ਲੌਂਗੋਵਾਲ,(ਵਸ਼ਿਸ਼ਟ,ਵਿਜੇ)- ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਦੇ ਸਬੰਧ 'ਚ ਸਥਾਨਕ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਹੋਈ ਹਲਕਾ ਸੁਨਾਮ ਦੀ ਮੀਟਿੰਗ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਸਮੇਤ ਸਮੁੱਚੀ ਖੇਤਰੀ ਲੀਡਰਸ਼ਿਪ ਨੇ ਕਾਂਗਰਸ ਸਰਕਾਰ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੇ ਰਾਜਸੀ ਪੋਤੜੇ ਫਰੋਲ ਕੇ ਰੱਖ ਦਿੱਤੇ। ਸੰਗਰੂਰ 'ਚ ਹੋਣ ਵਾਲੀ ਰੈਲੀ ਭਾਵੇਂ ਕਾਂਗਰਸ ਸਰਕਾਰ ਖਿਲਾਫ ਕਹੀ ਜਾਂਦੀ ਹੈ ਪਰ ਨੇਤਾਵਾਂ ਨੇ ਤਿੱਖੀਆਂ ਸੁਰਾਂ 'ਚ ਨਿਸ਼ਾਨੇ ਢੀਂਡਸਾ ਪਰਿਵਾਰ 'ਤੇ ਹੀ ਸਾਧੇ। ਐਸ. ਜੀ. ਪੀ. ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਦਿਨ ਢੀਂਡਸਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਭੇ ਹੋਇਆ ਸੀ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਨਾਲ ਸਨੇਹ ਰੱਖਣ ਵਾਲੇ ਵਰਕਰਾਂ ਨੇ ਘਿਓ ਦੇ ਦੀਵੇ ਜਲਾਏ ਸਨ ਕਿਉਂਕਿ ਇਨ੍ਹਾਂ ਖੁਦਗਰਜ਼ ਆਗੂਆਂ ਨੇ ਕਦੇ ਵੀ ਪਾਰਟੀ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ । ਬਲਕਿ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਵਿਧਾਨ ਸਭਾ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਿੱਚ ਹਮੇਸ਼ਾ ਹੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਦੇ ਜਾਣ ਦਾ ਸਾਨੂੰ ਕੋਈ ਦੁੱਖ ਨਹੀਂ ਕਿਉਂਕਿ ਉਹ ਖੁਦ ਅਤੇ ਉਨ੍ਹਾਂ ਦੇ ਸਪੋਟਰ ਪਹਿਲਾਂ ਤੋਂ ਹੀ ਅਕਾਲੀ ਦਲ ਦੇ ਖਿਲਾਫ਼ ਭੁਗਤਦੇ ਆਏ ਹਨ ਅਤੇ ਅਜਿਹੇ ਲੋਕਾਂ ਨੂੰ ਹੀ ਢੀਂਡਸਾ ਸਾਹਿਬ ਅਹੁਦਿਆਂ ਨਾਲ ਨਿਵਾਜਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਹਿਰਦ ਵਰਕਰਾਂ ਨੂੰ ਖੁਸ਼ੀ ਹੈ ਕਿ ਪਾਰਟੀ 'ਚੋਂ ਮਾੜਾ ਅਨਸਰ ਹੀ ਨਿਕਲਿਆ ਹੈ ।
ਭਾਈ ਲੌਂਗੋਵਾਲ ਨੇ ਕਿਹਾ ਕਿ 2 ਫਰਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਕਾਂਗਰਸ ਦੀਆਂ ਘਟੀਆਂ ਨੀਤੀਆਂ ਨੂੰ ਹੀ ਉਜਾਗਰ ਨਹੀ ਕਰੇਗੀ। ਬਲਕਿ ਇਹ ਸਿੱਧ ਵੀ ਕਰੇਗੀ ਕਿ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦਾ ਸਮੁੱਚਾ ਅਕਾਲੀ ਕੇਡਰ ਅਤੇ ਵਰਕਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹਾ ਹੈ । ਭਾਈ ਲੌਂਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਵਾਅਦੇ ਭੁਲਾ ਦਿੱਤੇ ਹਨ ਅਤੇ ਅੱਜ ਕਾਂਗਰਸ ਦੀ ਸਰਕਾਰ ਤੋਂ ਵਿਰੋਧੀ ਪਾਰਟੀਆਂ ਹੀ ਨਹੀਂ ਜਾਂ ਆਮ ਲੋਕ ਹੀ ਨਹੀਂ ਬਲਕਿ ਕਾਂਗਰਸ ਪਾਰਟੀ ਦੇ ਵਰਕਰ ਅਤੇ ਵਿਧਾਇਕ ਵੀ ਬੇਹੱਦ ਦੁਖੀ ਹਨ । 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਦੇਖ ਕੇ ਢੀਂਡਸਾ ਪਰਿਵਾਰ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਣ ਲੱਗਾ ਹੈ ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸੰਗਰੂਰ ਵਿੱਚ ਨਸ਼ਾ ਤਸਕਰਾਂ ਜਾਂ ਗੁੰਡਿਆਂ ਨੂੰ ਅਹੁਦੇਦਾਰੀਆਂ ਨਹੀਂ ਦਿੱਤੀਆਂ ਜਾਣਗੀਆਂ ਬਲਕਿ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖੜ੍ਹਨ ਵਾਲੇ ਵਰਕਰਾਂ ਨੂੰ ਹੀ ਨਿਵਾਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਚਿਹਰੇ ਮੋਹਰੇ ਨੂੰ ਸ. ਸੁਖਦੇਵ ਸਿੰਘ ਢੀਂਡਸਾ ਬਰਕਰਾਰ ਨਹੀਂ ਰੱਖ ਸਕੇ। ਢੀਂਡਸਾ ਦੀ ਅਗਵਾਈ ਹੇਠ ਪਾਰਟੀ ਅੰਦਰ ਪੰਥ ਅਤੇ ਪਾਰਟੀ ਵਿਰੋਧੀ, ਕੁਰੱਪਟ ਅਨਸਰਾਂ ਦੀ ਪੁਸ਼ਤਪਨਾਹੀ ਹੁੰਦੀ ਰਹੀ। ਸਿਧਾਂਤਾ ਦੀ ਗੱਲ ਕਰਨ ਵਾਲੇ ਢੀਂਡਸਾ ਸਾਹਿਬ ਦੱਸਣ ਕਿ ਉਹ ਹਰ ਵਾਰ ਚੋਣ ਹਾਰਨ ਦੇ ਬਾਵਜੂਦ ਵੀ ਪਾਰਟੀ ਦੇ ਉੱਚ ਅਹੁਦਿਆਂ ਦਾ ਆਨੰਦ ਕਿਉਂ ਮਾਣਦੇ ਰਹੇ। ਢੀਂਡਸਾ ਪਰਿਵਾਰ ਨੇ ਟਕਸਾਲੀ ਵਰਕਰਾਂ ਨੂੰ ਅੱਖੋਂ ਪਰੋਖੇ ਕਰ ਕੇ ਅਤੇ ਕਾਂਗਰਸ ਪੱਖੀ ਲੋਕਾਂ ਦੀ ਮਦਦ ਕਰਕੇ ਪਾਰਟੀ ਨੂੰ ਕਮਜ਼ੋਰ ਹੀ ਕੀਤਾ ਹੈ। ਹੁਣ ਉਨ੍ਹਾਂ ਦੇ ਚਲੇ ਜਾਣ ਨਾਲ ਪਾਰਟੀ ਟਕਸਾਲੀ ਵਰਕਰ ਖੁੱਲ੍ਹ ਕੇ ਸਮਰਥਨ ਵਿਚ ਆ ਗਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਿਹਤਰ ਪ੍ਰਦਰਸ਼ਨ ਸਾਹਮਣੇ ਆਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ , ਵਿਨਰਜੀਤ ਸਿੰਘ ਗੋਲਡੀ ,ਜਥੇਦਾਰ ਉਦੇ ਸਿੰਘ ਲੌਂਗੋਵਾਲ ,ਰਜਿੰਦਰ ਦੀਪਾ ਸੁਨਾਮ ਇੰਦਰ ਮੋਹਨ ਸਿੰਘ ਲਖਮੀਰਵਾਲਾ ਗਿਆਨੀ ਰਘਵੀਰ ਸਿੰਘ ਜਖੇਪਲ ਅਰਵਿੰਦਰ ਸਿੰਘ ਚੀਮਾ ਗੁਰਪ੍ਰੀਤ ਸਿੰਘ ਲਖਮੀਰਵਾਲਾ ਬੀਬੀ ਪਰਮਜੀਤ ਕੌਰ ਵਿਰਕ ਗੁਰਲਾਲ ਸਿੰਘ ਫਤਿਹਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਹਮੇਸ਼ਾ ਲਾਭ ਵਾਲੇ ਅਹੁਦਿਆਂ ਨੂੰ ਹੀ ਜੱਫੀ ਪਾ ਕੇ ਰੱਖੀ ਹੈ ਅਤੇ ਅਤੇ ਦੂਜੇ ਸਭ ਅਹੁਦੇ ਤਿਆਗ ਦਿੱਤੇ ਹਨ । ਉਨ੍ਹਾਂ ਇਸ ਰੈਲੀ ਵਿੱਚ ਵਰਕਰਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੁਨੇਹਾ ਦਿੱਤਾ ।ਇਨ੍ਹਾਂ Âਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬਲਵਿੰਦਰ ਸਿੰਘ ਕੈਂਬੋਵਾਲ, ਕੌਂਸਲਰ ਅਵਤਾਰ ਸਿੰਘ ਦੁੱਲਟ, ਹਰਦੀਪ ਸਿੰਘ ਭੱਟੀ, ਪ੍ਰਭਸ਼ਰਨ ਸਿੰਘ ਐੱਮ.ਸੀ, ਸੁਖਵਿੰਦਰ ਸਿੰਘ ਮੱਦੀ ਸਰਪੰਚ ਸਮੇਤ ਸਮੁੱਚੇ ਹਲਕੇ ਦੇ ਅਕਾਲੀ ਵਰਕਰ ਹਾਜ਼ਰ ਸਨ ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY