ਗੁਰਦਾਸਪੁਰ, (ਦੀਪਕ, ਵਿਨੋਦ)- ਵੀ. ਕੇ. ਸਿੰਘ ਮੁੱਖ ਚੋਣ ਅਫਸਰ ਪੰਜਾਬ, ਵੀ. ਕੇ. ਭਾਵਰਾ ਡਾਇਰੈਕਟਰ ਜਨਰਲ ਆਫ ਪੁਲਸ-ਕਮ-ਨੋਡਲ ਅਫਸਰ ਚੋਣ ਸੈੱਲ ਤੇ ਮਨਜੀਤ ਸਿੰਘ ਨਾਰੰਗ ਵਧੀਕ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਖੀਰਲੇ 72 ਤੇ 48 ਘੰਟਿਆਂ ਦੀ ਰਣਨੀਤੀ ਉਲੀਕਦਿਆਂ ਸਮੂਹ ਚੋਣ ਅਧਿਕਾਰੀਆਂ ਤੇ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ ਤੇ ਰਾਜਨੀਤਕ ਪਾਰਟੀਆਂ ਪਾਸੋਂ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਅਤੇ ਚੋਣ ਅਧਿਕਾਰੀਆਂ ਕੋਲੋਂ ਚੋਣ ਸਬੰਧੀ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਖਰਚਾ ਅਬਜ਼ਰਵਰ ਨਰਿੰਦਰ ਸਿੰਘ, ਗੁਰਲਵਲੀਨ ਸਿੰਘ ਸਿੱਧੂ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ, ਹਰਚਰਨ ਸਿੰਘ ਭੁੱਲਰ ਐੱਸ. ਐੱਸ. ਪੀ. ਗੁਰਦਾਸਪੁਰ, ਉਪਿੰਦਰਜੀਤ ਸਿੰਘ ਘੁੰਮਣ ਐੱਸ. ਐੱਸ. ਪੀ. ਬਟਾਲਾ, ਵਿਵੇਕ ਐੱਸ. ਸੋਨੀ ਐੱਸ. ਐੱਸ. ਪੀ. ਪਠਾਨਕੋਟ, ਗੁਰਮੀਤ ਸਿੰਘ ਮੁਲਤਾਨੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫਸਰ ਐੱਮ. ਸੀ. ਤੇ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਵੀ ਮੌਜੂਦ ਸਨ।
ਵੀ. ਕੇ ਸਿੰਘ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਅਖੀਰਲੇ 48 ਘੰਟਿਆਂ ਦੌਰਾਨ ਜ਼ਿਲੇ ਵਿਚ ਮਾਹੌਲ ਇਸ ਤਰ੍ਹਾਂ ਦਾ ਹੋਵੇ ਕਿ ਸਮੁੱਚੀਆਂ ਹੱਦਾਂ ਸੀਲ ਕਰ ਦਿੱਤੀਆਂ ਜਾਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜ਼ਿਲੇ ਦੇ ਸ਼ਾਂਤ ਮਾਹੌਲ ਨੂੰ ਖਰਾਬ ਨਾ ਕਰ ਸਕੇ। ਇਸ ਤੋਂ ਇਲਾਵਾ ਨਸ਼ੇ, ਪੈਸੇ ਅਤੇ ਹਰ ਤਰ੍ਹਾਂ ਦੇ ਲੋਭ-ਲਾਲਚ, ਜਿਨ੍ਹਾਂ ਦੀ ਵਰਤੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹੋ ਸਕਦੀ ਹੈ 'ਤੇ ਸਖਤ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲੇ ਦੇ 1781 ਪੋਲਿੰਗ ਬੂਥਾਂ 'ਤੇ ਸੁਤੰਤਰ ਤੇ ਨਿਰਪੱਖ ਚੋਣ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ 9 ਅਕਤੂਬਰ ਦੀ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੁੰਦਿਆਂ ਹੀ ਜ਼ਿਲੇ ਵਿਚ ਉਮੀਦਵਾਰਾਂ ਦੀ ਹਮਾਇਤ 'ਤੇ ਆਏ ਬਾਹਰੀ ਹਮਾਇਤੀਆਂ ਨੂੰ ਜ਼ਿਲੇ ਤੋਂ ਬਾਹਰ ਜਾਣਾ ਪਵੇਗਾ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਨ੍ਹਾਂ 48 ਘੰਟਿਆਂ 'ਚ, ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ, ਪੈਨਲ ਚਰਚਾ ਕਰਨ ਜਾਂ ਓਪੀਨੀਅਨ ਪੋਲ ਕਰਨ 'ਤੇ ਵੀ ਮੁਕੰਮਲ ਪਾਬੰਦੀ ਹੋਵੇਗੀ ਅਤੇ ਇਸ 'ਤੇ ਨਿਗ੍ਹਾ ਰੱਖਣ ਲਈ 'ਇਲੈਕਸ਼ਨ ਮੀਡੀਆ ਮੋਨੀਟਰਿੰਗ ਸੈੱਲ' 24 ਘੰਟੇ ਕਾਰਜਸ਼ੀਲ ਹੋ ਜਾਵੇਗਾ। ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਪ੍ਰਿੰਟ ਮੀਡੀਆਂ ਵਿਚ ਕਿਸੇ ਵੀ ਤਰ੍ਹਾਂ ਦਾ ਇਸ਼ਤਿਹਾਰ ਦੇਣ ਲਈ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਅਤੇ ਇਲੈਕਟ੍ਰਾਨਿਕ ਮੀਡੀਆਂ ਵਿਚ ਵੀ ਅਗਾÀੂਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਮਤਦਾਨ ਅਮਲ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 (ਸੀ) ਅਨੁਸਾਰ ਚੋਣਾਂ ਦੌਰਾਨ ਪੋਲਿੰਗ ਏਰੀਆ ਵਿਚ ਚੋਣਾਂ ਦੇ ਖਤਮ ਹੋਣ ਦੇ ਸਮੇਂ ਤੋਂ 48 ਘੰਟੇ ਪਹਿਲਾਂ ਭਾਵ ਮਿਤੀ 9 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਮਿਤੀ 11 ਅਕਤੂਬਰ ਦੀ ਸ਼ਾਮ 5 ਵਜੇ ਤੱਕ ਵੋਟਿੰਗ ਖਤਮ ਹੋਣ ਤੱਕ ਅਤੇ ਮਿਤੀ 15 ਅਕਤੂਬਰ ਨੂੰ ਗਿਣਤੀ ਵਾਲੇ ਦਿਨ ਜ਼ਿਲੇ 'ਚ ਡਰਾਈ-ਡੇ ਘੋਸ਼ਿਤ ਕੀਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਅਨੁਸਾਰ ਡਰਾਈ-ਡੇ ਸਬੰਧੀ ਆਬਕਾਰੀ ਐਕਟ 1914 ਦੀ ਧਾਰਾ 34 ਅਧੀਨ ਜ਼ਿਲੇ ਦੀ ਹਦੂਦ ਅੰਦਰ ਹੋਟਲਾਂ, ਕਲੱਬਾਂ, ਮੈਰਿਜ ਪੈਲੇਸਾਂ, ਢਾਬਿਆਂ, ਸ਼ਰਾਬ ਦੇ ਅਹਾਤਿਆਂ ਆਦਿ ਵਿਚ ਸ਼ਰਾਬ ਵਰਤਾਉਣ, ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੇ ਸ਼ਰਾਬ ਵੇਚਣ 'ਤੇ ਮੁਕੰਮਲ ਪਾਬੰਦੀ ਰਹੇਗੀ।
ਇਸ ਮੌਕੇ ਵੀ. ਕੇ. ਭਾਵਰਾ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਾਕਿਆਂ 'ਤੇ ਪੂਰੀ ਮੁਸ਼ਤੈਦੀ ਨਾਲ ਡਿਊਟੀ ਕਰਨ। ਚੋਣ ਪ੍ਰਕਿਰਿਆ ਵਿਚ ਪੰਜਾਬ ਪੁਲਸ, ਸੀ. ਆਰ. ਪੀ. ਐੱਫ. ਤੇ ਬੀ. ਐੱਸ. ਐੱਫ. ਦੇ ਕਰੀਬ 10 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਖਰੀਲੇ 72 ਘੰਟੇ ਸੁਰੱਖਿਆ ਪੱਖੋਂ ਬਹੁਤ ਮਹੱਤਵਪੂਰਨ ਹੁੰਦੇ ਹਨ ਅਤੇ ਇਸ ਸਮੇਂ ਦੌਰਾਨ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਬਹੁਤ ਅਹਿਮ ਹੁੰਦਾ ਹੈ। ਇਸ ਸਮੇਂ ਦੌਰਾਨ ਰਾਜਨੀਤਕ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਦਾ ਖਦਸ਼ਾ ਹੁੰਦਾ ਹੈ, ਇਸ ਲਈ ਸਖਤੀ ਨਾਲ ਨਜ਼ਰ ਰੱਖਣੀ ਪੈਂਦੀ ਹੈ। ਫਲਾਈਇੰਗ ਸੁਕੈਅਡ, ਸਟੇਟਿਕ ਸਰਵੀਲੈਂਸ ਟੀਮਾਂ ਤੇ ਵੀਡੀਓ ਸਰਵੀਲੈਂਸ ਟੀਮਾਂ ਨੂੰ ਹੋਰ ਮੁਸ਼ਤੈਦੀ ਨਾਲ ਕੰਮ ਕਰਨਾ ਹੁੰਦਾ ਹੈ।
ਮੀਟਿੰਗ ਤੋਂ ਪਹਿਲਾਂ ਵੀ. ਕੇ. ਸਿੰਘ ਮੁੱਖ ਚੋਣ ਅਫਸਰ ਪੰਜਾਬ ਨੂੰ ਸਥਾਨਕ ਪੰਚਾਇਤ ਭਵਨ ਵਿਖੇ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਸਕੱਤਰ ਸਿੰਘ ਬੱਲ ਐੱਸ. ਡੀ. ਐੱਮ. ਗੁਰਦਾਸਪੁਰ, ਅਮਿਤ ਗੁਪਤਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਰਮਨ ਕੋਛੜ ਸਹਾਇਕ ਕਮਿਸ਼ਨਰ (ਜ), ਭਾਜਪਾ ਤੋਂ ਜ਼ਿਲਾ ਜਨਰਲ ਸਕੱਤਰ ਰਾਜਨ ਗੋਇਲ, ਕਾਂਗਰਸ ਪਾਰਟੀ ਤੋਂ ਜ਼ਿਲਾ ਜਨਰਲ ਸਕੱਤਰ ਹਰਦੀਪ ਸਿੰਘ ਬੇਦੀ, ਆਪ ਪਾਰਟੀ ਤੋਂ ਰਾਜੇਸ਼ ਪ੍ਰਾਸ਼ਰ, ਸ਼੍ਰੋਮਣੀ ਅਕਾਲੀ ਦਲ (ਸ੍ਰੀ ਅੰਮ੍ਰਿਤਸਰ) ਤੋਂ ਗੁਰਪ੍ਰਤਾਪ ਸਿੰਘ ਤੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਆਦਿ ਹਾਜ਼ਰ ਸਨ।
ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਨਾ ਦੇਣ ਦੇ ਰੋਸ ਵਜੋਂ ਮੰਗ ਪੱਤਰ ਸੌਂਪਿਆ
NEXT STORY