ਨਾਭਾ (ਰਾਹੁਲ ਖੁਰਾਨਾ) — ਨਾਭਾ 'ਚ ਦੇਰ ਰਾਤ ਦੋ ਥਾਂਵਾ 'ਤੇ ਭਿਆਨਕ ਸੜਕ ਹਾਦਸਿਆਂ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪਹਿਲਾ ਹਾਦਸਾ ਨਾਭਾ ਭਾਦਸੋ ਰੋਡ 'ਤੇ ਵਾਪਰਿਆ, ਜਦੋਂ ਸਨੀ ਤੇ ਕੁੰਡਾ ਰਾਮ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਸਹੋਲੀ ਜਾ ਰਹੇ ਸਨ ਤਾਂ ਪਿੱਛਿਓ ਨਸ਼ੇ ਦੀ ਹਾਲਤ 'ਚ ਸਵਿਫਟ ਕਾਰ ਚਾਲਕ ਉਨ੍ਹਾਂ ਦੇ ਮੋਟਰਸਾਇਕਲ 'ਚ ਫੇਟ ਮਾਰ ਕੇ ਰਫੂ ਚੱਕਰ ਹੋ ਗਿਆ। ਫੱਟੜ ਹੋਏ ਮੋਟਰਸਾਇਕਲ ਸਵਾਰ ਕੁੰਡਾ ਰਾਮ ਨੇ ਦੱਸਿਆ ਕਿ ਅਸੀਂ ਪਿੰਡ ਜਾ ਰਹੇ ਸੀ, ਪਿੱਛੋਂ ਦੀ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ।
ਇਸ ਮੌਕੇ ਮ੍ਰਿਤਕ ਸਨੀ ਦੇ ਰਿਸ਼ਤੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਇਹ ਜੋ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ, ਕਾਰ ਚਾਲਕ ਦੀ ਅਣਗਿਹਲੀ ਕਾਰਨ ਉਨ੍ਹਾਂ ਦੇ ਪਰਿਵਾਰ ਮੈਂਬਰ ਦੀ ਮੌਤ ਹੋ ਗਈ। ਇਸ ਮੌਕੇ ਸਰਕਾਰੀ ਹਸਪਤਾਲ ਦੀ ਡਾਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜੇ ਦੀ ਲੱਤ ਫਰੈਕਚਰ ਹੋ ਗਈ ਹੈ, ਜਿਸ ਨੂੰ ਰੈਫਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਦਾ ਦੂਜਾ ਹਾਦਸਾ ਦੇਰ ਰਾਤ ਨਾਭਾ ਦੇ ਬੌੜਾ ਗੇਟ ਮੁੱਖ ਚੌਕ 'ਚ ਵਾਪਰਿਆ ਜਿਥੇ ਹਰ ਸਮੇਂ ਸੈਂਕੜੇ ਵਾਹਨ ਚਲਦੇ ਹਨ। ਇਹ ਹਾਦਸਾ ਟਰੱਕ ਚਾਲਕ ਦੀ ਲਾਪਰਵਾਹੀ ਨਾਲ ਵਾਪਰਿਆ, ਜੋ ਕਿ ਨਸ਼ੇ ਦੀ ਹਾਲਤ 'ਚ ਚੌਲਾਂ ਦੇ ਭਰੇ ਟਰੱਕ ਨੂੰ ਡਿਵਾਇਡਰ ਤੇ ਚੜ੍ਹਾ ਦਿੱਤਾ। ਜਿਸ ਕਾਰਨ ਟਰੱਕ ਮੌਕੇ 'ਤੇ ਹੀ ਪਲਟ ਗਿਆ। ਗਨੀਮਤ ਇਹ ਰਹੀ ਕਿ ਮੌਕੇ 'ਤੇ ਕੋਈ ਵੀ ਉਥੇ ਮੌਜੂਦ ਨਹੀਂ ਸੀ। ਹਾਦਸੇ ਤੋਂ ਬਾਅਦ ਟ੍ਰੈਫਿਕ ਜਾਮ ਹੋ ਗਿਆ ਤੇ ਪੁਲਸ ਨੂੰ ਟ੍ਰੈਫਿਕ ਦੇ ਰੂਟ ਨੂੰ ਚੇਂਜ ਕਰਨਾ ਪਿਆ। ਮੌਕੇ 'ਤੇ ਟਰੱਕ ਚਾਲਕ ਨੂੰ ਨਸ਼ੇ ਦੀ ਹਾਲਤ 'ਚ ਲੋਕਾਂ ਨੇ ਫੜ ਲਿਆ ਤੇ ਬਾਅਦ 'ਚ ਪੁਲਸ ਨਸ਼ੇੜੀ ਡਰਾਇਵਰ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ। ਉਥੇ ਹੀ ਮੌਕੇ 'ਤੇ ਮੌਜੂਦ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਤੇ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਟਰੱਕ ਚਾਲਕ ਦਾ ਡਾਕਟਰੀ ਮੁਆਇਨਾ ਕਰਵਾ ਕੇ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਬੀ. ਐੱਸ. ਐੱਨ. ਐੱਲ. ਦਾ ਬਿੱਲ ਜਮ੍ਹਾ ਕਰਵਾਉਣ ਵਾਲਾ ਕੈਸ਼ ਕਾਊਂਟਰ 2 ਦਿਨਾਂ ਤੋਂ ਬੰਦ
NEXT STORY