ਮਾਛੀਵਾੜਾ ਸਾਹਿਬ (ਟੱਕਰ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੁੱਜੇ ਜਿੱਥੇ ਉਨ੍ਹਾਂ ਨਤਮਸਤਕ ਹੋਣ ਉਪਰੰਤ ਪਵਿੱਤਰ ਖੂਹ ਅਤੇ ਜੰਡ ਸਾਹਿਬ ਦੇ ਵੀ ਦਰਸ਼ਨ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਬੜਾ ਮੁਕੱਦਸ ਅਸਥਾਨ ਹੈ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸ਼ਬਦ ਉਚਾਰ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸਾਹਿਬ ਦੇ ਜੰਗਲਾਂ ’ਚੋਂ ਹੀ ਸਿੱਖੀ ਦੀ ਚਡ਼੍ਹਦੀਕਲਾ ਦਾ ਰਾਹ ਨਿਕਲਦਾ ਹੈ ਕਿਉਂਕਿ ਇਹ ਜੰਗਲ ਹੀ ਸਾਨੂੰ ਦੱਸਦੇ ਹਨ ਕਿ ਔਖਾ ਤੋਂ ਔਖਾ ਸਮਾਂ ਹੋਵੇ ਅਤੇ ਰੱਬ ਦੇ ਆਸਰੇ ਸਾਰੀਆਂ ਮੁਸ਼ਕਿਲਾਂ ਤੋਂ ਬਾਹਰ ਨਿਕਲ ਆਉਂਦੇ ਹਾਂ।
ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਇਸ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਲਈ ਆਉਣਾ ਚਾਹੀਦਾ ਹੈ ਅਤੇ ਇੱਥੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਪੰਥ ਦੀ ਚੜ੍ਹਦੀਕਲਾ ਲਈ ਚਾਰ ਪੁੱਤਰ ਵਾਰ ਕੇ ਰੱਬ ਦੇ ਸ਼ੁਕਰਾਨਾ ਕੀਤਾ। ਜਥੇਦਾਰ ਗੜਗੱਜ ਨੇ ਕਿਹਾ ਕਿ ਸੰਗਤ ਨੂੰ ਗੁਰੂ ਸਾਹਿਬ ਤੋਂ ਸੇਧ ਲੈ ਕੇ ਸਿੱਖੀ ਸਵਰੂਪ ਵਿਚ ਸਜ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਤਿਹਾਸਕ ਧਰਤੀ ’ਤੇ ਆ ਕੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਪੰਥ ਦੀ ਹਮੇਸ਼ਾ ਚੜ੍ਹਦੀਕਲਾ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਭਾਈਚਾਰਕ ਸਾਂਝ ਬਣੇ ਅਤੇ ਨਸ਼ਾ ਤੋਂ ਦੂਰ ਰਹਿ ਕੇ ਸਿੱਖ ਸੰਗਤ ਗੁਰੂ ਵਾਲੀ ਬਣੇ। ਜਥੇਦਾਰ ਗੜਗੱਜ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖਾਂ ਦੀ ਘਟਦੀ ਅਬਾਦੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅੱਜਕੱਲ੍ਹ ਹਰ ਸਿੱਖ ਪਰਿਵਾਰ ਇੱਕ ਜਾਂ ਦੋ ਬੱਚੇ ਪੈਦਾ ਕਰਨ ਤੱਕ ਸੀਮਿਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰ ਘੱਟੋ ਘੱਟ 3 ਬੱਚੇ ਪੈਦਾ ਜ਼ਰੂਰ ਕਰਨ ਅਤੇ ਬਚਪਨ ਤੋਂ ਹੀ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਣ, ਬਾਣੀ ਨਾਲ ਜੋੜਨ, ਨਿਤਨੇਮ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਵੱਡੇ ਹੋ ਕੇ ਪੂਰਨ ਸਿੱਖੀ ਸਰੂਪ ਵਿਚ ਸਜਣ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ, ਮੈਨੇਜਰ ਜਸਵੀਰ ਸਿੰਘ ਮੰਗਲੀ, ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਕਥਾਵਾਚਕ ਇਕਨਾਮ ਸਿੰਘ, ਅਕਾਊਂਟੈਂਟ ਸੁਖਦੇਵ ਸਿੰਘ, ਖਜ਼ਾਨਚੀ ਜਸਪਿੰਦਰ ਸਿੰਘ ਵੀ ਮੌਜੂਦ ਸਨ।
ਭਾਰਤ-ਪਾਕਿ ਕੜਵਾਹਟ ਤੋਂ ਬੇਫ਼ਿਕਰ ਹੋ ਕੇ ਲੋਕ ਕਰਤਾਰਪੁਰ ਸਾਹਿਬ ਦਰਸ਼ਨਾਂ ਨੂੰ ਜਾਣ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ-ਪਾਕਿ ਕੜਵਾਹਟ ਦੀਆਂ ਮੀਡੀਆ 'ਚ ਆਈਆਂ ਖ਼ਬਰਾਂ ਤੋਂ ਬਾਅਦ ਇਸ ਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ ’ਤੇ ਪਿਆ ਜਿਸ ਕਾਰਨ ਸੰਗਤ ਦੀ ਆਮਦ ਘਟੀ ਹੈ। ਜਥੇਦਾਰ ਨੇ ਕਿਹਾ ਕਿ ਸਿੱਖ ਸੰਗਤਾਂ ਬੇਫ਼ਿਕਰ ਹੋ ਕੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਜਾਣ। ਜਥੇਦਾਰ ਨੇ ਕਿਹਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਪਾਸਪੋਰਟ ਦੀ ਸ਼ਰਤ ਖ਼ਤਮ ਕਰ ਕੇਵਲ ਅਧਾਰ ਕਾਰਡ ਹੀ ਦਰਸ਼ਨਾਂ ਲਈ ਪ੍ਰਵਾਨਗੀ ਦੇਣ ਤਾਂ ਜੋ ਹਰ ਸਿੱਖ ਆਪਣੀ ਪਹਿਲੀ ਪਾਤਸ਼ਾਹੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ।
ਪਾਣੀਆਂ ’ਤੇ ਪੰਜਾਬ ਦਾ ਹੱਕ, ਇਸ ਮਸਲੇ ਨੂੰ ਮਿਲ ਕੇ ਸੁਲਝਾਉਣਾ ਚਾਹੀਦਾ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ 5 ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ ਪਰ ਅੱਜ ਪਹਿਲਾਂ ਹੀ ਸਾਡੇ ਤੋਂ 2 ਦਰਿਆ ਖੋਹ ਲਏ ਗਏ। ਉਨ੍ਹਾਂ ਕਿਹਾ ਕਿ ਪਾਣੀਆਂ ’ਤੇ ਪੰਜਾਬ ਦਾ ਹੱਕ ਹੈ ਕਿਉਂਕਿ ਇੱਥੋਂ ਦੇ ਲੋਕਾਂ ਨੇ ਬੜੀ ਮਿਹਨਤ ਨਾਲ ਜ਼ਮੀਨ ਨੂੰ ਆਬਾਦ ਕਰ ਸਿੰਚਾਈ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ ਧੱਕੇ ਨਾਲ ਖੋਹ ਲਿਆ ਗਿਆ ਤਾਂ ਇੱਥੇ ਸੋਕੇ ਵਾਲੇ ਅਸਾਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਦੇ ਸਿੱਖ ਹਾਂ ਅਤੇ ਭਾਈ ਘਨੱਈਆ ਜੀ ਵਾਲੀ ਸੋਚ ਰੱਖਦੇ ਹਨ ਤੇ ਪੀਣ ਲਈ ਪਾਣੀ ਬਿਨ੍ਹਾਂ ਭੇਦਭਾਵ ਤੋਂ ਦਿੰਦੇ ਹਾਂ ਪਰ ਜੇਕਰ ਕੋਈ ਪਾਣੀ ਧੱਕੇ ਨਾਲ ਖੋਹੇਗਾ ਤਾਂ ਅਸੀਂ ਭਾਈ ਬਚਿੱਤਰ ਸਿੰਘ ਵਾਲੀ ਸੋਚ ਵੀ ਰੱਖਦੇ ਹਾਂ ਕਿ ਜੇਕਰ ਚੜ੍ਹ ਕੇ ਆਵੇ ਤਾਂ ਉਸ ਨੂੰ ਉਤਾਰਨਾ ਕਿਵੇਂ ਹੈ। ਉਨ੍ਹਾਂ ਕਿਹਾ ਕਿ ਨਿਮਰਤਾ ਨਾਲ ਤਾਂ ਮਸਲੇ ਹੱਲ ਹੋ ਸਕਦੇ ਹਨ ਪਰ ਧੱਕੇਸ਼ਾਹੀ ਨਾਲ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਵੀ ਸਾਡਾ ਆਪਣਾ ਹੈ ਇਸ ਲਈ ਆਪਸ ਵਿਚ ਬੈਠ ਕੇ ਜਿਸ ਦਾ ਜੋ ਹੱਕ ਬਣਦਾ ਹੈ ਉਹ ਲੈ ਲਵੇ।
ਜਥੇਦਾਰ ਗੜਗੱਜ ਨੇ ਸਿੱਖੀ ਸਵਰੂਪ 'ਚ ਸਜੇ ਛੋਟੇ-ਛੋਟੇ ਬੱਚਿਆਂ ਨੂੰ ਦਿੱਤਾ ਪਿਆਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਦੋਂ ਗੁਰੂ ਘਰ ਤੋਂ ਨਤਮਸਤਕ ਹੋ ਕੇ ਲੰਗਰ ਹਾਲ ਵੱਲ ਆ ਰਹੇ ਸਨ ਤਾਂ ਉੱਥੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਸਿਰ ’ਤੇ ਦਸਤਾਰਾਂ ਸਜਾਈਆਂ ਸਨ ਉਨ੍ਹਾਂ ਨੂੰ ਪਿਆਰ ਦਿੱਤਾ। ਜਥੇਦਾਰ ਸਾਹਿਬ ਨੇ ਬੱਚਿਆਂ ਤੋਂ ਛੋਟੇ ਬੱਚਿਆਂ ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ ਦਾ ਇਤਿਹਾਸ ਪੁੱਛਿਆ ਅਤੇ ਨਿਤਨੇਮ ਕਰਨ ਲਈ ਪ੍ਰੇਰਿਤ ਕੀਤਾ। ਇੱਥੇ ਹੀ ਇੱਕ ਬਜ਼ੁਰਗ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਪਤਿਤਪੁਣਾ ਤਿਆਗ ਕੇ ਸਿੱਖੀ ਸਵਰੂਪ ਵਿਚ ਸਜੇ। ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹੈ ਕਿ ਕੋਈ ਵੀ ਸਿੱਖ ਪਤਿਤਪੁਣੇ ਦਾ ਸ਼ਿਕਾਰ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਇਲਾਕੇ 'ਚ ਅੱਜ ਬਲੈਕਆਊਟ, ਵੱਜਣਗੇ ਹੂਟਰ
NEXT STORY