ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੀਆਂ ਤਰੀਫਾਂ 'ਚ ਪੜ੍ਹੇ ਗਏ ਕਸੀਦਿਆਂ ਦੀ ਨਿਖੇਧੀ ਕਰਦੇ ਹੋਏ ਇਹ ਮੰਗ ਕੀਤੀ ਹੈ। ਸਿੱਧੂ ਦਾ ਪਾਕਿਸਤਾਨ ਪ੍ਰਤੀ ਪਿਆਰ ਹਿਮਾਚਲ ਪ੍ਰਦੇਸ਼ ਦੇ ਕਸੌਲੀ 'ਚ ਇਕ ਸਾਹਿਤ ਫੈਸਟੀਵਲ ਦੌਰਾਨ ਦੇਖਣ ਨੂੰ ਮਿਲਿਆ।ਉਨ੍ਹਾਂ ਨੇ ਪਾਕਿਸਤਾਨ ਦੀ ਯਾਤਰਾ ਨੂੰ ਕਈ ਮਾਇਨਿਆਂ 'ਚ ਦੱਖਣੀ ਭਾਰਤ ਤੋਂ ਬਿਹਤਰ ਕਰਾਰ ਦਿੱਤਾ।ਇੰਨਾ ਹੀ ਨਹੀਂ ਪੰਜਾਬ ਸਰਕਾਰ 'ਚ ਲੋਕਲ ਬਾਡੀਜ਼ ਅਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ।ਸਿੱਧੂ ਨੇ ਕਿਹਾ ਕਿ ਜਿਨ੍ਹਾਂ ਨੂੰ ਮੇਰੇ ਪਾਕਿਸਤਾਨ ਜਾਣ ਅਤੇ ਉੱਥੇ ਜਾ ਕੇ ਫੌਜ ਮੁਖੀ ਨੂੰ ਜੱਫੀ ਪਾਉਣ 'ਤੇ ਇਤਰਾਜ਼ ਹੈ, ਉਹ ਕਰਦੇ ਰਹਿਣ।ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਪਾਕਿਸਤਾਨ ਜਾ ਕੇ ਜੱਫੀ ਕੀ ਪੱਪੀ ਵੀ ਕਰਨਗੇ।ਸਿੱਧੂ ਦੀ ਇਸ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਨਿੰਦਾ ਪ੍ਰਗਟ ਕੀਤੀ ਹੈ।
ਇਕ ਬਿਆਨ ਰਾਹੀਂ ਅਕਾਲੀ ਦਲ ਨੇ ਕਿਹਾ ਕਿ ਦੇਸ਼ ਦੇ ਸੱਭਿਆਚਾਰ ਅਤੇ ਵਿਰਸੇ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਸਿੱਧੂ ਦੀ ਤੁਰੰਤ ਕੈਬਨਿਟ 'ਚੋਂ ਛੁੱਟੀ ਕਰਨ।ਗਰੇਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੀ ਤਾਰੀਫ ਕਰਨਾ ਅਤੇ ਦੱਖਣੀ ਭਾਰਤ ਦੀ ਨਿੰਦਾ ਕਰਨੀ ਦੇਸ਼ ਵਿਰੋਧੀ ਵਰਤਾਰਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਇਸ ਮੰਤਰੀ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਪਾਕਿਸਤਾਨ ਜਾਣਾ ਇਕ ਸੁਪਨਿਆਂ ਦੇ ਦੇਸ਼ ਜਾਣ ਵਾਂਗ ਲੱਗਦਾ ਹੈ, ਜਦੋਂ ਕਿ ਭਾਰਤ 'ਚ ਯਾਤਰਾ ਕਰਨਾ ਇਕ ਡਰਾਉਣਾ ਅਨੁਭਵ ਹੁੰਦਾ ਹੈ।ਅਕਾਲੀ ਦਲ ਦੇ ਬੁਲਾਰੇ ਗਰੇਵਾਲ ਨੇ ਕਿਹਾ ਕਿ ਭਾਰਤ ਦੀ ਵੰਨ-ਸੁਵੰਨਤਾ, ਜਿਸ 'ਚ ਇਸ ਦੇ ਵੱਖ ਵੱਖ ਧਰਮ, ਪਹਿਰਾਵੇ, ਸੰਗੀਤ, ਖਾਣੇ, ਸੱਭਿਆਚਾਰ ਅਤੇ ਭਾਸ਼ਾਵਾਂ ਸ਼ਾਮਲ ਹਨ, ਦਾ ਅਪਮਾਨ ਕਰਨ ਲਈ ਨਵਜੋਤ ਸਿੱਧੂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਵੈ-ਘੋਸ਼ਿਤ ਬੁਲਾਰਾ ਅਤੇ ਨੁਮਾਇੰਦਾ ਬਣ ਚੁੱਕੇ ਹਨ, ਜੋ ਲਗਾਤਾਰ ਇਮਰਾਨ ਅਤੇ ਪਾਕਿਸਤਾਨ ਦੀ ਤਾਰੀਫ ਕਰ ਰਹੇ ਹਨ।ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਿੱਧੂ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਉਸ ਦੀ ਛੁੱਟੀ ਕਰਕੇ ਦੇਸ਼ ਭਗਤੀ ਦਾ ਸਬੂਤ ਦੇਣ।
ਸ਼੍ਰੋਮਣੀ ਕਮੇਟੀ ਦੇ ਫਾਰਗ ਮੁਲਾਜ਼ਮਾਂ ਵੱਲੋਂ 20 ਤੋਂ ਮਰਨ ਵਰਤ 'ਤੇ ਬੈਠਣ ਦਾ ਐਲਾਨ
NEXT STORY