ਮਾਨਸਾ (ਸੰਦੀਪ ਮਿੱਤਲ) : ਮਾਨਸਾ ਦੀ ਅਨਾਜ ਮੰਡੀ ਵਿਚ ਭਾਜਪਾ ਵਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਨਾ ਪਹੁੰਚਣ ਅਤੇ ਸ਼ਹਿਰ ਦੀ ਅਨਾਜ ਮੰਡੀ ਵਿਚ ਉਨ੍ਹਾਂ ਦਾ ਹੈਲੀਕਾਪਟਰ ਲੈਂਡ ਨਾ ਹੋ ਸਕਣ ਨੂੰ ਲੈ ਕੇ ਭਾਜਪਾ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਭਾਜਪਾ ਨੇ ਰੈਲੀ ਦੇ ਮੰਚ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ 'ਤੇ ਦੋਸ਼ ਲਗਾਇਆ ਕਿ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਾ ਹੈਲੀਕਾਪਟਰ ਜਾਣਬੁੱਝ ਕੇ ਲੈਂਡ ਨਹੀਂ ਹੋਣ ਦਿੱਤਾ ਗਿਆ ਤਾਂ ਕਿ ਉਹ ਇਸ ਰੈਲੀ ਵਿਚ ਨਾ ਪਹੁੰਚ ਸਕਣ। ਭਾਜਪਾ ਨੇ ਇਹ ਵੀ ਕਿਹਾ ਕਿ ਰੈਲੀ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ ਸੁਣਨ ਲਈ ਵੱਡੀ ਗਿਣਤੀ ਵਿਚ ਜਨਸੈਲਾਬ ਉਮੜਿਆ ਸੀ, ਜਿਸ ਨੂੰ ਦੇਖ ਕੇ ਸੂਬਾ ਸਰਕਾਰ ਬੌਖਲਾਹਟ ਵਿਚ ਆ ਗਈ ਅਤੇ ਉਨ੍ਹਾਂ ਇਹ ਸ਼ਰਾਰਤ ਕੀਤੀ। ਇਸ ਸਬੰਧੀ ਉਹ ਚੋਣ ਕਮਿਸ਼ਨਰ ਅਤੇ ਕੇਂਦਰ ਕੋਲ ਸ਼ਿਕਾਇਤ ਕਰਨਗੇ।
ਵਰਨਣਯੋਗ ਹੈ ਕਿ ਕੇਂਦਰੀ ਮੰਤਰੀ ਨੇ ਮਾਨਸਾ ਦੀ ਸ਼ਹਿਰ ਵਾਲੀ ਅਨਾਜ ਮੰਡੀ ਵਿਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੀ ਰੈਲੀ ਨੂੰ ਸੰਬੋਧਨ ਕਰਨਾ ਸੀ। ਸਮ੍ਰਿਤੀ ਇਰਾਨੀ ਨੂੰ ਦੇਖਣ ਅਤੇ ਸੁਣਨ ਲਈ ਆਮ ਲੋਕਾਂ ਤੋਂ ਇਲਾਵਾ ਔਰਤਾਂ ਵੀ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸੀ। ਉਨ੍ਹਾਂ ਦੁਪਹਿਰ ਕਰੀਬ 2 ਵਜੇ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਸ਼ਾਮ 5 ਵਜੇ ਤੱਕ ਉਹ ਰੈਲੀ ਸਥਾਨ 'ਤੇ ਨਹੀਂ ਪਹੁੰਚ ਸਕੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਹੈਲੀਕਾਪਟਰ ਸ਼ਹਿਰ ਦੀ ਸਿਰਸਾ ਰੋਡ ਸਥਿਤ ਅਨਾਜ ਮੰਡੀ ਵਿਚ ਲੈਂਡ ਹੋਣਾ ਸੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 35 ਮਿੰਟ ਹੈਲੀਕਾਪਟਰ ਅਸਮਾਨ ਵਿਚ ਉਡਦਾ ਰਿਹਾ ਪਰ ਫਿਰ ਉਨ੍ਹਾਂ ਨੂੰ ਇੱਥੋਂ ਹੇਠਾਂ ਉਤਾਰਣ ਦਾ ਸਿਗਨਲ ਨਹੀਂ ਦਿੱਤਾ ਗਿਆ, ਜਿਸ ਕਾਰਨ ਕੁੱਝ ਦੇਰ ਬਾਅਦ ਸਮ੍ਰਿਤੀ ਈਰਾਨੀ ਨੂੰ ਬਠਿੰਡਾ ਜਾਣਾ ਪਿਆ। ਜਦੋਂ ਇਹ ਸੂਚਨਾ ਰੈਲੀ ਮੰਚ 'ਤੇ ਪਹੁੰਚੀ ਤਾਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਪੰਜਾਬ ਸਰਕਾਰ ਤੇ ਭੜਕ ਪਏ। ਉਨ੍ਹਾਂ ਮੰਚ 'ਤੇ ਬੋਲਿਆ ਕਿ ਇਹ ਸੂਬਾ ਸਰਕਾਰ ਅਤੇ ਅਕਾਲੀ ਦਲ ਦੀ ਸ਼ਰਾਰਤ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਸਮ੍ਰਿਤੀ ਈਰਾਨੀ ਇਸ ਵੱਡੀ ਰੈਲੀ ਨੂੰ ਸੰਬੋਧਨ ਕਰਨ ਅਤੇ ਉਨ੍ਹਾਂ ਦੇ ਪੱਖ ਵਿਚ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਵਾਕਿਫ ਹੋਣ।
ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਾਦ ਰੱਖੇ ਕਿ ਉਸ ਦੀ ਇਹ ਸ਼ਰਾਰਤ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਦਾ ਜਵਾਬ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਜੇਤੂ ਬਣਾਉਣ ਅਤੇ ਉਹ ਸੂਬਾ ਸਰਕਾਰ ਨੂੰ ਇਸ ਸ਼ਰਾਰਤਬਾਜੀ ਦਾ ਜਵਾਬ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤੇ ਹੋਇਆ ਹੈ। ਪਰਮਪਾਲ ਕੌਰ ਨੇ ਕਿਹਾ ਕਿ ਇਸ ਰੈਲੀ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਸਨ। ਬਠਿੰਡਾ, ਮਾਨਸਾ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਲੋਕ ਵੀ ਵੱਡੇ ਪੱਧਰ ਤੇ ਰੈਲੀ ਵਿਚ ਪਹੁੰਚੇ ਹੋਏ ਸਨ। ਇਹ ਬੋਲ ਕੇ ਪਰਮਪਾਲ ਕੌਰ ਬਠਿੰਡਾ ਲਈ ਰਵਾਨਾ ਹੋ ਗਏ। ਉਧਰ ਡੀ.ਸੀ ਪਰਮਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਹੈਲੀਕਾਪਟਰ ਨੂੰ ਉਤਾਰਣ ਲਈ ਅੱਧੇ ਘੰਟੇ ਵਿਚ ਪਰਮਿਸ਼ਨ ਲੈ ਲਈ ਸੀ ਪਰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਾ ਹੈਲੀਕਾਪਟਰ ਉਥੇ ਕਿਉਂ ਨਹੀਂ ਉਤਰ ਸਕਿਆ, ਇਹ ਪਾਇਲਟ ਜਾਂ ਕੇਂਦਰੀ ਮੰਤਰੀ ਹੀ ਜਾਣਦੇ ਹਨ। ਉਨ੍ਹਾਂ ਪਰਮਪਾਲ ਕੌਰ ਵਲੋਂ ਹੈਲੀਕਾਪਟਰ ਨੂੰ ਜਾਣਬੁੱਝ ਕੇ ਨਾ ਉਤਰਣ ਦੇਣ ਦੀ ਗੱਲ ਨੂੰ ਨਿਰਅਧਾਰ ਦੱਸਿਆ ਅਤੇ ਕਿਹਾ ਕਿ ਉਹ ਕਰੀਬ ਅੱਧਾ ਘੰਟਾ ਖੁਦ ਉਥੇ ਖੜ੍ਹੇ ਹੋ ਕੇ ਹੈਲੀਕਾਪਟਰ ਦੇ ਹੇਠਾਂ ਉਤਰਣ ਦਾ ਇੰਤਜ਼ਾਰ ਕਰਦੇ ਰਹੇ। ਇਸ ਮੌਕੇ ਬੀਬੀ ਪਰਮਪਾਲ ਕੌਰ ਨਾਲ ਰਾਜਸਥਾਨ ਦੇ ਲੋਕ ਸਭਾ ਹਲਕਾ ਸਿੱਕਰ ਤੋਂ ਬਿਨਾਂ ਮੁਕਾਬਲੇ ਜੇਤੂ ਰਹੇ ਮਹੇਸ਼ ਕੌਸ਼ਲ, ਭਾਜਪਾ ਦੇ ਗੁਰਪ੍ਰੀਤ ਸਿੰਘ ਮਲੂਕਾ, ਦਿਆਲ ਦਾਸ ਸੋਢੀ, ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਰਕੇਸ਼ ਜੈਨ, ਸੂਰਜ ਛਾਬੜਾ, ਸਤੀਸ਼ ਗੋਇਲ, ਮਨੀਸ਼ ਬੱਬੀ ਦਾਨੇਵਾਲੀਆ, ਕਾਕਾ ਅਮਰਿੰਦਰ ਸਿੰਘ ਦਾਤੇਵਾਸ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਜਲੰਧਰ: ਨੌਜਵਾਨ ਦੇ ਕਤਲ ਮਾਮਲੇ 'ਚ ਹਸਪਤਾਲ ’ਚ ਦਾਖ਼ਲ ਦੂਜੇ ਦੀ ਵੀ ਹੋਈ ਮੌਤ, ਸਾਹਮਣੇ ਆਈਆਂ ਅਹਿਮ ਗੱਲਾਂ
NEXT STORY