ਲੁਧਿਆਣਾ/ਫਿਰੋਜ਼ਪੁਰ (ਰਾਜ): ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਦੇ ਕੰਢੇ ਸਜਣ ਵਾਲੇ ਇਤਿਹਾਸਕ ਮੇਲੇ ਵਿਚ ਜਾਣ ਵਾਲੇ ਸ਼ਰਧਾਲੂਆਂ ਲਈ ਉੱਤਰ ਰੇਲਵੇ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ। ਹਰ ਸਾਲ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਫਿਰੋਜ਼ਪੁਰ ਰੇਲ ਮੰਡਲ ਨੇ ਯਾਤਰੀਆਂ ਦੀ ਭਾਰੀ ਭੀੜ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ 14 ਅਪ੍ਰੈਲ 2026 ਨੂੰ ਫਿਰੋਜ਼ਪੁਰ ਕੈਂਟ ਅਤੇ ਹੁਸੈਨੀਵਾਲਾ ਵਿਚਕਾਰ 6 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਦੇ ਇਸ ਕਦਮ ਨਾਲ ਮੇਲੇ ਵਿਚ ਸੀਸ ਨਿਵਾਉਣ ਜਾਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਉਣ-ਜਾਣ ਵਿਚ ਵੱਡੀ ਰਾਹਤ ਮਿਲੇਗੀ ਅਤੇ ਸਫ਼ਰ ਸੁਖਾਲਾ ਹੋਵੇਗਾ।
ਰੇਲਵੇ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਫਿਰੋਜ਼ਪੁਰ ਕੈਂਟ ਤੋਂ ਹੁਸੈਨੀਵਾਲਾ ਲਈ ਪਹਿਲੀ ਰੇਲ ਗੱਡੀ ਸਵੇਰੇ 9 ਵਜੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਦੂਜੀ ਰੇਲ ਗੱਡੀ 10:30 ਵਜੇ, ਤੀਜੀ 11:55 ਵਜੇ, ਚੌਥੀ ਦੁਪਹਿਰ 1:50 ਵਜੇ, ਪੰਜਵੀਂ ਦੁਪਹਿਰ 3:30 ਵਜੇ ਅਤੇ ਛੇਵੀਂ ਵਿਸ਼ੇਸ਼ ਰੇਲ ਗੱਡੀ ਸ਼ਾਮ 5 ਵਜੇ ਚੱਲੇਗੀ। ਇਹ ਰੇਲ ਗੱਡੀਆਂ ਮੇਲੇ ਵਿਚ ਜਾਣ ਵਾਲੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਸਮੇਂ ਸਿਰ ਪਹੁੰਚਾਉਣ ਵਿਚ ਮਦਦਗਾਰ ਸਾਬਤ ਹੋਣਗੀਆਂ।
ਵਾਪਸੀ ਦੇ ਸਫ਼ਰ ਲਈ ਵੀ ਰੇਲਵੇ ਨੇ ਪੁਖਤਾ ਪ੍ਰਬੰਧ ਕੀਤੇ ਹਨ। ਹੁਸੈਨੀਵਾਲਾ ਤੋਂ ਫਿਰੋਜ਼ਪੁਰ ਕੈਂਟ ਲਈ ਵਾਪਸੀ ਵਾਲੀਆਂ ਰੇਲ ਗੱਡੀਆਂ ਸਵੇਰੇ 9:40 ਵਜੇ, 11:10 ਵਜੇ, ਦੁਪਹਿਰ 12:45 ਵਜੇ, ਦੁਪਹਿਰ 2:40 ਵਜੇ, ਸ਼ਾਮ 4:20 ਵਜੇ ਅਤੇ ਆਖ਼ਰੀ ਗੱਡੀ ਸ਼ਾਮ 6:00 ਵਜੇ ਰਵਾਨਾ ਹੋਵੇਗੀ। ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ ਵਿਸ਼ੇਸ਼ ਤੌਰ 'ਤੇ ਇਨ੍ਹਾਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਠਹਿਰਾਅ ਫਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ 'ਤੇ ਵੀ ਰੱਖਿਆ ਹੈ, ਤਾਂ ਜੋ ਸ਼ਹਿਰ ਦੇ ਲੋਕ ਵੀ ਆਸਾਨੀ ਨਾਲ ਮੇਲੇ ਦਾ ਆਨੰਦ ਲੈਣ ਲਈ ਸਫ਼ਰ ਕਰ ਸਕਣ। ਰੇਲਵੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਟਿਕਟ ਲੈ ਕੇ ਹੀ ਸਫ਼ਰ ਕਰਨ ਅਤੇ ਵਿਵਸਥਾ ਬਣਾਈ ਰੱਖਣ ਵਿਚ ਸਹਿਯੋਗ ਦੇਣ।
ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...
NEXT STORY