ਸੰਗਰੂਰ (ਰਾਜੇਸ਼, ਹਨੀ ਕੋਹਲੀ) — ਅੱਜ ਤੋਂ ਕੁਝ ਸਾਲ ਪਹਿਲਾਂ ਪੰਜਾਬ 'ਚ 400 ਤੋਂ ਵੱਧ ਕਪਾਹ ਦੀਆਂ ਫੈਕਟਰੀਆਂ ਸਨ, ਜਿਨ੍ਹਾਂ 'ਚ ਹਜ਼ਾਰਾਂ ਮੁਲਾਜ਼ਿਮ ਕੰਮ ਕਰਦੇ ਸਨ ਤੇ ਦਿਨ ਰਾਤ ਚੱਲਣ ਵਾਲੀਆਂ ਇਨ੍ਹਾਂ ਫੈਕਟਰੀਆਂ ਚ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਸਨ। ਇੰਨਾ ਹੀ ਨਹੀਂ ਇਨ੍ਹਾਂ ਫੈਕਟਰੀਆਂ ਦੇ ਚੱਲਣ ਨਾਲ ਸੂਬੇ ਦੇ ਕਪਾਹ ਬੀਜਣ ਵਾਲੇ ਕਿਸਾਨ ਵੀ ਕਾਫੀ ਖੁਸ਼ਹਾਲ ਸਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਕਪਾਹ ਇੰਡਸਟਰੀ ਦੇ ਖਿਲਾਫ ਨੀਤੀਗਤ ਫੈਸਲੇ ਲਏ ਜਾਣ ਦੇ ਚਲਦਿਆਂ ਸੂਬੇ 'ਚ ਕਪਾਹ ਇੰਡਸਟਰੀ ਨੂੰ ਬੁਰੀ ਤਰ੍ਹਾਂ ਨਾਲ ਧੱਕਾ ਲੱਗਾ ਤੇ ਹੌਲੀ-ਹੌਲੀ ਇਹ ਕਪਾਹ ਫੈਕਟਰੀਆਂ ਘਾਟੇ ਦਾ ਸੌਦਾ ਸਾਬਿਤ ਹੋਣ ਲੱਗੀਆਂ। ਜਿਸ ਦੇ ਚਲਦਿਆਂ ਕਪਾਹ ਫੈਕਟਰੀ ਮਾਲਿਕ ਆਪਣੀਆਂ ਮਿੱਲਾਂ ਬੰਦ ਕਰਦੇ ਗਏ ਤੇ ਅੱਜ ਹਾਲਾਤ ਇਹ ਹਨ ਕਿ ਪੂਰੇ ਪੰਜਾਬ 'ਚ 100 ਤੋਂ ਵੀ ਘੱਟ ਕਪਾਹ ਦੀਆਂ ਫੈਕਟਰੀਆਂ ਰਹਿ ਗਈਆਂ ਹਨ।
ਲਹਿਰਾਗਾਗਾ 'ਚ ਇਕ ਕਪਾਹ ਫੈਕਟਰੀ ਚਲਾਉਣ ਵਾਲੇ ਫੈਕਟਰੀ ਮਾਲਿਕ ਨੇ ਦੱਸਿਆ ਕਿ ਸੂਬੇ ਦੀ ਸਰਕਾਰ ਨੇ ਹਮੇਸ਼ਾ ਛੋਟੀ ਇੰਡਸਟਰੀ ਦੀ ਬਜਾਇ ਮੇਗਾ ਪ੍ਰਾਜੈਕਟਾਂ ਨੂੰ ਪਹਿਲ ਦਿੱਤੀ ਤੇ ਛੋਟੀਆਂ ਫੈਕਟਰੀਆਂ ਲਈ ਮਾਰਕੀਟ ਫੀਸ ਲਾਗੂ ਕੀਤੀ ਗਈ ਹੈ, ਜਿਸ ਦੇ ਚਲਦਿਆਂ ਫੈਕਟਰੀ ਸੰਚਾਲਕਾਂ ਨੂੰ ਘਾਟਾ ਪੈ ਰਿਹਾ ਹੈ। ਇੰਨਾ ਹੀ ਨਹੀਂ ਸੂਬੇ ਦਾ ਕਿਸਾਨ ਵੀ ਕਪਾਹ ਦਾ ਸਹੀ ਮੁੱਲ ਨਾ ਮਿਲਣ ਦੇ ਚਲਦਿਆਂ ਲਗਾਤਾਰ ਕਪਾਹ ਬੀਜਣਾ ਛੱਡ ਦੂਜੀ ਫਸਲ ਬੀਜਣ ਨੂੰ ਪਹਿਲ ਦੇ ਰਿਹਾ ਹੈ। ਅਜਿਹੇ 'ਚ ਕਪਾਹ ਫੈਕਟਰੀ ਚਲਾਉਣਾ ਘਾਟੇ ਦਾ ਸੌਦਾ ਸਾਬਿਤ ਹੋ ਰਿਹਾ ਹੈ। ਜਿਨ੍ਹਾਂ ਫੈਕਟਰੀਆਂ 'ਚ ਦਰਜਨਾਂ ਮੁਲਾਜ਼ਮਾਂ ਨੂੰ ਕੰਮ ਦਿੱਤਾ ਜਾਂਦਾ ਸੀ, ਅੱਜ ਸਿਰਫ ਇਕ ਦਰਜਨ ਤੋਂ ਵੀ ਘੱਟ ਮੁਲਾਜ਼ਮਾਂ ਦੇ ਸਹਾਰੇ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਅੱਗੇ ਵੀ ਛੋਟੀ ਕਪਾਹ ਇੰਡਸਟਰੀ ਨੂੰ ਬਚਾਉਣ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਪੰਜਾਬ 'ਚ ਕਪਾਹ ਉਗਾਉਣ ਤੇ ਇਸ ਨੂੰ ਸਪਿੰਨ ਕਰਨ ਵਾਲੀ ਫੈਕਟਰੀ ਇਤਿਹਾਸ ਬਣ ਕੇ ਰਹਿ ਜਾਵੇਗੀ।
ਉਧਰ ਕਪਾਹ ਬੀਜਣ ਵਾਲੇ ਕਿਸਾਨਾਂ ਨੇ ਵੀ ਕਿਹਾ ਦੱਸਿਆ ਕਿ ਉਹ ਪਿੱਛਲੇ ਕਈ ਸਾਲਾ ਤੋਂ ਕਪਾਹ ਬੀਜਦੇ ਆਏ ਹਨ ਪਰ ਉਨ੍ਹਾਂ ਨੂੰ ਲਾਗਤ ਦੇ ਮੁਤਾਬਕ ਫਸਲ ਦੀ ਸਹੀ ਕੀਮਤ ਨਹੀਂ ਮਿਲੀ। ਉਧਰ ਦੂਜੀਆਂ ਫਸਲਾਂ ਦੇ ਮੁਤਾਬਕ ਕਪਾਹ ਬੀਜਣ 'ਚ ਉਨ੍ਹਾਂ ਨੂੰ ਮਿਹਨਤ ਵੀ ਵੱਧ ਕਰਨੀ ਪੈਂਦੀ ਹੈ। ਇੰਨਾਂ ਹੀ ਨਹੀਂ ਸਫੈਦ ਮੱਖੀ ਦੇ ਹਮਲੇ ਤੋਂ ਬਰਬਾਦ ਫਸਲਾਂ ਤੇ ਇਸ ਨੂੰ ਬਚਾਉਣ ਲਈ ਪਾਏ ਗਏ ਕੀਟਨਾਸ਼ਕ ਦਾ ਬਾਜ਼ਾਰ 'ਚ ਨਕਲੀ ਮਿਲਣ ਦਾ ਦਰਦ ਵੀ ਕਪਾਹ ਬੀਜਣ ਵਾਲੇ ਕਿਸਾਨਾਂ ਦੀਆਂ ਨਜ਼ਰਾਂ 'ਚ ਦੇਖਿਆ ਜਾ ਸਕਦਾ ਹੈ। ਕਪਾਹ ਬੀਜਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਉਨ੍ਹਾਂ ਨੂੰ ਫਸਲ ਦਾ 4600 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਮੁੱਲ ਜ਼ਰੂਰ ਮਿਲ ਰਿਹਾ ਹੈ ਪਰ ਫਸਲ ਉਗਾਉਣ 'ਚ ਹੋ ਰਹੇ ਖਰਚ ਦੇ ਮੁਤਾਬਕ ਇਹ ਵੀ ਬਹੁਤ ਘੱਟ ਹੈ, ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਉਨ੍ਹਾਂ ਨੂੰ ਫਸਲ ਦਾ ਚੰਗਾ ਮੁੱਲ ਨਾ ਮਿਲਿਆ ਤਾਂ ਉਹ ਕਪਾਹ ਉਗਾਉਣਾ ਬੰਦ ਕਰ ਦੇਣਗੇ।
ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਬਿਮਾਰੀਆ ਅਤੇ ਬਚਾਓ ਸਬੰਧੀ ਕੋਟਪਾ ਐਕਟ 2003 ਅਧੀਨ ਕੀਤੀਆਂ ਗਤੀਵਿਧੀਆ
NEXT STORY