ਪਟਿਆਲਾ (ਬਲਜਿੰਦਰ, ਰੱਖੜਾ, ਕੰਬੋਜ) - ਪਟਿਆਲਾ ਦਾ ਸ਼ੀਸ਼ ਮਹਿਲ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ 'ਮਿੱਟੀ' ਹੋਣ ਕਿਨਾਰੇ ਹੈ। ਲਗਭਗ 8 ਸਾਲਾਂ ਤੋਂ ਮੁਰੰਮਤ ਦਾ ਡਰਾਮਾ ਵੀ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਨਾ ਸਮਾਂ ਸ਼ੀਸ਼ ਮਹਿਲ ਨੂੰ ਬਣਨ 'ਚ ਨਹੀਂ ਲੱਗਾ ਹੋਵੇਗਾ, ਜਿਸ ਤੋਂ ਵੀ ਵੱਧ ਸਮਾਂ ਇਸ ਦੀ ਮੁਰੰਮਤ ਨੂੰ ਲੱਗ ਰਿਹਾ ਹੈ। ਹਾਲੇ ਵੀ ਮੁਰੰਮਤ ਜਾਰੀ ਹੈ। ਕਿਸੇ ਪੁਰਾਣੀ ਵਿਰਾਸਤੀ ਇਮਾਰਤ ਦੀ ਮੁਰੰਮਤ ਹੋਣਾ ਭਾਵੇਂ ਚੰਗੀ ਗੱਲ ਹੈ। ਸ਼ੀਸ਼ ਮਹਿਲ ਦੀ ਬਾਹਰੀ ਦਿੱਖ ਦੀ ਮੁਰੰਮਤ ਕੀੜੀ-ਚਾਲ ਹੋ ਰਹੀ ਹੈ। ਇਸ ਸਮੇਂ ਦੌਰਾਨ ਇਥੇ ਪਈਆਂ ਕਈ ਪੁਰਾਣੀਆਂ ਵਿਰਾਸਤੀ ਤੇ ਅਨਮੋਲ ਵਸਤਾਂ ਅਣਗਹਿਲੀ ਦਾ ਸ਼ਿਕਾਰ ਹੋ ਕੇ 'ਮਿੱਟੀ' ਹੋ ਗਈਆਂ ਹਨ। ਇਨ੍ਹਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਕੀਮਤੀ ਤੋਪਾਂ ਅਹਿਮ ਹਨ, ਜੋ ਕਿ ਅੱਜ ਤਕਰੀਬਨ ਸਾਰੀਆਂ ਟੁੱਟ ਕੇ ਆਸ-ਪਾਸ ਖਿੱਲਰੀਆਂ ਮਿੱਟੀ ਵਿਚ ਰੁਲੀਆਂ ਪਈਆਂ ਹਨ। ਇਥੇ ਕੀਮਤੀ ਦਰਵਾਜ਼ਿਆਂ ਤੇ ਲੱਕੜ ਨੂੰ ਸਿਉਂਕ ਖਾ ਰਹੀ ਹੈ। ਇਹੀ ਨਹੀਂ, ਪਿਛਲੀ ਕੈਪਟਨ ਸਰਕਾਰ ਵੱਲੋਂ ਲਵਾਈਆਂ ਗਈਆਂ ਮਹਿੰਗੀਆਂ ਮਰਕਰੀ ਲਾਈਟਾਂ ਵੀ ਬਿਲਕੁਲ ਨਸ਼ਟ ਹੋ ਚੁੱਕੀਆਂ ਹਨ। ਪਿਛਲੇ 10 ਸਾਲਾਂ ਵਿਚ ਇਥੇ ਅਕਾਲੀ ਦਲ ਦੀ ਸਰਕਾਰ ਸੀ। ਉਸ 'ਤੇ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਸ਼ੀਸ਼ ਮਹਿਲ ਨਾਲ ਵਿਤਕਰਾ ਕਰਨ ਦੇ ਦੋਸ਼ ਲਗਦੇ ਸਨ। ਕਾਂਗਰਸ ਸਰਕਾਰ ਆਉਣ 'ਤੇ ਮਹਿਲ ਦੇ ਨਵੀਨੀਕਰਨ ਨੂੰ ਬੂਰ ਪੈਣ ਦੀ ਉਮੀਦ ਜਾਗੀ ਸੀ ਪਰ ਹੁਣ ਤਾਂ ਕਾਂਗਰਸ ਨੇ ਵੀ ਇਸ ਕੰਮ ਨੂੰ ਬਿਲਕੁਲ ਹੀ ਰੋਕ ਦਿੱਤਾ ਹੈ। ਆਖਿਰ ਸ਼ਾਹੀ ਪਰਿਵਾਰ ਵੱਲੋਂ ਕਿਉਂ ਨਹੀਂ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ? ਕਈ ਸਾਲਾਂ ਤੋਂ ਸ਼ੀਸ਼ ਮਹਿਲ ਬੰਦ ਪਿਆ ਹੈ। ਦੂਰ-ਦੁਰਾਡੇ ਤੋਂ ਇਸ ਨੂੰ ਦੇਖਣ ਦੇ ਚਾਅ ਨਾਲ ਆਇਆ ਹਰ ਵਿਅਕਤੀ ਇਸ ਦੀ ਨਿੱਘਰ ਰਹੀ ਹਾਲਤ ਦੇਖ ਕੇ ਬਹੁਤ ਮਾਯੂਸ ਹੁੰਦਾ ਹੈ। ਸੈਲਾਨੀ ਮੁੜ ਇਧਰ ਨੂੰ ਮੂੰਹ ਨਹੀਂ ਕਰਦੇ।
ਕੁਝ ਕੀਮਤੀ ਸਿੱਕੇ ਗਾਇਬ!
ਸ਼ੀਸ਼ ਮਹਿਲ ਦੇ ਮਿਊਜ਼ੀਅਮ ਅੰਦਰ ਕਈ ਕੀਮਤੀ ਵਸਤਾਂ ਤੇ ਸਿੱਕੇ ਪਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੋਂ ਪਟਿਆਲਾ ਰਿਆਸਤ ਦੇ ਸਿੱਕੇ ਗਾਇਬ ਹਨ। ਇਹ ਕਦੋਂ ਤੇ ਕਿਵੇਂ ਗਾਇਬ ਹੋਏ? ਇਹ ਕੋਈ ਨਹੀਂ ਜਾਣਦਾ। ਇਸ ਦੀ ਪੜਤਾਲ ਹੋਣੀ ਚਾਹੀਦੀ ਹੈ। ਅਕਾਲੀ ਸਰਕਾਰ ਵੱਲੋਂ ਇਨ੍ਹਾਂ ਗਾਇਬ ਸਿੱਕਿਆਂ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਸੀ। ਗੱਲ ਮੁੜ ਕੇ ਅੱਗੇ ਨਹੀਂ ਤੁਰੀ। ਇਹੀ ਨਹੀਂ, ਇੱਥੋਂ ਹੋਰ ਵੀ ਕਈ ਕੀਮਤੀ ਵਸਤਾਂ ਜਿਨ੍ਹਾਂ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ ਬਹੁਤ ਜ਼ਿਆਦਾ ਹੈ, ਦੇ ਵੀ ਗਾਇਬ ਹੋਣ ਦਾ ਸ਼ੱਕ ਹੈ।
ਕਿਸੇ ਸਮੇਂ ਸੀ ਸ਼ਾਹੀ ਸ਼ਹਿਰ ਦੀ ਸ਼ਾਨ
ਜ਼ਿਕਰਯੋਗ ਹੈ ਕਿ ਇਤਿਹਾਸਕ ਸ਼ੀਸ਼ ਮਹਿਲ ਪੰਜਾਬ ਵਿਚ ਹੀ ਨਹੀਂ, ਸਗੋਂ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ਵਿਚ ਵੀ ਮਸ਼ਹੂਰ ਹੈ। ਕਿਸੇ ਸਮੇਂ ਇਹ ਸ਼ਾਹੀ ਸ਼ਹਿਰ ਦੀ ਸ਼ਾਨ ਸਮਝਿਆ ਜਾਂਦਾ ਸੀ। ਇਹ ਸੂਬੇ ਦੀ ਵਿਰਾਸਤ ਦੀਆਂ ਸਭ ਤੋਂ ਵੱਡੀਆਂ ਨਿਸ਼ਾਨੀਆਂ ਵਿਚੋਂ ਇਕ ਹੈ। ਇਸ ਵਿਰਾਸਤ ਦਾ ਜੋ ਅੱਜ ਹਾਲ ਹੋ ਰਿਹਾ ਹੈ, ਉਹ ਹਾਲ ਸ਼ਾਇਦ ਸੜਕ 'ਤੇ ਪਈ ਕਿਸੇ ਲਾਵਾਰਿਸ ਚੀਜ਼ ਦਾ ਵੀ ਨਹੀਂ ਹੁੰਦਾ। ਸ਼ੀਸ਼ ਮਹਿਲ ਹੁਣ ਸਿਰਫ ਨਾਂ ਦਾ ਹੀ ਮਹਿਲ ਰਹਿ ਗਿਆ। ਇਸ ਵਿਚਲੀ ਵਿਰਾਸਤ 'ਮਿੱਟੀ' ਹੋ ਰਹੀ ਹੈ।
ਆਰਟ ਤੇ ਹੋਰ ਗੈਲਰੀਆਂ ਦਾ ਕੀਮਤੀ ਸਾਮਾਨ ਵੀ 'ਰਾਮ ਭਰੋਸੇ'
ਜਦ ਤੋਂ ਸ਼ੀਸ਼ ਮਹਿਲ ਦੀ ਮੁਰੰਮਤ ਚੱਲ ਰਹੀ ਹੈ, ਉਦੋਂ ਤੋਂ ਹੀ ਇਸ ਦੀ ਜੀਵ-ਜੰਤੂ ਗੈਲਰੀ, ਸ਼ੀਸ਼ ਮਹਿਲ ਗੈਲਰੀ, ਆਰਟ ਗੈਲਰੀ ਤੇ ਹੋਰ ਦੂਜੀਆਂ ਗੈਲਰੀਆਂ ਨੂੰ ਵੀ ਤਾਲੇ ਲੱਗੇ ਹੋਏ ਹਨ। ਇਨ੍ਹਾਂ ਆਰਟ ਗੈਲਰੀਆਂ ਵਿਚ ਰਾਜੇ-ਮਹਾਰਾਜਿਆਂ ਦੇ ਸਮੇਂ ਦੀਆਂ ਕਈ ਬੇਸ਼ਕੀਮਤੀ ਵਿਰਾਸਤੀ ਵਸਤਾਂ ਹਨ।
ਇਨ੍ਹਾਂ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਬੜੀ ਮੰਗ ਹੈ ਪਰ ਤਾਲੇ ਲੱਗਣ ਤੋਂ ਬਾਅਦ ਇਨ੍ਹਾਂ ਗੈਲਰੀਆਂ ਦਾ ਕੀਮਤੀ ਸਾਮਾਨ ਵੀ 'ਰਾਮ ਭਰੋਸੇ' ਹੈ। ਤਾਲੇ ਖੁੱਲ੍ਹਣ ਮਗਰੋਂ ਉਹ ਕਿਸ ਹਾਲਤ ਵਿਚ ਹੋਵੇਗਾ? ਇਸ ਸਬੰਧੀ ਕੋਈ ਨਹੀਂ ਜਾਣਦਾ।
ਕੀ ਹੈ ਸ਼ੀਸ਼ ਮਹਿਲ ਦਾ ਇਤਿਹਾਸ
ਸ਼ੀਸ਼ ਮਹਿਲ ਨੂੰ ਸ਼ੀਸ਼ਿਆਂ ਦਾ ਮਹਿਲ ਵੀ ਕਿਹਾ ਜਾਂਦਾ ਹੈ, ਜੋ ਕਿ ਪਟਿਆਲੇ ਸ਼ਹਿਰ ਵਿਚ ਸਥਿਤ ਹੈ। ਇਹ ਮੋਤੀ ਬਾਗ ਪੈਲੇਸ ਦਾ ਹਿੱਸਾ ਸੀ। ਇਸ ਪੈਲੇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 ਈ. ਵਿਚ ਬਣਵਾਇਆ ਸੀ।
ਭਾਰਤੀ ਰਿਆਸਤਾਂ ਦੇ ਮਹਾਰਾਜਿਆਂ ਵੱਲੋਂ ਚਲਾਏ ਆਪੋ-ਆਪਣੇ ਸਿੱਕੇ ਇੱਥੇ ਪਟਿਆਲਾ ਦੇ ਸ਼ੀਸ਼ ਮਹਿਲ ਵਿਚ ਬੰਦ ਪਏ ਹਨ। ਇੱਥੋਂ ਤੱਕ ਕਿ ਨਾਨਕਸ਼ਾਹੀ ਸਿੱਕੇ ਵੀ ਪਏ ਹਨ। ਪਟਿਆਲਾ ਦੇ ਸ਼ੀਸ਼ ਮਹਿਲ ਵਿਚ ਪੇਟੀਆਂ 'ਚ ਅਤੇ ਸ਼ੀਸ਼ੇ ਦੇ ਬਕਸਿਆਂ 'ਚ ਬੰਦ ਕਰੀਬ 29700 ਸਿੱਕੇ ਪਏ ਹਨ। ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ 867 ਰਿਆਸਤਾਂ ਹਨ। ਇਨ੍ਹਾਂ ਦੇ ਆਪੋ-ਆਪਣੇ ਸਿੱਕੇ ਹਨ। ਪੈਲੇਸ ਦੇ ਸਾਹਮਣੇ ਇਕ ਸੁੰਦਰ ਝੀਲ ਹੈ, ਜਿਸ ਨੂੰ 'ਲਛਮਣ ਝੂਲਾ' ਵੀ ਕਿਹਾ ਜਾਂਦਾ ਹੈ। ਇਥੇ ਅੱਜ ਵੱਡੀਆਂ-ਵੱਡੀਆਂ ਝਾੜੀਆਂ ਉੱਗੀਆਂ ਹੋਈਆਂ ਹਨ। ਉੱਪਰ ਬਣਿਆ ਲੱਕੜ ਦਾ ਪੁਲ (ਝੂਲਾ) ਆਪਣੀ ਨਿੱਘਰ ਰਹੀ ਤਰਸਯੋਗ ਹਾਲਤ 'ਤੇ ਹੰਝੂ ਵਹਾਅ ਰਿਹਾ ਹੈ।
ਆਪਣੇ ਸ਼ਹਿਰ 'ਚੋਂ ਹੀ ਲੋਕਾਂ ਦਾ ਭਰੋਸਾ ਗਵਾ ਚੁੱਕੇ ਅਮਰਿੰਦਰ ਅਸਤੀਫਾ ਦੇਣ : ਰੱਖੜਾ
NEXT STORY