ਅਕਾਲੀ ਦਲ ਤੇ ਭਾਜਪਾ ਦਰਮਿਆਨ ਗਠਜੋੜ ਟੁੱਟਣ ਦੇ ਚਾਰ ਸਾਲ ਬਾਅਦ ਵੀ ਪੰਜਾਬ ਦੀ ਹਰ ਚੋਣ ਸਮੇਂ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਦੁਬਾਰਾ ਗਠਬੰਧਨ ਹੋਣ ਦੇ ਚਰਚੇ ਸ਼ੁਰੂ ਹੋ ਜਾਂਦੇ ਹਨ । ਕਈ ਵਾਰ ਇਹ ਪ੍ਰਤੀਤ ਹੁੰਦਾ ਰਿਹਾ ਹੈ ਕਿ ਇਹ ਗਠਜੋੜ ਹੋਇਆ ਕਿ ਹੋਇਆ ਪਰ ਇਸ ਸੰਭਾਵਤ ਗਠਜੋੜ ਦੀ ਸਥਿਤੀ ਹਮੇਸ਼ਾ ਊਠ ਦੇ ਲਟਕਦੇ ਬੁੱਲ੍ਹ ਵਾਂਗ ਰਹੀ ਹੈ ਜੋ ਕਦੀ ਥੱਲੇ ਨਹੀਂ ਡਿੱਗਦਾ। ਅੱਜ ਦੇ ਹਾਲਾਤ ਵਿਚ ਫਿਰ ਇਹ ਚਰਚਾ ਪੰਜਾਬ ਦੇ ਕੋਨੇ ਕੋਨੇ ’ਚ ਚੱਲ ਰਹੀ ਹੈ ਅਤੇ ਕਈ ਵੱਡੇ ਲੀਡਰ ਇਸ ਗਠਜੋੜ ਬਾਰੇ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਗਠਜੋੜ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹਨ ਤੇ ਕੁਝ ਗਠਜੋੜ ਨਾ ਕਰਨ ਦੀ ਵਕਾਲਤ ਕਰਦੇ ਹਨ।
ਅੱਜ ਅਸੀਂ ਪਾਠਕਾਂ ਨਾਲ ਇਸ ਮੁੱਦੇ ’ਤੇ ਵਿਚਾਰ ਕਰਾਂਗੇ ਕਿ ਭਾਜਪਾ-ਅਕਾਲੀ ਗੱਠਜੋੜ ਕਿਉਂ ਟੁੱਟਿਆ, ਕਿਉਂ ਇਸ ਗਠਜੋੜ ਦੇ ਦੁਬਾਰਾ ਹੋਣ ਦੀਆਂ ਕੋਸ਼ਿਸ਼ਾਂ ਹੋਈਆਂ, ਕਿਉਂ ਪਿਛਲੇ ਸਮੇਂ ਵਿਚ ਗਠਜੋੜ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਅਤੇ ਹੁਣ ਗਠਜੋੜ ਦੇ ਦੁਬਾਰਾ ਚਰਚੇ ਕਿਉਂ ਸ਼ੁਰੂ ਹੋਏ ਅਤੇ ਕੀ ਨੇੜ ਭਵਿੱਖ ਵਿਚ ਇਹ ਗਠਜੋੜ ਦੁਬਾਰਾ ਹੋਂਦ ਵਿਚ ਆ ਸਕਦਾ ਹੈ ਜਾਂ ਨਹੀਂ।
ਜੇਕਰ ਤਰਤੀਬ ਵਾਰ ਗੱਲ ਸ਼ੁਰੂ ਕਰੀਏ ਤਾਂ ਸੱਭ ਤੋਂ ਪਹਿਲਾਂ ਗਠਜੋੜ ਦੇ ਟੁੱਟਣ ਬਾਰੇ ਗੱਲ ਕਰਨੀ ਬਣਦੀ ਹੈ ਅਤੇ ਅਸੀਂ ਇਸ ਤੋਂ ਹੀ ਸ਼ੁਰੂ ਕਰਾਂਗੇ। ਅਕਾਲੀ-ਭਾਜਪਾ ਗਠਜੋੜ ਇਕ ਸਭ ਤੋਂ ਵੱਧ ਲੰਬਾ ਸਮਾਂ ਚਲਣ ਵਾਲਾ ਗਠਜੋੜ ਕਿਹਾ ਜਾ ਸਕਦਾ ਹੈ ,ਜਿਹੜਾ ਤਕਰੀਬਨ 24 ਸਾਲ ਹੋਂਦ ਵਿਚ ਰਿਹਾ ਅਤੇ ਤਿੰਨ ਵਾਰ ਸਰਕਾਰ ਬਣਾਈ । ਦੋਨਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਨੂੰ ਇਸ ਗਠਜੋੜ ਵਿਚ ਕਦੀ ਕੋਈ ਦਿੱਕਤ ਮਹਿਸੂਸ ਨਹੀਂ ਸੀ ਹੋਈ ਪ੍ਰੰਤੂ ਪੰਜਾਬ ਵਿਚ ਦੋਨਾਂ ਪਾਰਟੀਆਂ ਦੀ ਦੂਜੀ ਕਤਾਰ ਦੀ ਲੀਡਰਸ਼ਿਪ ਇਹ ਮਹਿਸੂਸ ਕਰਨ ਲੱਗੀ ਸੀ ਕਿ ਦੂਜੀ ਪਾਰਟੀ ਕਾਰਨ ਉਨ੍ਹਾਂ ਦੀ ਤਾਕਤ ਘਟ ਹੈ ਅਤੇ ਗਠਜੋੜ ਨਾ ਰਹੇ ਤਾਂ ਹੀ ਉਨ੍ਹਾਂ ਦਾ ਨੰਬਰ ਲਗ ਸਕਦਾ ਹੈ ।
ਪਰ ਕੇਂਦਰੀ ਆਗੂ ਪਾਰਟੀ ਅਤੇ ਰਾਸ਼ਟਰ ਦੇ ਵੱਡੇ ਹਿੱਤਾਂ ਕਾਰਨ ਦੋਨਾਂ ਪਾਰਟੀਆਂ ਦੀ ਦੂਜੀ ਕਤਾਰ ਦੇ ਲੀਡਰਾਂ ਦੀਆਂ ਗੱਲਾਂ ਨੂੰ ਤਵੱਜੋ ਨਹੀਂ ਸੀ ਦਿੰਦੇ। ਪ੍ਰੰਤੂ ਕਿਸਾਨ ਬਿੱਲਾਂ ’ਤੇ ਕਿਸਾਨਾਂ ਦੇ ਵਿਰੋਧ ਨੇ ਦੋਨਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਖਾਸ ਕਰ ਅਕਾਲੀ ਲੀਡਰਸ਼ਿਪ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ। ਕਿਉਕਿ ਅਕਾਲੀ ਦਲ, ਜੋ ਖੁਦ ਨੂੰ ਪੰਥਕ ਅਤੇ ਕਿਸਾਨਾਂ ਦੀ ਨੁਮਾਇੰਦਾ ਜਥੇਬੰਦੀ ਵਜੋਂ ਪੇਸ਼ ਕਰਦਾ ਆ ਰਿਹਾ ਹੈ, ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਗਵਾਰਾ ਨਹੀਂ ਸੀ। ਇਸ ਕਰ ਕੇ ਅਕਾਲੀ ਲੀਡਰਸ਼ਿਪ ਇਕ ਵੱਡੀ ਦੁਚਿੱਤੀ ਵਿਚ ਸੀ ਕਿ ਗਠਜੋੜ ਟੁੱਟਣ ਨਾਲ ਸਿਆਸੀ ਤੌਰ ’ਤੇ ਫਾਇਦਾ ਹੋਵੇਗਾ ਜਾਂ ਨੁਕਸਾਨ । ਇਸ ਲਈ ਅਕਾਲੀ ਦਲ ਨੇ ਭਾਜਪਾ ਅਤੇ ਬਸਪਾ ਦੀਆਂ ਵੋਟਾਂ ਦੀ ਗਿਣਤੀ ਮਿਣਤੀ ਕਰ ਕੇ ਗਠਜੋੜ ਤੋੜਨ ਦਾ ਫੈਸਲਾ ਲਿਆ।
ਥੋੜ੍ਹੇ ਸਮੇਂ ਬਾਅਦ 2022 ’ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੋਵਾਂ ਪਾਰਟੀਆਂ ਨੇ ਵੱਖਰੇ ਤੌਰ ’ਤੇ ਲੜੀਆਂ । ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰ ਕੇ ਚੋਣ ਲੜੀ ਤੇ ਭਾਜਪਾ ਨੇ ਇੱਕਲਿਆਂ ਚੋਣ ਲੜੀ । ਨਤੀਜਿਆਂ ਨੇ ਦੋਨਾਂ ਪਾਰਟੀਆਂ ਨੂੰ ਨਿਰਾਸ਼ ਕੀਤਾ । ਅਕਾਲੀ ਦਲ ਨੂੰ ਤਿੰਨ ਸੀਟਾਂ ਮਿਲੀਆਂ ਅਤੇ ਭਾਜਪਾ ਨੂੰ ਦੋ ਸੀਟਾਂ ਹੀ ਹਾਸਲ ਹੋ ਸਕੀਆਂ।
ਇਸ ਕਾਰਨ ਦੋਨਾਂ ਪਾਰਟੀਆਂ ਨੂੰ ਮਹਿਸੂਸ ਹੋਣ ਲੱਗਾ ਕਿ ਪੰਜਾਬ ਵਿਚ ਸੱਤਾ ’ਤੇ ਕਾਬਜ਼ ਹੋਣ ਲਈ ਗਠਜੋੜ ਹੀ ਇਕ ਚੰਗਾ ਬਦਲ ਹੈ। ਇਸੇ ਕਾਰਨ 2024 ਦੀਆਂ ਲੋਕ ਸਭਾ ਚੋਣਾਂ ਸਮੇਂ ਦੋਵਾਂ ਪਾਰਟੀਆਂ ਵਿਚਕਾਰ ਦੁਬਾਰਾ ਗਠਜੋੜ ਦੇ ਚਰਚਾਵੇ ਸਿਖਰ ’ਤੇ ਸਨ ਅਤੇ ਦੋਵਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਜਿਸ ਵਿਚ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਇਕ ਦੂਜੇ ਦੇ ਸਿੱਧੇ ਸੰਪਰਕ ਵਿਚ ਸਨ।
ਪਰ ਇਹ ਸਮਝੌਤਾ ਸਿਰੇ ਨਾ ਚੜ੍ਹ ਸਕਿਆ। ਭਾਵੇਂ ਅਕਾਲੀ ਦਲ ਨੇ ਇਸ ਸਮਝੌਤੇ ਦੇ ਸਿਰੇ ਨਾ ਚੜ੍ਹਨ ਦਾ ਕਾਰਨ ਪੰਜਾਬ ਦੀਆਂ ਮੰਗਾਂ ਅਤੇ ਪੰਥਕ ਮੁੱਦੇ ਦੱਸਿਆ ਪਰ ਅਸਲ ਕਾਰਨ ਸੀਟਾਂ ਦੀ ਵੰਡ ਸੀ ਨਾ ਕਿ ਪੰਜਾਬ ਦੇ ਮਸਲੇ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਕ ਵਾਰ ਫਿਰ ਦੋਵਾਂ ਪਾਰਟੀਆਂ ਨੂੰ ਨਿਰਾਸ਼ ਕੀਤਾ ਤੇ ਅਕਾਲੀ ਦਲ ਨੂੰ ਇਕ ਸੀਟ ਅਤੇ ਭਾਜਪਾ ਨੂੰ ਸਿਫ਼ਰ ਨਾਲ ਹੀ ਸਬਰ ਕਰਨਾ ਪਿਆ। ਇਨ੍ਹਾਂ ਚੋਣ ਨਤੀਜਿਆਂ ਨੇ ਦੋਵਾਂ ਪਾਰਟੀਆਂ ਨੂੰ ਆਪਣੀ ਰਣਨੀਤੀ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ । ਇਸੇ ਰਣਨੀਤੀ ਅਧੀਨ ਅਕਾਲੀ ਦਲ ਨੇ ਆਪਣਾ ਧਿਆਨ ਪੰਥਕ ਅਤੇ ਕਿਸਾਨੀ ਨਾਲ ਸਬੰਧਤ ਮੁੱਦਿਆਂ ਵੱਲ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਭਾਜਪਾ ਨੇ ਕਈ ਕਦਮ ਚੁੱਕ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸਿੱਖਾਂ ਦੇ ਹੱਕ ਵਿਚ ਫੈਸਲੇ ਲੈ ਰਹੀ ਹੈ।
ਅਕਾਲੀ ਦਲ ਨੂੰ ਇਹ ਲੋੜ ਮਹਿਸੂਸ ਹੋਈ ਕਿ ਉਸ ਲਈ ਆਪਣਾ ਰਵਾਇਤੀ ਕਿਸਾਨ ਅਤੇ ਸਿੱਖ ਵੋਟ ਬੈਂਕ ਵਾਪਸ ਲਿਆਉਣਾ ਜ਼ਰੂਰੀ ਹੈ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵਸ ਆਪਣੇ ਆਪ ਨੂੰ ਕਿਸਾਨਾਂ ਅਤੇ ਸਿੱਖ ਦਾ ਹਮਦਰਦ ਸਾਬਤ ਕਾਰਨ ਲਈ ਭਾਜਪਾ ਦੇ ਖਿਲਾਫ ਬ੍ਰਿਤਾਂਤ ਬਣਾਉਣ ਦੀ ਕੋਸ਼ਿਸ਼ ਕਰਨੀ ਪਈ। ਇਸੇ ਕਾਰਨ ਉਹ ਕਾਂਗਰਸ ਦੀ ਬਜਾਏ ਭਾਜਪਾ ਦੇ ਖਿਲਾਫ ਮੋਰਚਾ ਬੰਦੀ ਕਰਨ ਲੱਗੇ ਅਤੇ ਅਕਾਲੀ ਦਲ ਨੇ ਭਾਜਪਾ ’ਤੇ ਅਕਾਲੀ ਦਲ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ’ਚ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਭਾਜਪਾ ਨਾਲ ਦੂਰੀ ਵਧਣ ਲੱਗੀ ।
ਇਸੇ ਵਿਰੋਧ ਦੇ ਕਾਰਨ 2025 ਦੀ ਲੁਧਿਆਣਾ ਦੀ ਜ਼ਿਮਨੀ ਚੋਣ ਦੋਵਾਂ ਨੇ ਅਲੱਗ-ਅਲੱਗ ਲੜੀ। ਦੋਵਾਂ ਦੀਆਂ ਕੁੱਲ ਵੋਟਾਂ ਆਪ ਦੇ ਜੇਤੂ ਉਮੀਦਵਾਰ ਨਾਲੋਂ ਸਿਰਫ 7000 ਘੱਟ ਸਨ। ਜਿਸ ਕਾਰਨ ਦੋਵਾਂ ਧਿਰਾਂ ਦੇ ਕੁਝ ਆਗੂ ਇਹ ਸੋਚਣ ਲੱਗੇ ਕਿ ਇਕੱਠੇ ਹੋ ਕੇ ਉਹ ਜਿੱਤ ਸਕਦੇ ਹਨ।
ਪਰ ਹੁਣ ਗਠਜੋੜ ਲਈ ਪਹਿਲਾਂ ਵਰਗੇ ਸੁਖਾਵੇਂ ਹਾਲਾਤ ਨਹੀਂ ਹਨ। ਕਿਉਂਕਿ ਇਕ ਤਾਂ ਅਕਾਲੀ ਦਲ ਨੂੰ ਕਿਸਾਨੀ ਅਤੇ ਸਿੱਖ ਏਜੰਡੇ ’ਤੇ ਭਾਜਪਾ ਤੋਂ ਹਾਂ-ਪੱਖੀ ਹੁੰਗਾਰਾ ਲੈਣਾ ਪਵੇਗਾ ਅਤੇ ਦੂਜਾ ਪਾਰਲੀਮਾਨੀ ਚੋਣਾਂ ਅਤੇ ਜ਼ਿਮਨੀ ਚੋਣਾਂ ਵਿਚ ਭਾਜਪਾ ਨੂੰ ਮਿਲੇ ਵੱਡੇ ਵੋਟ ਫੀਸਦੀ ਨੇ ਭਾਜਪਾ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਜੇਕਰ ਉਸਨੇ 6 ਤੋਂ 7 ਫੀਸਦੀ ਵੋਟ ਵਧਾ ਲਏ ਤਾਂ ਸਰਕਾਰ ਬਣਾ ਸਕਣ ਵਿਚ ਕਾਮਯਾਬ ਹੋ ਜਾਣਗੇ। ਇਸ ਲਈ ਇਸ ਗਠਜੋੜ ਬਾਰੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਸ ਦੀ ਸੰਭਾਵਨਾ ਤਾਂ ਹੈ ਪਰ ਗਾਰੰਟੀ ਨਹੀਂ।
ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)
‘ਸੱਚਾ ਭਾਰਤੀ’ ਕੌਣ ਹੈ?
NEXT STORY