ਜਲੰਧਰ (ਸੋਨੂੰ, ਕਮਲੇਸ਼)— ਜਲੰਧਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਦੀਆਂ ਰਹਿਣ ਵਾਲੀਆਂ ਦੋ ਨਾਬਾਲਗ ਸੱਕੀਆਂ ਭੈਣਾਂ ਨੇ ਆਪਣੀ ਮਾਂ, ਵੱਡੀ ਭੈਣ ਅਤੇ ਇਲਾਕੇ ਦੀ ਇਕ ਮਹਿਲਾ ਪ੍ਰਧਾਨ ਸਮੇਤ ਉਸ ਦੇ ਬੇਟੇ ਅਤੇ ਬੇਟੀ 'ਤੇ ਜਿਸਮਫਰੋਸ਼ੀ ਦੇ ਧੰਦੇ 'ਚ ਸੁੱਟਣ ਦੇ ਦੋਸ਼ ਲਗਾਏ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਰਤਨ ਨਗਰ ਇਲਾਕੇ 'ਚ ਸਥਿਤ ਨਿਸ਼ਾ ਪ੍ਰਧਾਨ ਦੇ ਘਰ 'ਚ ਰੇਡ ਕਰਕੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਨਿਸ਼ਾ ਸਣੇ ਉਸ ਦੇ ਬੇਟੇ, ਘਰ 'ਚ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੇਟੀ ਸਮੇਤ ਇਕ ਹੋਰ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਗ੍ਰਿਫਤਾਰ ਹੋਈ ਔਰਤ ਆਪਣੀਆਂ ਹੀ ਦੋ ਨਾਬਾਲਗ ਲੜਕੀਆਂ ਕੋਲੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਨਿਸ਼ਾ ਪ੍ਰਧਾਨ ਦੇ ਘਰ 'ਚ ਹੀ ਰਹਿੰਦੀ 17 ਸਾਲਾ ਲੜਕੀ ਨੇ ਦੋਸ਼ ਲਗਾਏ ਕਿ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਉਸ ਕੋਲੋਂ ਅਤੇ 15 ਸਾਲ ਦੀ ਛੋਟੀ ਭੈਣ ਕੋਲੋਂ ਜ਼ਬਰਦਸਤੀ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਹੀ ਹੈ। ਉਹ ਕਾਫੀ ਸਮੇਂ ਤੋਂ ਨਿਸ਼ਾ ਪ੍ਰਧਾਨ ਦੇ ਘਰ ਰਹਿੰਦੀ ਹੈ ਜਦੋਂਕਿ ਇਕ ਹੋਰ ਲੜਕੀ ਅਤੇ ਵੱਡੀ ਭੈਣ ਮਰਜ਼ੀ ਨਾਲ ਜਿਸਮਫਰੋਸ਼ੀ ਕਰਦੀਆਂ ਹਨ। ਲੜਕੀ ਨੇ ਕਿਹਾ ਕਿ ਉਹ ਜਦੋਂ ਧੰਦਾ ਕਰਨ ਤੋਂ ਮਨ੍ਹਾ ਕਰਦੀ ਸੀ ਤਾਂ ਨਿਸ਼ਾ ਪ੍ਰਧਾਨ ਅਤੇ ਉਸ ਦੀ ਮਾਂ ਉਸ ਨਾਲ ਕੁੱਟਮਾਰ ਕਰਦੀਆਂ ਸਨ। ਜਦੋਂ ਉਹ ਗਰਭਵਤੀ ਹੋਈ ਤਾਂ ਨਿਸ਼ਾ ਪ੍ਰਧਾਨ ਨੇ ਕੋਈ ਦਵਾਈ ਖੁਆ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ।
ਸ਼ਿਕਾਇਤ ਮਿਲਣ 'ਤੇ ਪੁਲਸ ਨੇ ਨਿਸ਼ਾ ਪ੍ਰਧਾਨ ਦੇ ਘਰ ਰੇਡ ਕਰਕੇ ਨਿਸ਼ਾ ਪ੍ਰਧਾਨ, ਸਾਜਨ, ਸ਼ਿਕਾਇਤਕਰਤਾ ਲੜਕੀ ਦੀ ਮਾਂ ਮੁਸਕਾਨ, ਭੈਣ ਦੇਵਿਕਾ ਅਤੇ ਇਕ ਹੋਰ ਲੜਕੀ ਤਨਵੀ ਨੂੰ ਗ੍ਰਿਫਤਾਰ ਕਰ ਲਿਆ। ਸਾਰਿਆਂ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਨਿਸ਼ਾ ਪ੍ਰਧਾਨ ਦਾ ਬੇਟਾ ਸਾਜਨ ਪਹਿਲਾਂ ਵੀ ਨਾਜਾਇਜ਼ ਅਸਲੇ ਨਾਲ ਗ੍ਰਿਫਤਾਰ ਹੋ ਚੁੱਕਾ ਹੈ। ਡੀ. ਸੀ. ਪੀ. ਇਨਵੈਸਟੀਗੇਸ਼ਨ ਜਲੰਧਰ ਪੁਲਸ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਖਿਲਾਫ ਬਲਾਤਕਾਰ ਕਰਨ ਦਾ ਦੋਸ਼, ਜਿਸਮਫਰੋਸ਼ੀ ਦੇ ਧੰਦੇ 'ਚ ਸੁੱਟਣ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਨਿਸ਼ਾ ਨਾਂ ਦੀ ਮਹਿਲਾ ਸ਼ਿਵਸੈਨਾ ਦੀ ਪ੍ਰਧਾਨ ਦੱਸੀ ਜਾ ਰਹੀ ਹੈ। ਉਥੇ ਹੀ ਜਦੋਂ ਮੀਡੀਆ ਨੇ ਉਸ 'ਤੇ ਲੱਗੇ ਦੋਸ਼ਾਂ ਬਾਰੇ ਗੱਲਬਾਤ ਕੀਤੀ ਤਾਂ ਉਹ ਕੈਮਰੇ ਤੋਂ ਬਚਦੀ ਨਜ਼ਰ ਆਈ। ਉਂਝ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਉਸ ਨੇ ਗਲਤ ਦੱਸਿਆ ਅਤੇ ਕਿਹਾ ਕਿ ਉਹ ਇਨ੍ਹਾਂ ਲੜਕੀਆਂ ਨੂੰ ਘਰੋਂ ਕੱਢਣਾ ਚਾਹੁੰਦੀ ਸੀ। ਜਿਸ ਦੇ ਚਲਦਿਆਂ ਉਹ ਉਨ੍ਹਾਂ 'ਤੇ ਦੋਸ਼ ਲਗਾ ਰਹੀਆਂ ਹਨ। ਇਥੇ ਦੱਸ ਦੇਈਏ ਕਿ ਦੋਵੇਂ ਲੜਕੀਆਂ ਨੇ ਆਪਣੀ ਮਾਂ ਅਤੇ ਇਕ ਸਕੀ ਭੈਣ 'ਤੇ ਵੀ ਜਿਸਮਫਰੋਸ਼ੀ ਦੇ ਧੰਦੇ 'ਚ ਸੁੱਟਣ ਦੇ ਦੋਸ਼ ਲਗਾਏ ਹਨ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਸੁਰੱਖਿਆ ਦੀ ਕਮੀ ਕਾਰਨ ਗੈਂਗਸਟਰਾਂ ਤੋਂ ਮੇਰੀ ਜਾਨ ਨੂੰ ਖਤਰਾ : ਜੇਲ ਸੁਪਰਡੈਂਟ
NEXT STORY