ਗਿੱਦੜਬਾਹਾ (ਸੰਧਿਆ) - ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਨਾਲ-ਨਾਲ ਦੁਕਾਨਦਾਰਾਂ ਦੀ ਹਾਲਤ ਪਤਲੀ ਕੀਤੀ ਹੋਈ ਹੈ। ਵੱਖ-ਵੱਖ ਦੁਕਾਨਾਂ ਕਰਨ ਵਾਲੇ ਦੁਕਾਨਦਾਰ ਸਵੇਰ ਤੋਂ ਹੀ ਗਾਹਕਾਂ ਦੀ ਉਡੀਕ ਕਰਦੇ ਰਹਿ ਜਾਂਦੇ ਹਨ ਪਰ ਗਾਹਕ ਨਾ ਆਉਣ ਕਾਰਨ ਵਿਹਲੇ ਬੈਠੇ ਦੁਕਾਨਦਾਰ ਦੁਕਾਨਾਂ 'ਤੇ ਹੀ ਮਾਨਸਿਕ ਰੂਪ ਵਿਚ ਪ੍ਰੇਸ਼ਾਨੀਆਂ ਨੂੰ ਝੱਲਦਿਆਂ ਸਵੇਰੇ 10 ਵਜੇ ਸੌਂਦੇ ਨਜ਼ਰ ਆ ਜਾਂਦੇ ਹਨ।
ਗਾਹਕਾਂ ਦੀ ਕਮੀ ਕਾਰਨ ਦੁਕਾਨਦਾਰ ਵਿਹਲੇ ਬੈਠਣ ਨੂੰ ਮਜਬੂਰ
ਮੋਬਾਇਲਾਂ ਦਾ ਕੰਮ ਕਰਨ ਵਾਲੇ ਤੇ ਬਿਜਲੀ ਦਾ ਸਾਮਾਨ ਵੇਚਣ ਵਾਲੇ ਓਮ ਪ੍ਰਕਾਸ਼ ਕਾਕਾ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਗਾਹਕਾਂ ਦੀ ਗਿਣਤੀ 'ਚ ਭਾਰੀ ਕਮੀ ਆਉਣ ਕਾਰਨ ਦੁਕਾਨਦਾਰ ਵਿਹਲੇ ਬੈਠੇ ਹਨ। ਪਹਿਲਾਂ ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੀਆਂ ਬੱਸਾਂ 'ਚ ਲੋਕ ਭਰ-ਭਰ ਕੇ ਸ਼ਹਿਰ ਵਾਲੇ ਪਾਸੇ ਆਉਂਦੇ ਸਨ ਤੇ ਬਿਜਲੀ ਦਾ ਸਾਮਾਨ ਵੱਧ ਤੋਂ ਵੱਧ ਖਰੀਦ ਕੇ ਲੈ ਜਾਂਦੇ ਸਨ ਪਰ ਇਸ ਵਾਰ ਦੀਵਾਲੀ ਸਿਰ 'ਤੇ ਆ ਚੁੱਕੀ ਹੈ ਪਰ ਗਾਹਕ ਮਾਰਕੀਟ ਵਿਚ ਅਜੇ ਤੱਕ ਨਾ ਆਉਣ ਕਾਰਨ ਵੇਚਣ ਲਈ ਲਿਆਂਦਾ ਗਿਆ ਬਿਜਲੀ ਦਾ ਸਾਮਾਨ ਵੀ ਦੁਕਾਨਾਂ 'ਚ ਵੈਸੇ ਹੀ ਪਿਆ ਹੈ।
ਕਰਵਾਚੌਥ ਤੇ ਚੱਕਰੀ ਦੇ ਵਰਤਾਂ 'ਤੇ ਵੀ ਨਹੀਂ ਹੋਇਆ ਗਾਹਕੀ 'ਚ ਵਾਧਾ
ਇਸੇ ਤਰ੍ਹਾਂ ਮਨਿਆਰੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਬੌਬੀ ਸਾਬਕਾ ਪ੍ਰਧਾਨ ਕਰਿਆਨਾ ਮਰਚੈਂਟ ਐਸੋਸੀਏਸ਼ਨ ਨੇ ਦੱਸਿਆ ਕਿ ਕਰਵਾਚੌਥ ਤੇ ਚੱਕਰੀ ਦੇ ਵਰਤ ਜਿਹੜੇ ਕਿ ਔਰਤਾਂ ਦੇ ਲਈ ਖਾਸ ਮੰਨੇ ਜਾਂਦੇ ਹਨ ਤੇ ਚੂੜੀਆਂ, ਸ਼ਿੰਗਾਰ ਆਦਿ ਦਾ ਸਾਮਾਨ ਜ਼ਿਆਦਾ ਤੋਂ ਜ਼ਿਆਦਾ ਵਿਕਦਾ ਸੀ ਪਰ ਇਸ ਵਾਰ ਮਹਿੰਗਾਈ ਦੀ ਮਾਰ ਇੰਨੀ ਵੱਧ ਪਈ ਹੈ ਕਿ ਔਰਤਾਂ ਬਾਜ਼ਾਰਾਂ 'ਚ ਬਿਲਕੁਲ ਸਾਮਾਨ ਖਰੀਦਣ ਨਹੀਂ ਆਈਆਂ, ਜਿਸ ਕਾਰਨ ਸ਼ਿੰਗਾਰ ਦੇ ਸਾਮਾਨ ਦੇ ਨਾਲ-ਨਾਲ ਲਿਆਂਦੀਆਂ ਚੂੜੀਆਂ ਆਦਿ ਦੁਕਾਨ ਵਿਚ ਇਸੇ ਤਰ੍ਹਾਂ ਹੀ ਪਈਆਂ ਹਨ। ਹੁਣ ਜਦਕਿ ਵੀਰਵਾਰ ਨੂੰ ਦੀਵਾਲੀ ਦਾ ਤਿਉਹਾਰ ਹੈ ਤੇ ਘਰਾਂ ਨੂੰ ਸਜਾਉਣ ਲਈ ਝਾਲਰਾਂ, ਲੜੀਆਂ ਆਦਿ ਵੀ ਲਿਆਂਦੀਆਂ ਗਈਆਂ ਹਨ ਪਰ ਗਾਹਕਾਂ ਦੇ ਬਾਜ਼ਾਰ ਅੰਦਰ ਨਾ ਆਉਣ ਕਾਰਨ ਸਾਰਾ ਮਾਲ ਉਸੇ ਤਰ੍ਹਾਂ ਹੀ ਪਿਆ ਹੈ।
ਕੱਪੜੇ ਦੀ ਵਿਕਰੀ ਨਾ ਹੋਣ ਨਾਲ ਵਪਾਰੀ ਆਰਥਿਕ ਪੱਖੋਂ ਹੋਏ ਕਮਜ਼ੋਰ
ਕੱਪੜੇ ਦਾ ਵਪਾਰ ਕਰਨ ਵਾਲੇ ਸੋਨੀ ਬਾਂਸਲ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਹਰ ਵਰਗ ਦੇ ਲੋਕ ਕੱਪੜੇ ਖਰੀਦ ਦੇ ਸਨ ਪਰ ਇਸ ਵਾਰ ਮਹਿੰਗਾਈ ਨੇ ਆਪਣਾ ਅਸਰ ਕੱਪੜਾ ਵਪਾਰੀਆਂ 'ਤੇ ਵੀ ਵਿਖਾਇਆ ਹੈ। ਕਿਸੇ ਵਰਗ ਦੇ ਲੋਕਾਂ ਨੇ ਤਿਉਹਾਰਾਂ ਦੇ ਦਿਨਾਂ ਵਿਚ ਨਵਾਂ ਕੱਪੜਾ ਨਹੀਂ ਖਰੀਦਿਆ, ਜਿਸ ਕਾਰਨ ਲੱਖਾਂ ਦਾ ਮਾਲ ਜਿਹੜਾ ਕਿ ਵੇਚਣ ਲਈ ਲਿਆਂਦਾ ਗਿਆ ਸੀ, ਉਸੇ ਤਰ੍ਹਾਂ ਪਏ ਰਹਿਣ ਕਾਰਨ ਆਰਥਿਕ ਪੱਖੋਂ ਹੋਏ ਕਮਜ਼ੋਰ ਦੁਕਾਨਦਾਰ ਹੋਰ ਵੀ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ।
ਤੇਲ ਮਹਿੰਗਾ ਹੋਣ ਨਾਲ ਦੀਵਿਆਂ ਦੀ ਖਰੀਦ 'ਚ ਆਈ ਕਮੀ
ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਦੁਕਾਨਦਾਰਾਂ ਤੇ ਵੱਧ ਰਹੀ ਮਹਿੰਗਾਈ ਬਾਰੇ ਗੱਲਬਾਤ ਕਰਦਿਆਂ ਸਮਾਜ ਸੇਵੀ ਸ਼ਾਮ ਸੁੰਦਰ ਛਿੰਦੀ ਨੇ ਕਿਹਾ ਕਿ ਅੱਜਕਲ ਚਾਈਨਾ ਦੀਆਂ ਲੜੀਆਂ 'ਤੇ ਲੱਗੀ ਪਾਬੰਦੀ ਕਾਰਨ ਲੋਕਾਂ ਨੇ ਆਪਣਾ ਮੂੰਹ ਭਾਵੇਂ ਮਿੱਟੀ ਦੇ ਦੀਵਿਆਂ ਵਾਲੇ ਪਾਸੇ ਕਰ ਲਿਆ ਹੈ ਤੇ ਮਿੱਟੀ ਦੇ ਬਰਤਨ ਵੇਚਣ ਵਾਲੇ ਭਾਵੇਂ ਸੜਕਾਂ ਦੇ ਦੋਵੇਂ ਪਾਸੇ ਆ ਕੇ ਬਰਤਨ ਵੇਚ ਰਹੇ ਹਨ ਪਰ ਸਰ੍ਹੋਂ ਦਾ ਤੇਲ ਮਹਿੰਗਾ ਹੋਣ ਕਾਰਨ ਲੋਕਾਂ ਨੇ ਦੀਵੇ ਖਰੀਦਣੇ ਵੀ ਬੰਦ ਕਰ ਦਿੱਤੇ ਹਨ, ਜੇਕਰ ਇਸੇ ਤਰ੍ਹਾਂ ਹੀ ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਨੇ ਗਾਹਕਾਂ 'ਤੇ ਅਸਰ ਪਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਕੋਈ ਆਪਣੇ-ਆਪਣੇ ਕਿੱਤੇ ਤੋਂ ਮੂੰਹ ਫੇਰ ਕੇ ਕਿਸੇ ਹੋਰ ਕਿੱਤੇ ਪਾਸੇ ਮੂੰਹ ਕਰਨ ਲਈ ਮਜਬੂਰ ਹੋ ਜਾਵੇਗਾ।
ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, 1 ਜ਼ਖਮੀ
NEXT STORY