ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਜਿਹੜੀ ਵੀ ਪਾਰਟੀ 'ਚ ਜਾਂਦੇ ਹਨ, ਉਸ ਪਾਰਟੀ 'ਤੇ ਕਿਸੇ ਨਾ ਕਿਸੇ ਤਰੀਕੇ ਦਬਾਅ ਪਾ ਕੇ ਟਿਕਟ ਲੈਣ 'ਚ 'ਸ਼ੇਰ' ਰਹਿੰਦੇ ਹਨ। ਇਸੇ ਤਰ੍ਹਾਂ ਦੀ ਸਿਆਸਤ ਹੁਣ ਘੁਬਾਇਆ ਕਾਂਗਰਸ ਪਾਰਟੀ 'ਚ ਵੀ ਖੇਡ ਰਹੇ ਹਨ। ਹਾਲਾਂਕਿ ਘੁਬਾਇਆ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਸਾਰੇ ਹੀ ਉੱਚ ਆਗੂਆਂ ਵਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਪਰ ਘੁਬਾਇਆ ਨੂੰ ਆਉਂਦਿਆਂ ਹੀ ਟਿਕਟ ਦੇਣ ਦੀ ਸ਼ਰਤ ਦਾ ਹਰ ਕਿਸੇ ਵਲੋਂ ਵਿਰੋਧ ਕੀਤਾ ਗਿਆ। ਕਾਂਗਰਸ ਵਲੋਂ ਉਮੀਦਵਾਰ ਐਲਾਨ ਜਾਣ ਤੋਂ ਪਹਿਲਾਂ ਹੀ ਸ਼ੇਰ ਸਿੰਘ ਘੁਬਾਇਆ ਵਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਮਤਲਬ ਕਿ ਆਪਣੀ ਇਸੇ ਸਿਆਸਤ ਤਹਿਤ ਘੁਬਾਇਆ ਵੱਡੇ-ਵੱਡੇ ਆਗੂਆਂ ਨੂੰ ਦੁਚਿੱਤੀ 'ਚ ਪਾ ਕੇ ਬੇਵੱਸ ਕਰ ਦਿੰਦੇ ਹਨ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਪਾਰਟੀ ਵਲੋਂ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਹੀ ਘੁਬਾਇਆ ਵਲੋਂ ਆਪਣੇ ਆਪ ਨੂੰ ਪਾਰਟੀ ਉਮੀਦਵਾਰ ਪ੍ਰਾਜੈਕਟ ਕਰਦਿਆਂ ਤਕਰੀਬਨ ਸਾਰੇ ਹੀ ਇਲਾਕੇ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਅਕਾਲੀ ਦਲ ਵਲੋਂ ਟਿਕਟ ਕੱਟੇ ਜਾਣ ਦਾ ਖਤਰਾ ਮਹਿਸੂਸ ਹੋਇਆ ਤਾਂ ਉਹ ਆਪਣੀ ਬਿਰਾਦਰੀ ਦੇ 2-3 ਹਜ਼ਾਰ ਲੋਕਾਂ ਨਾਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਣ ਲਈ ਬਾਦਲ ਪਿੰਡ ਪਹੁੰਚ ਗਏ। ਇਸ ਦੌਰਾਨ ਸਮਰਥਕਾਂ ਵਲੋਂ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਐਲਾਨੇ ਜਾਣ ਦੀ ਮੰਗ 'ਤੇ ਸੁਖਬੀਰ ਬਾਦਲ ਨੇ ਮਾਮਲੇ ਨੂੰ ਹਲਕੇ 'ਚ ਲੈਂਦਿਆਂ ਉਨ੍ਹਾਂ ਨੂੰ ਕਹਿ ਦਿੱਤਾ ਕਿ ਇਹ ਤਾਂ ਪਹਿਲਾਂ ਹੀ ਐੱਮ. ਪੀ. ਹੈ ਤਾਂ ਘੁਬਾਇਆ ਨੇ ਵਾਪਸੀ 'ਤੇ ਮਲੋਟ ਪੁੱਜ ਕੇ ਬਕਾਇਦਾ ਇਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪ ਨੂੰ ਪਾਰਟੀ ਵਲੋਂ ਐਲਾਨਿਆ ਉਮੀਦਵਾਰ ਦੱਸਿਆ ਸੀ, ਜਦੋਂ ਕਿ ਪਾਰਟੀ ਵਲੋਂ ਅਧਿਕਾਰਤ ਤੌਰ 'ਤੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ। ਅਖੀਰ 'ਚ ਲੰਬੀ ਕਸ਼ਮਕਸ਼ ਤੋਂ ਬਾਅਦ ਪਾਰਟੀ ਨੇ ਘੁਬਾਇਆ ਨੂੰ ਉਮੀਦਵਾਰ ਐਲਾਨ ਹੀ ਦਿੱਤਾ ਸੀ।
ਜਾਣੋ ਕੌਣ ਹਨ ਜਲੰਧਰ ਤੋਂ 'ਆਪ' ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ
NEXT STORY