਦਾ ਨਾਜਾਇਜ਼ ਵਰਤੋਂ ਕਰਦਾ ਹੈ ਕਿ ਜਿਸ ਬਾਰੇ ਦੱਸਣਾ ਵੀ ਮੁਸ਼ਕਲ ਜਾਪਦਾ ਹੈ। ਉਨ੍ਹਾਂ ਕਿਹਾ ਕਿ ਉਕਤ ਪ੍ਰਧਾਨ ਵੱਲੋਂ ਕੌਂਸਲ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਛਿੱਕੇ ਟੰਗ ਕੇ ਆਪਣੇ ਮੁਲਾਜ਼ਮਾਂ ਅਤੇ ਕੁਝ ਪ੍ਰਾਈਵੇਟ ਦੁਕਾਨਦਾਰਾਂ ਨਾਲ ਮਿਲ ਕੇ ਲੱਖਾਂ ਰੁਪਏ ਹੱਡ਼ਪ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੌਂਸਲ ਦੇ ਰੂਲ ਅਤੇ ਰੈਗੂਲੇਸ਼ਨ ਮੁਤਾਬਕ ਕੌਂਸਲ ਵੱਲੋਂ ਕੋਈ ਵੀ ਸਾਮਾਨ ਖਰੀਦਣਾ ਹੋਵੇ ਤਾਂ ਕੌਂਸਲ ਵੱਲੋਂ ਹਾਊਸ ’ਚ ਮਤਾ ਪਾ ਕੇ ਪਾਸ ਹੋਣ ਤੋਂ ਬਾਅਦ ਟੈਂਡਰ ਲਾ ਖਰੀਦਣਾ ਹੁੰਦਾ ਹੈ ਪਰ ਉਕਤ ਪ੍ਰਧਾਨ ਵੱਲੋਂ ਪ੍ਰਧਾਨਗੀ ਦੀ ਕੁਰਸੀ ਦੀ ਦੂਰਵਰਤੋਂ ਕਰਦਿਅਾਂ ਬਿਨਾਂ ਮਤਾ ਪਾਸ ਕੀਤੇ ਅਤੇ ਟੈਂਡਰ ਲਾਏ ਕੁਝ ਪ੍ਰਾਈਵੇਟ ਦੁਕਾਨਦਾਰਾਂ ਨਾਲ ਮਿਲ ਕੇ ਲੱਖਾਂ ਰੁਪਏ ਦਾ ਸਾਮਾਨ ਖਰੀਦ ਕੇ ਘਪਲਾ ਕੀਤਾ ਜਾ ਰਿਹਾ ਹੈ। ਉਕਤ ਕੌਂਸਲਰਾਂ ਨੇ ਅੱਗੇ ਕਿਹਾ ਕਿ ਕੁਝ ਸਮਾਂ ਪਹਿਲਾਂ ਪ੍ਰਧਾਨ ਪ੍ਰੇਮ ਕੁਮਾਰ ਨੇ ਆਪਣੇ ਪ੍ਰਾਈਵੇਟ ਮੁਲਾਜ਼ਮ ਰਾਹੀਂ ਨਗਰ ਕੌਂਸਲ ਬੰਦ ਹੋਣ ਤੋਂ ਬਾਅਦ ਆਪਣੀ ਨਿੱਜੀ ਵਰਤੋਂ ਲਈ ਨਗਰ ਕੌਂਸਲ ਦਫਤਰ ’ਚੋਂ 8-10 ਬੰਡਲ ਬਿਜਲੀ ਦੀਆਂ ਤਾਰਾਂ ਦੇ ਬਿਨਾਂ ਕਿਸੇ ਮਨਜ਼ੂਰੀ ਤੋਂ ਮੰਗਵਾਏ ਸਨ, ਜੋ ਬਾਅਦ ’ਚ ਵਾਪਸ ਨਹੀਂ ਮੋਡ਼ੇ, ਜਿਸ ਦੀ ਕੀਮਤ 25 ਹਜ਼ਾਰ ਤੋਂ ਵਧ ਸੀ। ਉਨ੍ਹਾਂ ਅੱਗੇ ਕਿਹਾ ਕਿ ਨਗਰ ਕੌਂਸਲ ਦੇ ਰੈਗੂਲੇਸ਼ਨ ਮੁਤਾਬਕ ਅੈਮਰਜੈਂਸੀ ਦੌਰਾਨ 3 ਹਜ਼ਾਰ ਰੁਪਏ ਹੀ ਐਡਵਾਂਸ ਕਢਵਾਏ ਜਾ ਸਕਦੇ ਹਨ ਪਰ ਉਕਤ ਪ੍ਰਧਾਨ ਨੇ ਮੁਲਾਜ਼ਮਾਂ ਨਾਲ ਮਿਲ ਕੇ ਮੋਟੇ-ਮੋਟੇ ਚੈੱਕਾਂ ਰਾਹੀਂ ਲੱਖਾਂ ਰੁਪਏ ਐਡਵਾਂਸ ’ਚ ਕਢਵਾ ਕੇ ਅਤੇ ਜਾਅਲੀ ਬਿੱਲ ਪਾ ਕੇ ਹਜ਼ਮ ਕਰ ਲਏ ਹਨ।
ਸੀ. ਬੀ. ਅਾਈ. ਜਾਂਚ ਦੀ ਮੰਗ
ਕੌਂਸਲਰਾਂ ਨੇ ਅੱਗੇ ਕਿਹਾ ਕਿ ਹੋਰ ਤਾਂ ਹੋਰ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਪ੍ਰਧਾਨ ਦੀ ਸ਼ਹਿ ’ਤੇ ਐਡਵਾਂਸ ਰਜਿਸਟਰ ’ਚ ਪਿਛਲੇ 2 ਸਾਲਾਂ ਦੌਰਾਨ ਕੋਈ ਵੀ ਐਂਟਰੀ ਦਰਜ ਨਹੀਂ ਕੀਤੀ ਅਤੇ ਨਾ ਹੀ ਚੱਲ ਰਹੇ ਸਾਲ ਦਾ ਕੋਈ ਸਟਾਕ ਰਜਿਸਟਰ ਲਾਇਆ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਨਗਰ ਕੌਂਸਲ ’ਚ ਰੋਜ਼ਾਨਾ ਹੀ ਲੱਖਾਂ ਰੁਪਏ ਦਾ ਘਪਲਾ ਹੋ ਰਿਹਾ ਹੈ। ਉਕਤ ਕੌਂਸਲਰਾਂ ਨੇ ਵੱਖ-ਵੱਖ ਉੱਚ ਅਧਿਕਾਰੀਆਂ, ਜਿਨ੍ਹਾਂ ’ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਸੂਬਾ ਸਰਕਾਰ, ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ, ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਬਠਿੰਡਾ, ਡਿਪਟੀ ਕਮਿਸ਼ਨਰ ਬਠਿੰਡਾ, ਐੱਸ. ਐੱਸ. ਪੀ. ਬਠਿੰਡਾ, ਪ੍ਰੀਤਮ ਸਿੰਘ ਕੋਟਭਾਈ ਹਲਕਾ ਵਿਧਾਇਕ ਆਦਿ ਨੂੰ ਦਰਖਾਸਤ ਭੇਜ ਕੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਗੋਨਿਆਣਾ ’ਚ ਹੋ ਰਹੇ ਘਪਲਿਆਂ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਦਾ ਖੂਨ-ਪਸੀਨੇ ਦਾ ਪੈਸਾ ਲੁੱਟਣ ਤੋਂ ਬਚਾਇਆ ਜਾ ਸਕੇ।
ਵਿਵਾਦਾਂ ’ਚ ਘਿਰੇ ਪ੍ਰਧਾਨ ਨੇ ਨਹੀਂ ਚੁੱਕਿਆ ਫੋਨ
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਕੁਮਾਰ ਨਾਲ ਸੰਪਰਕ ਕਰਨ ਲਈ ਕਈ ਵਾਰੀ ਫੋਨ ਕੀਤਾ ਤਾਂ ਉਨ੍ਹਾਂ ਨੇ ਆਪਣਾ ਫੋਨ ਚੁੱਕਣਾ ਹੀ ਮੁਨਾਸਿਬ ਨਾ ਸਮਝਿਆ।
ਕੀ ਕਹਿੰਦੇ ਹਨ ਕਾਰਜਸਾਧਕ ਅਫਸਰ
ਇਸ ਸਬੰਧੀ ਗੋਨਿਆਣਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਿਪਨ ਸਿੰਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫਤੇ ਹੀ ਆਪਣਾ ਚਾਰਜ ਸੰਭਾਲਿਆ ਹੈ, ਜੇਕਰ ਕੌਂਸਲ ਮੁਲਾਜ਼ਮਾਂ ਦੀ ਸਟਾਕ ਰਜਿਸਟਰ ਅਤੇ ਐਡਵਾਂਸ ਰਜਿਸਟਰ ’ਚ ਕੋਈ ਵੀ ਕਮੀ ਪਾਈ ਜਾਂਦੀ ਹੈ ਤਾਂ ਉਸ ਮੁਲਾਜ਼ਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਅਤੇ ਬਾਕੀ ਮਾਮਲਿਆਂ ਬਾਰੇ ਵੀ ਜਾਂਚ ਕੀਤੀ ਜਾਵੇਗੀ।
ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ
NEXT STORY