ਜਲੰਧਰ(ਰਵਿੰਦਰ ਸ਼ਰਮਾ)— ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੇ ਆਲਾ ਅਧਿਕਾਰੀ ਭਾਵੇਂ ਜਿੰਨੇ ਵੀ ਨਸ਼ਾ ਸਮੱਗਲਰਾਂ ਦੇ ਖਾਤਮੇ 'ਤੇ ਉਨ੍ਹਾਂ ਦੀ ਸਪਲਾਈ ਲਾਈਨ ਟੁੱਟਣ ਦੇ ਦਾਅਵੇ ਕਰ ਰਹੇ ਹੋਣ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਪੁਲਸ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨਾ ਤਾਂ ਯਾਦ ਰੱਖਦੀ ਹੈ ਪਰ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ 'ਤੇ ਪੂਰੀ ਮਿਹਰਬਾਨੀ ਦਿਖਾਈ ਜਾਂਦੀ ਹੈ।
ਨਾ ਸਿਰਫ ਕਮਜ਼ੋਰ ਪ੍ਰੋਸੀਕਿਊਸ਼ਨ ਤਿਆਰ ਕੀਤਾ ਜਾਂਦਾ ਹੈ, ਸਗੋਂ ਉਨ੍ਹਾਂ ਦੀ ਪ੍ਰਾਪਰਟੀ ਕੁਰਕ ਕਰਨ ਵਿਚ ਵੀ ਢਿੱਲਮੱਠ ਕੀਤੀ ਜਾਂਦੀ ਹੈ। ਹਾਈਕੋਰਟ ਅਜਿਹੇ ਮਾਮਲਿਆਂ ਨੂੰ ਹੁਣ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਹਾਈਕੋਰਟ ਨੇ ਤਾਂ ਨਾ ਸਿਰਫ ਸਮੱਗਲਰਾਂ ਦੀ ਪ੍ਰਾਪਰਟੀ ਕੁਰਕ ਕਰਨ ਦੇ ਸਖ਼ਤੀ ਨਾਲ ਹੁਕਮ ਦਿੱਤੇ ਹਨ, ਸਗੋਂ ਕਮਜ਼ੋਰ ਪ੍ਰੋਸੀਕਿਊਸ਼ਨ ਪੇਸ਼ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨੂੰ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਦੀ ਨਸ਼ਿਆਂ ਕਾਰਨ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਜ਼ਬਰਦਸਤ ਕਿਰਕਿਰੀ ਹੋਈ ਸੀ। ਸੂਬੇ ਦੇ ਲੋਕ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਦੇਸ਼ਾਂ ਵੱਲ ਕੂਚ ਕਰਨ ਲੱਗੇ ਸਨ ਅਤੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਆਪਣੇ ਬੱਚਿਆਂ ਨੂੰ ਲੈ ਕੇ ਪੰਜਾਬ ਨਹੀਂ ਆ ਰਹੇ ਸਨ ਕਿ ਕਿਤੇ ਇਥੇ ਆ ਕੇ ਉਹ ਨਸ਼ਿਆਂ ਦੇ ਆਦੀ ਨਾ ਬਣ ਜਾਣ।
ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਇਕ ਮਹੀਨੇ ਦੇ ਅੰਦਰ ਨਸ਼ਾ ਖਤਮ ਕਰਨ ਦੀ ਸਹੁੰ ਚੁੱਕੀ ਸੀ। ਸ਼ੁਰੂਆਤ ਵਿਚ ਇਸ 'ਤੇ ਅਮਲ ਵੀ ਹੋਇਆ। ਸਪੈਸ਼ਲ ਟਾਸਕ ਫੋਰਸ ਗਠਿਤ ਕਰ ਕੇ ਉਸ ਨੂੰ ਨਸ਼ਿਆਂ ਦੇ ਖਿਲਾਫ ਵਾਰ ਕਰਨ ਦੀ ਖੁੱਲ੍ਹੀ ਛੋਟ ਦਿੱਤੀ ਸੀ। ਡੀ. ਜੀ. ਪੀ. ਦੀ ਬਜਾਏ ਇਹ ਐੱਸ. ਟੀ. ਐੱਫ. ਸਿੱਧਾ ਸੀ. ਐੱਮ. ਆਫਿਸ ਨੂੰ ਰਿਪੋਰਟ ਕਰਦੀ ਹੈ। ਐੱਸ. ਟੀ. ਐੱਫ. ਨੇ ਇੰਸ. ਇੰਦਰਜੀਤ ਸਿੰਘ ਸਣੇ ਕਈ ਵੱਡੀਆਂ ਮੱਛੀਆਂ ਨੂੰ ਫੜਨ ਵਿਚ ਕਾਮਯਾਬੀ ਵੀ ਹਾਸਲ ਕੀਤੀ ਸੀ, ਜੋ ਨਸ਼ੇ ਦੇ ਧੰਦੇ ਨੂੰ ਸਰਪ੍ਰਸਤੀ ਦੇ ਰਹੇ ਸਨ ਪਰ ਅਚਾਨਕ ਐੱਸ. ਟੀ. ਐੱਫ. ਦੀ ਚੁੱਪ ਤੇ ਥਾਣਾ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਨੇ ਦੁਬਾਰਾ ਨਸ਼ੇ ਦੇ ਖਿਲਾਫ ਮੁਹਿੰਮ ਨੂੰ ਠੰਡਾ ਕਰ ਦਿੱਤਾ ਹੈ। ਕਾਂਗਰਸ ਸਰਕਾਰ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿਚ ਤੇਜ਼ੀ ਦਿਖਾਈ ਗਈ ਪਰ ਇਨ੍ਹਾਂ ਸਮੱਗਲਰਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣ ਵਿਚ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ ਗਈ।
ਮੌਜੂਦਾ ਅੰਕੜਿਆਂ ਮੁਤਾਬਕ ਹਰ ਫੜੇ ਗਏ ਚੌਥੇ ਸਮੱਗਲਰ 'ਚੋਂ ਇਕ ਸਮੱਗਲਰ ਸਬੂਤ ਨਾ ਹੋਣ ਕਾਰਨ ਜੇਲ ਤੋਂ ਛੁਟ ਰਿਹਾ ਹੈ ਅਤੇ ਬਾਹਰ ਆਉਣ ਤੋਂ ਬਾਅਦ ਫਿਰ ਉਹੀ ਧੰਦਾ ਕਰ ਰਿਹਾ ਹੈ। ਇਹੀ ਨਹੀਂ, ਗ੍ਰਿਫਤਾਰ ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਕੁਰਕ ਕਰਨ ਦੇ ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ। ਜਾਇਦਾਦ ਕੁਰਕ ਕਰਨ ਦੇ ਬੱਹੇਦ ਘੱਟ ਮਾਮਲਿਆਂ ਵਿਚ ਪੁਲਸ ਨੇ ਤਤਪਰਤਾ ਦਿਖਾਈ ਹੈ। ਬਹੁਤਿਆਂ ਮਾਮਲਿਆਂ ਵਿਚ ਸਮੱਗਲਰਾਂ ਨੂੰ ਪੂਰਾ ਫਾਇਦਾ ਪਹੁੰਚਾਉਣ ਦੀ ਖੇਡ ਖੂਬ ਖੇਡੀ ਜਾਂਦੀ ਹੈ।
ਕਮਜ਼ੋਰ ਪ੍ਰੋਸੀਕਿਊਸ਼ਨ ਦੀ ਰਿਪੋਰਟ ਡੀ. ਜੀ. ਪੀ. ਕੋਲੋਂ ਲਵਾਂਗੇ : ਕੈਪਟਨ
ਕਮਜ਼ੋਰ ਪ੍ਰੋਸੀਕਿਊਸ਼ਨ ਤੇ ਸਮੱਗਲਰਾਂ ਦੀ ਜੇਲ ਤੋਂ ਛੁੱਟਣ ਦੀ ਗੱਲ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੱਲ ਕਹਿੰਦੇ ਹਨ ਕਿ ਐੱਸ. ਟੀ. ਐੱਫ. ਸਣੇ ਸਾਰੀ ਪੁਲਸ ਨੂੰ ਨਸ਼ਾ ਸਮੱਗਲਰਾਂ ਦੇ ਖਿਲਾਫ ਸਖ਼ਤੀ ਵਰਤਣ ਦਾ ਹੁਕਮ ਦਿੱਤਾ ਗਿਆ ਹੈ। ਇਸ ਗੱਲ ਦੀ ਡੀ. ਜੀ. ਪੀ. ਕੋਲੋਂ ਰਿਪੋਰਟ ਲਈ ਜਾਵੇਗੀ ਕਿ ਨਸ਼ਿਆਂ ਦੇ ਮਾਮਲਿਆਂ ਵਿਚ ਕਮਜ਼ੋਰ ਪ੍ਰੋਸੀਕਿਊਸ਼ਨ ਕਿਉਂ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਜਾਣਗੇ।
ਨਾਭਾ 'ਚ ਦੋ ਵੱਖ-ਵੱਖ ਥਾਂਵਾ 'ਤੇ ਨਸ਼ੇ ਕਾਰਨ ਵਾਪਰੇ ਸੜਕ ਹਾਦਸੇ, ਇਕ ਦੀ ਮੌਤ
NEXT STORY