ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਵਲੋਂ ਅਸਤੀਫਾ ਮੰਗੇ ਜਾਣ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਹੈ ਕਿ ਲਾਲ ਸਿੰਘ ਨੇ ਅਜਿਹਾ ਬਿਆਨ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਦਿੱਤਾ ਹੈ। ਸ਼ਮਸ਼ੇਰ ਦੂਲੋ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਲਾਲ ਸਿੰਘ ਵਰਗਾ ਵਿਅਕਤੀ ਅਜਿਹਾ ਬਿਆਨ ਦੇ ਸਕਦਾ ਹੈ ਅਤੇ ਉਹ ਬਿਆਨ ਕਿਸੇ ਹੋਰ ਤੋਂ ਲਿਖਵਾਇਆ ਗਿਆ ਹੈ। ਉਨ੍ਹਾਂ ਲਾਲ ਸਿੰਘ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਵੀ ਗੱਲ ਕਹੀ। ਆਪਣੀ ਪਤਨੀ ਅਤੇ ਪੁੱਤਰ ਬਨਦੀਪ ਸਿੰਘ ਦੂਲੋ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਸਬੰਧੀ ਬੋਲਦਿਆਂ ਸ਼ਮਸ਼ੇਰ ਦੂਲੋ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿਜੀ ਫੈਸਲਾ ਸੀ ਅਤੇ ਇਸ ਦਾ ਕਾਰਨ ਵੀ ਉਹ ਖੁਦ ਹੀ ਦੱਸਣਗੇ। ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਉਹ ਇੰਦਰਾ ਗਾਂਧੀ ਦੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਲਾਲ ਸਿੰਘ ਵਰਗੇ ਵਿਅਕਤੀਆਂ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ, ਸਗੋਂ ਸਭ ਨੂੰ ਮਿਲ ਕੇ ਪਾਰਟੀ ਨੂੰ ਅੱਗੇ ਲਿਜਾਣ ਲਈ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਅਤੇ ਬੇਟੇ ਦੇ 'ਆਪ' 'ਚ ਜਾਣ 'ਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨੇ ਬੀਤੇ ਦਿਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਸੀ, ਜਦੋਂ ਕਿ ਰਾਤ ਨੂੰ ਕਾਂਗਰਸ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ, ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਸ਼ਮਸ਼ੇਰ ਸਿੰਘ ਦੂਲੋ ਨੇ ਲਾਲ ਸਿੰਘ ਦੇ ਬਿਆਨ ਦਾ ਜਵਾਬ ਦਿੱਤਾ ਹੈ।
ਸੰਨੀ ਤੇ ਬੌਬੀ ਦਿਓਲ ਦਾ ਜਾਦੂ ਨੌਜਵਾਨਾਂ 'ਤੇ ਨਹੀਂ ਦਿੱਤਾ ਦਿਖਾਈ
NEXT STORY