ਨਵੀਂ ਦਿੱਲੀ/ਨਮੱਕਲ - ਤਾਮਿਲਨਾਡੂ ਦੇ ਨਮੱਕਲ, ਜਿਸ ਨੂੰ ਦੇਸ਼ ਦੀ ‘ਐੱਗ ਸਿਟੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਪੋਲਟਰੀ ਕਿਸਾਨ ਇਨ੍ਹੀਂ ਦਿਨੀਂ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪੱਛਮੀ ਏਸ਼ੀਆ ’ਚ ਜਾਰੀ ਤਣਾਅ ਦੇ ਕਾਰਨ ਆਂਡਿਆਂ ਦੀ ਬਰਾਮਦ ਪ੍ਰਭਾਵਿਤ ਹੋਈ ਹੈ, ਜਿਸ ਨਾਲ ਇਸ ਦੀਆਂ ਕੀਮਤਾਂ ਧੜੰਮ ਡਿੱਗ ਗਈਆਂ। ਕਿਸਾਨਾਂ ਨੂੰ ਬੇਹੱਦ ਘੱਟ ਕੀਮਤ ’ਤੇ ਆਂਡੇ ਵੇਚਣੇ ਪੈ ਰਹੇ ਹਨ।
ਜਾਣਕਾਰੀ ਅਨੁਸਾਰ, ਖਾੜੀ ਦੇਸ਼ਾਂ ਲਈ ਭੇਜੇ ਗਏ ਲੱਗਭਗ 3.5 ਕਰੋੜ ਆਂਡੇ ਅੱਧ ਰਸਤੇ ’ਚ ਫਸੇ ਹੋਏ ਹਨ। ਇਹ ਆਂਡੇ 28 ਫਰਵਰੀ ਨੂੰ ਲੱਗਭਗ 70 ਕੰਟੇਨਰਾਂ ’ਚ ਲੋਡ ਹੋ ਕੇ ਰਵਾਨਾ ਕੀਤੇ ਗਏ ਸਨ ਪਰ ਲਾਲ ਸਾਗਰ ਅਤੇ ਮਿਡਲ ਈਸਟ ’ਚ ਜਾਰੀ ਸੰਘਰਸ਼ ਕਾਰਨ ਜਹਾਜ਼ ਅੱਗੇ ਨਹੀਂ ਵਧ ਸਕੇ। ਹਰੇਕ ਕੰਟੇਨਰ ’ਚ ਲੱਗਭਗ 5 ਲੱਖ ਆਂਡੇ ਲੋਡ ਸਨ। ਪ੍ਰਤੀ ਆਂਡਾ ਲੱਗਭਗ 4.80 ਰੁਪਏ ਦੀ ਕੀਮਤ ਦੇ ਹਿਸਾਬ ਨਾਲ ਲੱਗਭਗ 16-17 ਕਰੋੜ ਰੁਪਏ ਦਾ ਮਾਲ ਦਾਅ ’ਤੇ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਕੰਟੇਨਰ ਕਿਰਾਇਆ ਅਤੇ ਈਂਧਨ ਦੀ ਲਾਗਤ ਵੱਖਰੀ ਹੈ।
ਘਰੇਲੂ ਬਾਜ਼ਾਰ ’ਚ ਵਧੀ ਸਪਲਾਈ
ਨਮੱਕਲ ਭਾਰਤ ਦੀ ਕੁੱਲ ਆਂਡਾ ਬਰਾਮਦ ਦਾ ਲੱਗਭਗ 95 ਫੀਸਦੀ ਸੰਭਾਲਦਾ ਹੈ। ਇੱਥੋਂ ਵੱਡੀ ਮਾਤਰਾ ’ਚ ਆਂਡੇ ਓਮਾਨ, ਕਤਰ, ਬਹਿਰੀਨ ਅਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਨੂੰ ਭੇਜੇ ਜਾਂਦੇ ਹਨ। ਇਸ ਖੇਤਰ ’ਚ ਰੋਜ਼ਾਨਾ ਲੱਗਭਗ 6 ਤੋਂ 7 ਕਰੋੜ ਆਂਡਿਆਂ ਦਾ ਉਤਪਾਦਨ ਹੁੰਦਾ ਹੈ।
ਬਰਾਮਦ ਪ੍ਰਭਾਵਿਤ ਹੋਣ ਕਾਰਨ ਜੋ ਆਂਡੇ ਵਿਦੇਸ਼ ਭੇਜੇ ਜਾਣੇ ਸਨ, ਉਹ ਹੁਣ ਘਰੇਲੂ ਬਾਜ਼ਾਰ ’ਚ ਹੀ ਆ ਰਹੇ ਹਨ। ਇਸ ਨਾਲ ਬਾਜ਼ਾਰ ’ਚ ਸਪਲਾਈ ਅਚਾਨਕ ਵਧ ਗਈ ਹੈ ਅਤੇ ਸਟਾਕ ਲਗਾਤਾਰ ਜਮ੍ਹਾ ਹੋ ਰਿਹਾ ਹੈ। ਕਿਉਂਕਿ ਆਂਡਿਆਂ ਦੀ ਸ਼ੈਲਫ ਲਾਈਫ ਸੀਮਤ ਹੁੰਦੀ ਹੈ ਅਤੇ ਤਾਪਮਾਨ ਵਧਣ ’ਤੇ ਉਹ ਜਲਦੀ ਖ਼ਰਾਬ ਹੋ ਸਕਦੇ ਹਨ, ਇਸ ਲਈ ਕਿਸਾਨ ਇਨ੍ਹਾਂ ਨੂੰ ਘੱਟ ਕੀਮਤ ’ਤੇ ਵੇਚਣ ਲਈ ਮਜਬੂਰ ਹੋ ਗਏ ਹਨ।
ਲਾਗਤ ਤੋਂ ਘੱਟ ਕੀਮਤ ’ਤੇ ਵਿਕਰੀ
ਇਕ ਆਂਡੇ ਦੇ ਉਤਪਾਦਨ ਦੀ ਲਾਗਤ ਲੱਗਭਗ 4.5 ਤੋਂ 5 ਰੁਪਏ ਪੈਂਦੀ ਹੈ ਪਰ ਕਿਸਾਨਾਂ ਨੂੰ ਇਨ੍ਹਾਂ ਨੂੰ ਲੱਗਭਗ ਪ੍ਰਤੀ ਆਂਡਾ 3.50 ਰੁਪਏ ’ਚ ਵੇਚਣਾ ਪੈ ਰਿਹਾ ਹੈ। ਇਸ ਨਾਲ ਹਰ ਆਂਡੇ ’ਤੇ ਲੱਗਭਗ 1.50 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਸਥਿਤੀ ਛੇਤੀ ਨਾ ਸੁਧਰੀ ਤਾਂ ਕਈ ਛੋਟੇ ਪੋਲਟਰੀ ਫਾਰਮ ਬੰਦ ਹੋਣ ਦੇ ਕੰਢੇ ’ਤੇ ਪਹੁੰਚ ਸਕਦੇ ਹਨ।
ਰੋਜ਼ਾਨਾ ਕਰੋੜਾਂ ਦਾ ਨੁਕਸਾਨ
ਮੀਡੀਆ ਰਿਪੋਰਟਾਂ ਮੁਤਾਬਕ, ਐੱਗ ਐਂਡ ਪੋਲਟਰੀ ਪ੍ਰੋਡਕਟਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਹਾਨ ਆਰ. ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ’ਚ ਬੇਭਰੋਸਗੀ ਕਾਰਨ ਪਿਛਲੇ ਹਫ਼ਤੇ ਫਾਰਮਗੇਟ ਕੀਮਤਾਂ ’ਚ ਲੱਗਭਗ 50 ਪੈਸੇ ਦੀ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ’ਚ ਰੋਜ਼ਾਨਾ ਲੱਗਭਗ 7 ਕਰੋੜ ਆਂਡਿਆਂ ਦਾ ਉਤਪਾਦਨ ਹੁੰਦਾ ਹੈ। ਮੌਜੂਦਾ ਕੀਮਤਾਂ ’ਤੇ ਪੋਲਟਰੀ ਉਦਯੋਗ ਨੂੰ ਹਰ ਦਿਨ ਲੱਗਭਗ 10.50 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਉਦਯੋਗ ਨਾਲ ਜੁੜੇ ਬਰਾਮਦਕਾਰ ਖਾੜੀ ਦੇਸ਼ਾਂ ਤੱਕ ਪਹੁੰਚਣ ਲਈ ਬਦਲ ਵਜੋਂ ਸਮੁੰਦਰੀ ਮਾਰਗਾਂ ਦੀ ਤਲਾਸ਼ ’ਚ ਸ਼ਿਪਿੰਗ ਕੰਪਨੀਆਂ ਨਾਲ ਗੱਲਬਾਤ ਕਰ ਰਹੇ ਹਨ। ਹਾਲਾਂਕਿ, ਖੇਤਰ ’ਚ ਸੁਰੱਖਿਆ ਜੋਖਮ ਕਾਰਨ ਕਈ ਸ਼ਿਪਿੰਗ ਲਾਈਨਾਂ ਫਿਲਹਾਲ ਇਹ ਜੋਖਮ ਲੈਣ ਤੋਂ ਬਚ ਰਹੀਆਂ ਹਨ।
ਰਸੋਈ ਗੈਸ ਤੋਂ ਬਾਅਦ ਹੁਣ ਹਵਾਈ ਸਫ਼ਰ ਵੀ ਹੋਇਆ ਮਹਿੰਗਾ
NEXT STORY