ਤਰਨਤਾਰਨ, (ਰਾਜੂ, ਰਮਨ)- ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਵੱਖ-ਵੱਖ 6 ਮੁਕੱਦਮਿਆਂ ਵਿਚ ਲੋੜੀਂਦੇ ਜੰਗਾ ਨਾਂ ਦੇ ਗੈਂਗਸਟਰ ਨੂੰ ਇਕ ਪਿਸਤੌਲ, 3 ਜ਼ਿੰਦਾ ਰੌਂਦ ਤੇ ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਪੀ. ਤਿਲਕ ਰਾਜ ਨੇ ਦੱਸਿਆ ਕਿ ਬੱਸ ਅੱਡਾ ਮੋਹਨਪੁਰਾ ਵਿਖੇ ਨਾਕਾਬੰਦੀ ਦੌਰਾਨ ਜੰਗ ਬਹਾਦਰ ਸਿੰਘ ਉਰਫ ਜੰਗਾ ਪੁੱਤਰ ਗੁਰਨੇਕ ਸਿੰਘ ਵਾਸੀ ਰਾਹਲ ਚਾਹਲ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ ਇਕ ਦੇਸੀ ਕੱਟੇ ਸਮੇਤ 3 ਜ਼ਿੰਦਾ ਰੌਂਦ ਅਤੇ ਚੋਰੀ ਦਾ ਇਕ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਚੋਹਲਾ ਸਾਹਿਬ ਦੀ ਪੁਲਸ ਤੋਂ ਇਲਾਵਾ ਲੁਧਿਆਣਾ ਦੀ ਪੁਲਸ ਨੂੰ ਵੀ ਵੱਖ-ਵੱਖ 6 ਮੁਕੱਦਮਿਆਂ ਵਿਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਜੰਗਾ ਵੱਲੋਂ ਆਪਣੇ ਤਿੰਨ ਹੋਰ ਸਾਥੀਆਂ ਸਮੇਤ 10 ਅਗਸਤ ਨੂੰ ਥਾਣਾ ਚੋਹਲਾ ਸਾਹਿਬ ਦੇ ਮੁਖੀ ਸੁਖਰਾਜ ਸਿੰਘ 'ਤੇ ਫਾਇਰਿੰਗ ਕੀਤੀ ਸੀ ਅਤੇ ਇਸ ਦੌਰਾਨ ਉਸ ਦੇ ਇਕ ਸਾਥੀ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਇਹ ਵਿਅਕਤੀ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਵਿਚ ਵੀ ਲੋੜੀਂਦਾ ਸੀ।
ਦਰਿਆ 'ਚ ਨਹਾਉਣ ਗਿਆ ਨੌਜਵਾਨ ਪਾਣੀ ਵਿਚ ਡੁੱਬਿਆ, ਮੌਤ
NEXT STORY