ਜਲੰਧਰ (ਜਸਬੀਰ ਵਾਟਾਂ ਵਾਲੀ)— ਬੇਅਦਬੀ ਮਾਮਲੇ 'ਚ ਬੁਰੀ ਤਰ੍ਹਾਂ ਘਿਰੇ ਅਕਾਲੀ ਦਲ ਨੂੰ ਇਨ੍ਹਾਂ ਦਿਨਾਂ ਦੌਰਾਨ ਕਿਤੋਂ ਵੀ ਸਹਾਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ। ਹੋਰ ਤਾਂ ਹੋਰ ਉਸ ਦੇ ਗੂੜੇ ਮਿੱਤਰ ਭਾਜਪਾ ਨਾਲ ਵੀ ਉਸ ਦਾ ਰਿਸ਼ਤਾ ਹੁਣ ਘਿਓ-ਖਿੱਚੜੀ ਵਾਲਾ ਨਹੀਂ ਰਿਹਾ। ਸੱਚਾਈ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦੇ ਜ਼ਿਆਦਾਤਰ ਲੀਡਰਾਂ ਨੇ ਅਕਾਲੀ ਦਲ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਜਲੰਧਰ 'ਚ ਐੱਸ. ਸੀ., ਬੀ. ਸੀ. ਵਿਦਿਆਰਥੀਆਂ ਦੇ ਹੱਕ 'ਚ ਲਗਾਏ ਗਏ ਅਕਾਲੀ ਦਲ ਦੇ ਧਰਨੇ ਦੌਰਾਨ ਵੀ ਦੇਖਣ ਨੂੰ ਮਿਲੀ। ਇਸ ਧਰਨੇ ਦੌਰਾਨ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਅਕਾਲੀ ਦਲ ਦੇ ਧਰਨੇ ਤੋਂ ਦੂਰੀ ਬਣਾਈ ਰੱਖੀ। ਇਥੇ ਹੀ ਬਸ ਨਹੀਂ ਅਕਾਲੀ ਦੇ ਧਰਨੇ ਦੌਰਾਨ ਉਸ ਵੱਲੋਂ ਲਗਾਏ ਗਏ ਬੈਨਰਾਂ ਉੱਤੇ ਵੀ ਭਾਜਪਾਦਾ ਕੋਈ ਨਾਮੋਂ-ਨਿਸ਼ਾਨ ਦਿਖਾਈ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ 'ਚ ਆਈਆਂ ਇਹ ਤਰੇੜਾਂ ਕੋਈ ਨਵੀਆਂ ਨਹੀਂ ਹਨ। ਇਸ ਤੋਂ ਪਹਿਲਾਂ ਵੀ ਇਨ੍ਹਾਂ ਦੋਹਾਂ ਦੇ ਯਾਰਾਨੇ ਟੁੱਟ ਜਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ।
2017 ਦੀਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਦੋਹਾਂ ਦਾ ਗੱਠਜੋੜ ਟੁੱਟ ਜਾਣ ਦਾ ਚਰਚਾ ਵੀ ਜੋਰਾਂ 'ਤੇ ਸੀ। ਉਸ ਮੌਕੇ ਅਕਾਲੀ ਦਲ ਅਤੇ ਭਾਜਪਾ ਦੇ ਕਈ ਮੰਤਰੀ ਇਕ-ਦੂਜੇ ਖਿਲਾਫ ਖੁੱਲ ਕੇ ਭੜਾਸ ਕੱਢਦੇ ਦਿਖਾਈ ਦਿੱਤੇ ਸਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹਿ ਚੁੱਕੇ ਅਨਿਲ ਜੋਸ਼ੀ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਖੋਲਿਆ ਗਿਆ ਮੋਰਚਾ ਵੀ ਪੂਰੀ ਤਰ੍ਹਾਂ ਜਗ ਜ਼ਾਹਰ ਹੈ। ਉਸ ਮੌਕੇ ਜੋਸ਼ੀ ਇਸ ਗੱਲ ਤੋਂ ਖਫਾ ਸਨ ਕਿ ਮਿਉਂਸੀਪਲ ਚੋਣਾਂ 'ਚ ਉਨਾਂ ਦੇ ਭਰਾ 'ਤੇ ਹਮਲਾ ਕਰਨ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਮੁੱਦੇ 'ਤੇ ਤਾਂ ਭਾਜਪਾ ਨੇ ਕੈਬਨਿਟ ਮੀਟਿੰਗ ਦੇ ਬਾਈਕਾਟ ਦਾ ਵੀ ਐਲਾਨ ਕਰ ਦਿੱਤਾ ਸੀ । ਇਸ ਦੇ ਨਾਲ-ਨਾਲ ਉਸ ਮੌਕੇ ਬੀਜੇਪੀ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਮਦਨ ਮੋਹਨ ਮਿੱਤਲ ਅਤੇ ਸਿੱਖਿਆ ਮੰਤਰੀ ਅਤੇ ਦਲਜੀਤ ਸਿੰਘ ਚੀਮਾ ਦੀ ਟਸਲਬਾਜੀ ਵੀ ਲੰਮਾਂ ਸਮਾਂ ਚਲਦੀ ਰਹੀ।
ਇਸ ਤੋਂ ਇਲਾਵਾ ਉਨ੍ਹਾਂ ਦਿਨਾਂ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਤੇ ਹਰਜੀਤ ਸਿੰਘ ਗਰੇਵਾਲ ਵਿਚਕਾਰ ਹੋਈ ਤਕਰਾਰ ਨੇ ਵੀ ਇਸ ਗੱਠਜੋੜ ਦੀ ਤੋੜਾ-ਤੁੜਾਈ ਦੀਆਂ ਗੱਲਾਂ ਖੁਲ੍ਹੇਆਮ ਹੀ ਮੀਡੀਆ 'ਚ ਕੀਤੀਆਂ ਸਨ। ਉਸ ਤੋਂ ਬਾਅਦ ਉਪਰਲੀ ਲੀਡਰਸ਼ਿਪ ਨੇ ਜਿਵੇਂ ਕਿਵੇਂ ਇਸ ਕਸ਼ਮਕਸ਼ ਨੂੰ ਤਾਂ ਹੱਲ ਕਰ ਦਿੱਤਾ ਪਰ ਦੋਹਾਂ ਧੜਿਆਂ ਵਿਚਕਾਰ ਪੈਦਾ ਹੋਈ ਕੜਵਾਹਟ ਬਰਕਰਾਰ ਰਹੀ।
ਗੱਲ ਮੌਜੂਦਾ ਸਮੇਂ ਦੀ ਕਰੀਏ ਤਾਂ ਅਕਾਲੀ ਦਲ ਦੇ ਬੁਰੀ ਤਰ੍ਹਾਂ ਘਿਰੇ ਹੋਣ ਦੇ ਬਾਵਜੂਦ ਭਾਜਪਾ ਨੇ ਕਦੇ ਵੀ ਉਸ ਹੱਕ 'ਚ ਬਿਆਨਬਾਜੀ ਨਹੀਂ ਕੀਤੀ। ਸੱਚਾਈ ਇਹ ਵੀ ਹੈ ਕਿ ਭਾਜਪਾ ਨੇ ਅਕਾਲੀ ਦਲ ਨੂੰ ਚੁਫੇਰਿਓਂ ਘਿਰਦੀ ਹੋਈ ਦੇਖ ਕੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਉਲਟ ਹੁਣ ਅਕਾਲੀ ਦਲ ਨੇ ਵੀ ਭਾਜਪਾ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਹੀ ਬਹੁਤ ਸਾਰੇ ਸਮਾਗਮ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅਕਾਲੀ ਖੁਦ ਨੂੰ ਸਮੱਰਥ ਬਣਾਉਣ ਲਈ ਜਾਣ ਬੁੱਝ ਕੇ ਹੀ ਇਹ ਸਾਰਾ ਕੁਝ ਕਰ ਰਹੇ ਹਨ। ਇਸ ਸਭ ਨੂੰ ਦੇਖ ਕੇ ਇਉਂ ਵੀ ਪ੍ਰਤੀਤ ਹੋ ਰਿਹਾ ਹੈ ਕਿ ਹੁਣ ਟੁੱਟ ਚੁੱਕਾ ਹੈ ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ।
ਨਾਟਕੀ ਢੰਗ ਨਾਲ ਔਰਤ ਕੋਲੋਂ ਸੋਨੇ ਦੇ ਗਹਿਣੇ ਲੁੱਟੇ
NEXT STORY