ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਹੀ ਸਿੱਖੀ ਪ੍ਰਫ਼ੁਲਿਤ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵਿਚਾਰ ਅੱਜ ਇੱਥੇ ਕਰੋਲ ਬਾਗ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਾਬੀ ਪ੍ਰਮੋਸ਼ਨ ਫ਼ੋਰਮ ਵੱਲੋਂ ਆਯੋਜਿਤ ਇਕ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਨੇ ਫ਼ੋਰਮ ਵਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਜਦੋਂ ਨਵੀਂ ਪੀੜ੍ਹੀ ਪੰਜਾਬੀ ਭਾਸ਼ਾ ਤੋਂ ਦੂਰ ਜਾ ਰਹੀ ਹੈ ਤਾਂ ਇਸ ਸਮੇਂ ਪੰਜਾਬੀ ਭਾਸ਼ਾ ਦਾ ਵਿਕਾਸ ਕਰ ਕੇ ਹੀ ਸਿੱਖੀ ਨੂੰ ਪ੍ਰਫ਼ੁਲਤ ਕੀਤਾ ਜਾ ਸਕਦਾ ਹੈ ਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜ ਕੇ ਹੀ ਸਿੱਖੀ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਬੱਚੇ ਗੁਰਮੁੱਖੀ ਨੂੰ ਭੁੱਲ ਜਾਣਗੇ ਤਾਂ ਉਹ ਆਪਣੇ ਇਤਿਹਾਸ ਨੂੰ ਭੁੱਲ ਜਾਣਗੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਨੂੰ ਪੜ੍ਹਨ ਤੇ ਸਮਝਣ ਵਿਚ ਸਮਰਥ ਨਹੀਂ ਹੋਣਗੇ। ਇਸ ਲਈ ਸਾਡਾ ਸਭ ਦਾ ਫ਼ਰਜ ਬਣਦਾ ਹੈ ਕਿ ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕੀਤਾ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਖਾਲਸਾ ਪੰਥ ਦੇ 300 ਸਾਲਾ ਸਥਾਪਨਾ ਦਿਵਸ ਮੌਕੇ ਵਰਿੰਦਰਜੀਤ ਸਿੰਘ ਬਿੱਟੂ ਨੇ ਪੰਜਾਬੀ ਪ੍ਰਮੋਸ਼ਨ ਫ਼ੋਰਮ ਬਣਾ ਕੇ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਕਾਰਜ ਅਰੰਭਿਆ ਸੀ ਤੇ ਹੁਣ 20 ਸਾਲ ਹੋ ਚੁੱਕੇ ਹਨ। ਇਨ੍ਹਾਂ ਨੇ ਸਿਰਫ ਸਿੱਖਾਂ ਨੂੰ ਹੀ ਨਹੀਂ ਸਗੋਂ ਦੇਸ਼ ਭਰ ਵਿਚ ਹਰ ਧਰਮ ਦੇ ਲੋਕਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਦੇਣ ਦਾ ਨੇਕ ਕਾਰਜ ਕੀਤਾ ਹੈ ਤੇ ਲਗਾਤਾਰ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਹ ਗੱਲ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਇਸ ਸੰਸਥਾ ਤੋਂ ਪੰਜਾਬੀ ਦਾ ਗਿਆਨ ਲੈ ਕੇ ਉਹ ਬੀਬੀਆਂ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੀਆਂ ਸਨ ਜੋ ਕਦੇ ਪੰਜਾਬੀ ਬਿਲਕੁਲ ਨਹੀਂ ਜਾਣਦੀਆਂ ਸਨ ਅਤੇ ਦੂਜੇ ਧਰਮਾਂ ਨਾਲ ਸਬੰਧਿਤ ਹਨ ਇਸ ਲਈ ਪੰਜਾਬੀ ਫ਼ੋਰਮ ਵਧਾਈ ਦੀ ਪਾਤਰ ਹੈ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਪ੍ਰਮੋਸ਼ਨ ਫ਼ੋਰਮ ਵਰਗੀਆਂ ਸੰਸਥਾਵਾਂ ਦੀ ਮਦਦ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਭਾਸ਼ਾ ਦੇ ਪ੍ਰਚਾਰ ਦਾ ਪ੍ਰੋਗਰਾਮ ਆਰੰਭ ਰਹੀ ਹੈ, ਜਿਸ ਨਾਲ ਦਿੱਲੀ ਦੇ ਹਰ ਘਰ ਤੱਕ ਪੰਜਾਬੀ ਭਾਸ਼ਾ ਨੂੰ ਪਹੁੰਚਾਇਆ ਜਾਵੇਗਾ।
ਇਸ ਸਮੇਂ ਬੋਲਦਿਆਂ ਦਿੱਲੀ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਘਰਾਂ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ ਦੀ ਆਦਤ ਪਾਉਣੀ ਚਾਹੀਦੀ ਹੈ।
ਇਕ ਕਰੋੜ ਦੀ ਹੈਰੋਇਨ ਸਣੇ ਦੋ ਸਗੇ ਭਰਾ ਗ੍ਰਿਫਤਾਰ
NEXT STORY