ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੇ ਅਚਨਚੇਤੀ ਸ਼ੁਰੂ ਹੋਏ ਕਹਿਰ ਨੇ ਸਮੁੱਚੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੀਮਾਰੀ ਫੈਲਣ ਦੇ ਡਰ ਕਾਰਨ ਕੀਤੇ ਗਏ ਲਾਕ ਡਾਊਨ ਨੇ ਲੋਕ ਘਰਾਂ ਵਿਚ ਕੈਦ ਕਰ ਦਿੱਤੇ ਹਨ । ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਦਫਤਰਾਂ ਅਤੇ ਹੋਰ ਅਨੇਕਾਂ ਪ੍ਰਮੁੱਖ ਅਦਾਰਿਆਂ ਨੂੰ ਜਿੰਦਰੇ ਵੱਜ ਚੁੱਕੇ ਹਨ। ਵਿੱਦਿਅਕ ਪ੍ਰਬੰਧਾਂ ਦੇ ਕਾਰਜ ਵਿਚ ਵੱਡਾ ਬਦਲਾਅ ਆ ਰਿਹਾ। ਇਸ ਗੰਭੀਰ ਹਾਲਤ ਨਾਲ ਨਜਿੱਠਣ ਲਈ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨ ਲਾਈਨ ਪੜ੍ਹਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੀ.ਡੀ.ਐੱਫ਼ ਪੁਸਤਕਾਂ ਅਤੇ ਹੋਰ ਈ.ਕੰਨਟੈਂਟ ਉਪਲਬਧ ਵੀ ਕਰਵਾਇਆ ਜਾ ਰਿਹਾ ਹੈ। ਵਟਸਐਪ ਗਰੁੱਪਾਂ ਅਤੇ ਹੋਰ ਸੋਸ਼ਲ ਸਾਈਟਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪ੍ਰਾਈਵੇਟ ਸਿੱਖਿਅਕ ਅਦਾਰੇ ਵੀ ਇਸ ਯਤਨ ਵਿਚ ਹਨ ਕਿ ਉਹ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਅ ਮੁਹੱਈਆ ਕਰਵਾ ਕੇ ਸਿੱਖਿਆ ਤੰਤਰ ਉੱਤੇ ਆਪਣਾ ਦਬਦਬਾ ਕਾਇਮ ਰੱਖ ਸਕਣ।
ਵਪਾਰ ਅਤੇ ਕਾਰੋਬਾਰ ਠੱਪ ਹੋਣ ਕਾਰਨ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਵਾਧੂ ਫੀਸ ਅਤੇ ਹੋਰ ਚਾਰਜ ਨਹੀਂ ਵਸੂਲਣਗੇ ਪਰ ਇਸ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਵੱਲੋਂ ਟਿਊਸ਼ਨ ਫੀਸ ਦੇ ਨਾਂ ’ਤੇ ਮਾਪਿਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
--------------
ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਜਮ੍ਹਾਂ ਕਰਵਾਉਣ ਲਈ ਦਿੱਤੇ ਜਾ ਰਹੇ ਹਨ ਡਰਾਵੇ
ਇਸ ਸਮੁੱਚੇ ਮਾਮਲੇ ਸਬੰਧੀ ਜਗਬਾਣੀ ਵੱਲੋਂ ਜਦੋਂ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਦੇ ਕੁਝ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਮਾਪਿਆਂ ਦੇ ਮੋਬਾਈਲ ਨੰਬਰਾਂ ’ਤੇ ਮੈਸਿਜ ਕਰ ਕੇ ਡਰਾਵੇ ਦਿੱਤੇ ਜਾ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਇਸ ਤਰੀਕ ਤੱਕ ਫੀਸ ਜਮ੍ਹਾਂ ਨਾ ਕਰਵਾਈ ਤਾਂ ਉਹ ਸਕੂਲ ਦਾ ਕੰਮ ਭੇਜਣਾ ਬੰਦ ਕਰ ਦੇਣਗੇ। ਮਾਪਿਆਂ ਨੇ ਕਿਹਾ ਕਿ ਕੰਮਕਾਰ ਬਿਲਕੁਲ ਬੰਦ ਹੋ ਗਏ ਹਨ, ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ, ਅਜਿਹੇ ਵਿਚ ਉਹ ਸਕੂਲ ਫੀਸ ਕਿੱਥੋਂ ਅਤੇ ਕਿਵੇਂ ਜਮ੍ਹਾਂ ਕਰਵਾਉਣ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਸਾਂਝਾ ਸਕੂਲ ਸਿਸਟਮ ਲਿਆਉਣ ਦਾ ਬਹੁਤ ਵਧੀਆ ਮੌਕਾ ਹੈ : ਜਰਮਨਜੀਤ ਸਿੰਘ
ਇਸ ਸਮੁੱਚੇ ਮਾਮਲੇ ਸਬੰਧੀ ਜਗਬਾਣੀ ਵੱਲੋਂ ਜਦੋਂ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸੰਕਟ ਦਰਮਿਆਨ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਸਿੱਖਿਆ ਤੰਤਰ ਨੂੰ ਆਪਣੇ ਹੱਥਾਂ ਵਿਚ ਲੈ ਲਵੇ। ਇਸ ਤਰ੍ਹਾਂ ਕਰਨ ਨਾਲ ਹਰ ਬੱਚੇ ਨੂੰ ਫਰੀ ਆਨਲਾਈਨ ਸਿੱਖਿਆ ਦਿੱਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਹ ਅਜਿਹਾ ਮੌਕਾ ਹੈ, ਜਦੋਂ ਅਸੀਂ ਆਨਲਾਈਨ ਐਜੂਸੈੱਟ ਸਿਸਟਮ ਅਤੇ ਟੀਵੀ ਚੈਨਲਾਂ ਰਾਹੀਂ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਕੱਠਿਆਂ ਪੜ੍ਹਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਮੁਹਾਲ਼ੀ ਤੋਂ ਐਜੂਸੈੱਟ ਮਾਧਿਅਮ ਰਾਹੀਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ, ਉਸ ਨੂੰ ਹੋਰ ਫੈਲਾਅ ਕੇ ਜ਼ਿਲਾ ਪੱਧਰ ’ਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਹਰ ਗ਼ਰੀਬ ਅਤੇ ਅਮੀਰ ਦੇ ਬੱਚੇ ਨੂੰ ਇੱਕੋ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਸਕੇਗੀ ਅਤੇ ਸਾਂਝਾ ਸਕੂਲ ਸਿਸਟਮ ਵੀ ਲਾਗੂ ਹੋ ਜਾਵੇਗਾ।
ਸਰਕਾਰੀ ਅਧਿਆਪਕਾਂ ਵਿਚ ਕਾਬਲੀਅਤ ਦੀ ਕੋਈ ਘਾਟ ਨਹੀਂ : ਅਧਿਆਪਕ ਤਜਿੰਦਰ ਸਿੰਘ ਅਲਾਉਦੀਪੁਰ
ਇਸ ਮਾਮਲੇ ਬਾਰੇ ਜਦੋਂ ਅਧਿਆਪਕ ਤਜਿੰਦਰ ਸਿੰਘ ਅਲਾਉਦੀਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਕਾਰੋਬਾਰ ਲਗਭਗ ਠੱਪ ਹੋ ਕੇ ਰਹਿ ਗਏ ਹਨ। ਮਾਪਿਆਂ ਕੋਲ ਐਨੇ ਪੈਸੇ ਨਹੀਂ ਹਨ ਕਿ ਉਹ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਸਕਣ । ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਅਜੇ ਕਿੰਨਾ ਸਮਾਂ ਹੋਰ ਰਹੇ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦਾ ਪ੍ਰਬੰਧ ਕਰੇ। ਸਰਕਾਰੀ ਅਧਿਆਪਕਾਂ ਵਿਚ ਕਾਬਲੀਅਤ ਦੀ ਕੋਈ ਘਾਟ ਨਹੀਂ ਅਤੇ ਉਹ ਹਰ ਬੱਚੇ ਨੂੰ ਪੜ੍ਹਾਉਣ ਲਈ ਤਿਆਰ ਹਨ।
ਪੰਜਾਬ ’ਚ ਹੁਣ ਤੱਕ ਕਣਕ ਦੀ ਖਰੀਦ ਦਾ 92% ਕਾਰਜ ਮੁਕੰਮਲ : ਵਿਸਵਾਜੀਤ ਖੰਨਾ
NEXT STORY