ਜਲਾਲਾਬਾਦ (ਆਦਰਸ਼, ਜਤਿੰਦਰ) - ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਇੱਕ ਮਾਮਲਾ ਜਲਾਲਾਬਾਦ ਇਲਾਕੇ ਦੇ ਪਿੰਡ ਰੋੜਾਂਵਾਲੀ ਉਰਫ਼ (ਤਾਰੇ ਵਾਲਾ) ਤੋਂ ਸਾਹਮਣੇ ਆਇਆ ਹੈ। ਥਾਣਾ ਵੈਰੋਂ ਕਾ ਅਧੀਨ ਪੈਂਦੇ ਪਿੰਡ ਵਿੱਚ ਬੀਤੀ 4 ਅਗਸਤ ਨੂੰ ਹੋਈ ਮੁਖ਼ਤਿਆਰ ਸਿੰਘ ਉਰਫ਼ ਛੰਨੂ ਦੀ ਮੌਤ ਦੇ ਮਾਮਲੇ 'ਚ ਕਰੀਬ ਦੋ ਹਫ਼ਤਿਆਂ ਬਾਅਦ ਪੁਲਸ ਨੇ ਵੱਡਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਜਾਂਚ ਵਿੱਚ ਕਥਿਤ ਤੌਰ 'ਤੇ ਮ੍ਰਿਤਕ ਦੇ ਆਪਣੇ ਪੁੱਤਰ ਗੁਰਬਾਜ਼ ਸਿੰਘ ਉਰਫ਼ ਬਾਜਾ ਦਾ ਨਾਮ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਂ ਕਾ ਦੇ ਮੁਖੀ ਪ੍ਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਗੁਰਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ, ਵਾਸੀ ਅਰਨੀਵਾਲਾ ਅਤੇ ਹਾਲ ਆਬਾਦ ਭਾਈ ਮਤੀਦਾਸ ਕਾਲੋਨੀ, ਜਲਾਲਾਬਾਦ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ 4 ਅਗਸਤ ਦੀ ਰਾਤ ਨੂੰ ਲਗਭਗ ਸਵਾ 11 ਵਜੇ ਦੇ ਕਰੀਬ ਮੁਖ਼ਤਿਆਰ ਸਿੰਘ ਉਰਫ਼ ਛੰਨੂ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਸੀ।
ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੂੰ ਕਥਿਤ ਤੌਰ 'ਤੇ ਇਹ ਪਤਾ ਲੱਗਾ ਕਿ ਮ੍ਰਿਤਕ ਦੇ ਪੁੱਤਰ ਗੁਰਬਾਜ਼ ਸਿੰਘ ਉਰਫ਼ ਬਾਜਾ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਪਣੇ ਹੀ ਪਿਤਾ ਦਾ ਕਤਲ ਕੀਤਾ। ਥਾਣਾ ਮੁਖੀ ਪ੍ਰਗਟ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕਰਨ ਤੋਂ ਬਾਅਦ ਪੁਲਸ ਵੱਲੋਂ ਗੁਰਬਾਜ਼ ਸਿੰਘ ਉਰਫ਼ ਬਾਜਾ ਖ਼ਿਲਾਫ਼ ਧਾਰਾ 103 ਬੀ.ਐਨ.ਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰੀ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ 4 ਅਗਸਤ ਨੂੰ ਮੁਖ਼ਤਿਆਰ ਸਿੰਘ ਉਰਫ਼ ਛੰਨੂ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਲੈ ਕੇ ਇਲਾਕੇ ਵਿੱਚ ਕਈ ਤਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਹੁਣ ਪੁਲਸ ਜਾਂਚ ਤੋਂ ਬਾਅਦ ਮ੍ਰਿਤਕ ਦੇ ਆਪਣੇ ਹੀ ਪੁੱਤਰ 'ਤੇ ਕਤਲ ਦਾ ਦੋਸ਼ ਲੱਗਣ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੈਰਾਨੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਨੇ ਖ਼ੂਨ ਦੇ ਰਿਸ਼ਤਿਆਂ 'ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਸ ਮਾਮਲੇ ਸਬੰਧੀ ਥਾਣਾ ਵੈਰੋਂ ਕਾ ਮੁਖੀ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਮੁਖ਼ਤਿਆਰ ਸਿੰਘ ਛੰਨੂ ਦੀ ਮੌਤ ਮਾਮਲੇ 'ਚ ਪੁਲਸ ਜਾਂਚ ਦੌਰਾਨ ਕਤਲ ਹੋਣ ਦੇ ਸਾਰੇ ਸੱਚ ਸਾਹਮਣੇ ਆਉਣ ਤੋਂ ਬਾਅਦ ਪੁਲਸ ਵੱਲੋਂ ਮ੍ਰਿਤਕ ਦੇ ਪੁੱਤਰ ਵਿਰੁੱਧ ਕਤਲ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨਗਰ ਨਿਗਮ ਨੇ ਕਾਰਾਬਾਰਾ ਰੋਡ 'ਤੇ ਛੇ ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ
NEXT STORY