ਮੋਗਾ (ਆਜ਼ਾਦ) : ਅਣਪਛਾਤੇ ਵਿਅਕਤੀਆਂ ਵੱਲੋਂ ਮੋਗਾ ਨਿਵਾਸੀ ਨੈਸਲੇ ਵਿਚ ਕੰਮ ਕਰਦੇ ਆਨੰਦ ਮਹਿੰਦਰਾ ਨਿਵਾਸੀ ਗੁਰੂ ਰਾਮਦਾਸ ਨਗਰ ਮੋਗਾ ਕੋਲੋਂ ਸ਼ੇਅਰ ਮਾਰਕੀਟ ਵਿਚ ਪੈਸੇ ਲਾ ਕੇ ਵੱਧ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ 45 ਲੱਖ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਸਾਈਬਰ ਸੈੱਲ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤਾਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਆਨੰਦ ਮਹਿੰਦਰਾ ਨਿਵਾਸੀ ਗੁਰੂ ਰਾਮਦਾਸ ਨਗਰ ਮੋਗਾ ਨੇ ਕਿਹਾ ਕਿ ਉਹ ਨੈਸਲੇ ਵਿਚ ਕੰਮ ਕਰਦਾ ਹੈ।
ਅਪ੍ਰੈਲ 2024 ਵਿਚ ਜਦੋਂ ਉਹ ਆਪਣਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੇਖ ਰਿਹਾ ਸੀ ਤਾਂ ਉਸ ਨੇ ਇਕ ਐਡ ਦੇਖੀ, ਜਿਸ ਵਿਚ ਵਟਸਐਪ ਗਰੁੱਪ ਮੋਰਗੇਨ ਸਟੈਨਲੀ ਜੁਆਇੰਨ ਕਰਨ ’ਤੇ ਸ਼ੇਅਰ ਮਾਰਕੀਟ ਬਾਰੇ ਦੱਸਿਆ ਜਾ ਰਿਹਾ ਸੀ। ਇਸ ਉਪਰੰਤ ਉਨ੍ਹਾਂ ਦੀ ਅਸਿਸਟੈਂਟ ਮਿਸ ਲੀਡਾ ਨੇ ਮੇਰੇ ਨਾਲ ਤਾਲਮੇਲ ਕਰ ਕੇ ਮੈਂਨੂੰ ਇਕ ਐਪ ਡਾਊਨਲੋਡ ਕਰਵਾ ਦਿੱਤੀ ਅਤੇ ਵੀਆਈਪੀ ਗਰੁੱਪ ਮੋਰਗਨ ਸਟੈਨਲੀ ਜੁਆਇੰਨ ਕਰਵਾ ਲਿਆ। ਇਸ ਗਰੁੱਪ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਬੈਂਕ ਦਾ ਨਾਂ ਅਤੇ ਖਾਤਾ ਨੰਬਰ ਵੀ ਦੱਸਿਆ ਗਿਆ। ਮੈਂ ਇਸ ਗਰੁੱਪ ਵੱਲੋਂ ਦੱਸੇ ਅਨੁਸਾਰ ਪੈਸੇ ਜਮ੍ਹਾ ਕਰਵਾ ਦਿੰਦਾ ਸੀ। ਇਨ੍ਹਾਂ ਵਿਚੋਂ ਇਕ ਪ੍ਰੋਫੈਸਰ ਪਾਰਖ ਧਰੂ ਜੋ ਸ਼ੇਅਰਾਂ ਬਾਰੇ ਜਾਣਕਾਰੀ ਦਿੰਦਾ ਸੀ ਅਤੇ ਅਸੀਂ ਸ਼ੇਅਰ ਖਰੀਦ ਕੇ ਪੈਸੇ ਜਮ੍ਹਾ ਕਰਵਾ ਦਿੰਦੇ ਸੀ ਅਤੇ ਇਸ ਦੀ ਡਿਟੇਲ ਮੈਂਨੂੰ ਐਪ ਵਿਚ ਦਿਖਾਈ ਦਿੰਦੀ ਸੀ। ਇਸ ਲਈ ਮੈਂ ਵੱਖ-ਵੱਖ ਸਮੇਂ ਵੱਖ-ਵੱਖ ਬੈਂਕ ਖਾਤਿਆਂ ਵਿਚ 45 ਲੱਖ ਰੁਪਏ ਜਮ੍ਹਾ ਕਰਵਾਏ ਜੋ ਫੈਡਰਲ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਕਈ ਖਾਤਿਆਂ ਵਿਚ ਜਮ੍ਹਾ ਕਰਵਾਏ ਗਏ। ਕਥਿਤ ਵਿਅਕਤੀ ਮੈਂਨੂੰ ਲਾਲਚ ਦੇ ਕੇ ਪੈਸੇ ਇਨਵੈਸਟ ਕਰਵਾ ਲੈਂਦੇ ਸੀ ਅਤੇ ਜ਼ਿਆਦਾ ਪ੍ਰੋਫਿਟ ਦਾ ਝਾਂਸਾ ਦਿੱਤਾ ਗਿਆ। ਮੈਂਨੂੰ ਜਦੋਂ ਪਤਾ ਲੱਗਾ ਕਿ ਮੇਰੇ ਨਾਲ ਧੋਖਾਦੇਹੀ ਹੋ ਰਹੀ ਹੈ ਤਾਂ ਮੈਂ ਪੈਸੇ ਜਮ੍ਹਾ ਕਰਵਾਉਣੇ ਬੰਦ ਕਰ ਦਿੱਤੇ।
ਇਸ ਸਬੰਧ ਵਿਚ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦਿੱਤਾ ਤਾਂ ਕਿ ਕਥਿਤ ਮੁਲਜ਼ਮ ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਸ਼ੇਅਰ ਮਾਰਕੀਟ ਵਿਚ ਪੈਸੇ ਲਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਵੱਧ ਮੁਨਾਫ਼ਾ ਕਮਾਉਣ ਦਾ ਕਹਿ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਹਨ, ਕਾਬੂ ਆ ਸਕਣ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਸਾਈਬਰ ਸੈਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਪਤਾ ਲਗਾ ਕਿ ਸ਼ਿਕਾਇਤਕਰਤਾ ਵੱਲੋਂ ਸਟਾਕ ਮਾਰਕੀਟ ਵਿਚ ਕੁੱਲ 42 ਲੱਖ 87 ਹਜ਼ਾਰ 242 ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਜਮ੍ਹਾ ਕੀਤੇ ਗਏ ਅਤੇ ਜਾਂਚ ਸਮੇਂ ਇਹ ਵੀ ਪਤਾ ਲੱਗਾ ਕਿ ਕਥਿਤ ਮੁਲਜ਼ਮਾਂ ਨੇ 45 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ। ਕਥਿਤ ਮੁਲਜ਼ਮ ਬਾਹਰਲੀਆਂ ਸਟੇਟਾਂ ਨਾਲ ਸਬੰਧਤ ਹੋਣ ਕਾਰਨ ਅਤੇ ਬੈਂਕਾਂ ਦੀ ਡਿਟੇਲ ਨਾ ਮਿਲਣ ਕਰਕੇ ਪੂਰਾ ਮਾਮਲਾ ਸਾਹਮਣੇ ਨਹੀਂ ਆ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਥਿਤ ਮੁਲਾਜ਼ਮਾਂ ਤੱਕ ਪਹੁੰਚਣ ਦਾ ਯਤਨ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜਲਦੀ ਹੀ ਵੱਖ-ਵੱਖ ਟੀਮਾਂ ਉਨ੍ਹਾਂ ਸਟੇਟਾਂ ਵਿਚ ਜਾਣਗੀਆਂ, ਜਿਨ੍ਹਾਂ ਸਟੇਟਾਂ ਦੀਆਂ ਬੈਂਕਾਂ ਵਿਚ ਪੈਸੇ ਜਮ੍ਹਾ ਹੋਏ ਹਨ ਤਾਂ ਕਿ ਅਸਲ ਸੱਚਾਈ ਸਾਹਮਣੇ ਆ ਸਕੇ।
ਪਠਾਨਕੋਟ ਸਰਹੱਦ 'ਤੇ 2 ਸ਼ੱਕੀ ਦੇਖੇ ਜਾਣ ਤੋਂ ਬਾਅਦ ਹਾਈ ਅਲਰਟ, ਸਰਚ ਆਪ੍ਰੇਸ਼ਨ ਸ਼ੁਰੂ
NEXT STORY