ਅਹਿਮਦਗੜ੍ਹ(ਪੁਰੀ, ਇਰਫਾਨ)-ਸ਼ਹਿਰ ਦੇ ਸਲੱਮ ਏਰੀਏ ਵਿਚ ਅੱਜ ਸਵੇਰੇ ਉਸ ਸਮਂੇ ਹਫੜਾ-ਦਫੜੀ ਮਚ ਗਈ ਜਦੋਂ ਵਾਰਡ ਨੰ. 2 ਤੇ 3 'ਚ ਝੁੱਗੀ-ਝੌਂਪੜੀਆਂ ਤੇ ਹੋਰ ਘਰਾਂ 'ਚ ਵੱਸਦੇ ਲੋਕਾਂ ਨੂੰ ਉਲਟੀਆਂ ਤੇ ਦਸਤ ਦੀ ਵੱਡੇ ਪੱਧਰ 'ਤੇ ਸ਼ਿਕਾਇਤ ਹੋ ਗਈ। ਸਿਵਲ ਹਸਪਤਾਲ ਵਿਚ ਹੀ 72 ਮਰੀਜ਼ ਪਹੁੰਚ ਗਏ। ਜਿਨ੍ਹਾਂ 'ਚੋਂ 14 ਗੰਭੀਰ ਸਨ ਤੇ ਬਾਕੀਆਂ ਨੂੰ ਦਵਾਈਆਂ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਨਿੱਜੀ ਹਸਪਤਾਲਾਂ ਵਿਚ ਵੀ ਵੱਡੀ ਗਿਣਤੀ 'ਚ ਮਰੀਜ਼ ਦਾਖਲ ਹੋਏ। ਐੱਸ. ਐੱਮ. ਓ. ਡਾ. ਬਲਜਿੰਦਰ ਸਿੰਘ ਵੱਲੋਂ ਤੁਰੰਤ ਜ਼ਿਲਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਜਿਸ ਉਪਰੰਤ ਐੱਸ. ਡੀ. ਐੱਮ. ਡਾ. ਪ੍ਰੀਤੀ ਯਾਦਵ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਮੁਆਇਨਾ ਕੀਤਾ ਤੇ ਨਾਲ ਹੀ ਮਾਲੇਰਕੋਟਲਾ ਤੇ ਅਮਰਗੜ੍ਹ ਸਿਵਲ ਹਸਪਤਾਲਾਂ ਤੋਂ ਡਾਕਟਰਾਂ ਦੀਆਂ ਟੀਮਾਂ ਵੀ ਬੁਲਵਾਈਆਂ। ਨਗਰ ਕੌਂਸਲ ਨੂੰ ਸ਼ੁੱਧ ਪਾਣੀ ਸਪਲਾਈ ਦੇਣ ਦੇ ਹੁਕਮ ; ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਗਰੀਬ ਬਸਤੀਆਂ 'ਚ ਰਹਿੰਦੇ ਲੋਕਾਂ ਦੇ ਘਰਾਂ ਨੇੜੇ ਸਫਾਈ ਦਾ ਠੀਕ ਪ੍ਰਬੰਧ ਨਾ ਹੋਣ ਕਾਰਨ ਤੇ ਨਾਲ ਹੀ ਬਦਲੇ ਮੌਸਮ ਕਾਰਨ ਇਹ ਬੀਮਾਰੀ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਦੀ ਟੀਮ ਨੂੰ ਉਸ ਇਲਾਕੇ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਲੈਣ ਲਈ ਵੀ ਨਿਯੁਕਤ ਕੀਤਾ ਗਿਆ ਹੈ ਤੇ ਨਾਲ ਹੀ ਨਗਰ ਕੌਂਸਲ ਦੇ ਅਮਲੇ ਨੂੰ ਤੁਰੰਤ ਸਫਾਈ ਤੇ ਟੈਂਕਰਾਂ ਰਾਹੀਂ ਸ਼ੁੱਧ ਪਾਣੀ ਦੀ ਸਪਲਾਈ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਤਹਿਸੀਲਦਾਰ ਬਾਦਲਦੀਨ ਤੇ ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਨੇ ਹੋਰ ਸਿਵਲ ਅਧਿਕਾਰੀਆਂ ਨਾਲ ਹਸਪਤਾਲਾਂ ਤੇ ਦੋਵਾਂ ਵਾਰਡਾਂ ਦੇ ਘਰ-ਘਰ ਜਾ ਕੇ ਪੀੜਤ ਲੋਕਾਂ ਦਾ ਹਾਲ-ਚਾਲ ਪੁੱਛਿਆ ਤੇ ਲੋਕਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਪੁਨੀਤ ਹਿੰਦ, ਡਾ. ਅਭਿਸ਼ੇਕ ਦਾਸ ਮਾਲੇਰਕੋਟਲਾ, ਡਾ. ਵਾਹਿਦ ਅਮਰਗੜ੍ਹ ਆਦਿ ਵੀ ਹਾਜ਼ਰ ਸਨ।
ਹਲਕਾ ਵਿਧਾਇਕ ਪੁੱਜੇ ਮਰੀਜ਼ਾਂ ਦਾ ਹਾਲ ਜਾਣਨ : ਡਾਇਰੀਏ ਤੋਂ ਪੀੜਤ ਲੋਕਾਂ ਦਾ ਹਾਲ-ਚਾਲ ਪੁੱਛਣ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇਰ ਸ਼ਾਮ ਸਿਵਲ ਹਸਪਤਾਲ 'ਚ ਪਹੁੰਚੇ। ਉਨ੍ਹਾਂ ਜ਼ਿਲੇ ਦੇ ਮੈਡੀਕਲ ਅਫ਼ਸਰਾਂ ਤੇ ਸਿਵਲ ਅਧਿਕਾਰੀਆਂ ਨਾਲ ਵੱਖ-ਵੱਖ ਹਸਪਤਾਲਾਂ 'ਚ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਤੇ ਪੂਰੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰ ਦੇ ਕੌਂਸਲਰਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ।
ਅੱਤਵਾਦੀ ਹਮਲੇ ਦੇ ਵਿਰੋਧ 'ਚ ਕੈਂਡਲ ਮਾਰਚ
NEXT STORY