ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਸਕਰੌਦੀ ਵਿਖੇ ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਪੋਲਟਰੀ ਫਾਰਮ ਦੀਆਂ ਛੱਤਾਂ ਢਹਿ ਢੇਰੀ ਹੋ ਗਈਆਂ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤੇਜ਼ ਪੋਲਟਰੀ ਫਾਰਮ ਸਕਰੌਦੀ ਦੇ ਮਾਲਕ ਹਰਦੀਪ ਸਿੰਘ ਗਰੇਵਾਲ ਅਤੇ ਗੁਰਿੰਦਰ ਸਿੰਘ ਗਿੰਦਾ ਗਰੇਵਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਪੋਲਟਰੀ ਫਾਰਮ ਉਪਰ ਅਚਾਨਕ ਅਸਮਾਨੀ ਬਿਜਲੀ ਡਿੱਗ ਜਾਣ ਕਾਰਨ ਪੋਲਟਰੀ ਫਾਰਮ ਦੀਆਂ ਦੋਵੇ ਛੱਤਾਂ ਢਹਿ ਢੇਰੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੋਲਟਰੀ ਫਾਰਮ ਵਿਖੇ ਮੁਰਗੀਆਂ ਦੀ ਦੇਖ ਰੇਖ ਲਈ ਰੱਖੇ ਵਰਕਰ ਵੱਲੋਂ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਤੇ ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਥੇ ਅਸਮਾਨੀ ਬਿਜਲੀ ਡਿੱਗਣ ਨਾਲ ਕਾਫ਼ੀ ਨੁਕਸਾਨ ਹੋ ਚੁੱਕਾ ਸੀ।
ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੋਲਟਰੀ ਫਾਰਮ ਵਿਚੋਂ ਇਕ ਕੰਪਨੀ 4500 ਮੁਰਗੀਆਂ ਲੈ ਗਈ ਸੀ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਨੌਕਰ ਦਾ ਕਮਰਾ ਵੀ ਵੱਖਰਾ ਹੋਣ ਕਾਰਨ ਉਸ ਦਾ ਵੀ ਬਚਾਅ ਰਹਿ ਗਿਆ। ਉਨ੍ਹਾਂ ਪ੍ਰਸ਼ਾਸਨ ਨੂੰ ਕੁਦਰਤੀ ਆਫ਼ਤ ਕਾਰਨ ਪੋਲਟਰੀ ਫਾਰਮ ਦੀ ਬਿਲਡਿੰਗ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਪਠਾਨਕੋਟ ਵਿਚ ਫਿਰ ਦੇਖੇ ਗਏ ਸ਼ੱਕੀ, ਵੱਡੀ ਗਿਣਤੀ ਪੁਲਸ ਫੋਰਸ ਤਾਇਨਾਤ
NEXT STORY