ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਦੀ ਟੀਮ ਨੇ ਅੱਜ ਮਜੀਠਾ ਰੋਡ ਬੱਲ ਕਲਾਂ ਸਥਿਤ ਮਹਿਕ ਮਸਾਲੇ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ। ਡਿਊਟੀ ਮੈਜਿਸਟ੍ਰੇਟ ਦੀ ਅਗਵਾਈ 'ਚ ਗਈ ਟੀਮ ਨੂੰ ਛਾਪੇਮਾਰੀ ਦੌਰਾਨ ਜਿਥੇ ਵੱਡੇ ਪੱਧਰ 'ਤੇ ਮਿਆਦ ਪੁਗਾ ਚੁੱਕੇ ਮਸਾਲੇ ਬਰਾਮਦ ਹੋਏ, ਉਥੇ ਹੀ ਫੈਕਟਰੀ ਵਿਚ ਵੱਡੇ ਪੱਧਰ 'ਤੇ ਕਈ ਖਾਮੀਆਂ ਮਿਲੀਆਂ। ਵਿਭਾਗ ਵੱਲੋਂ ਫੈਕਟਰੀ 'ਚ 30 ਲੱਖ ਦੇ ਕਰੀਬ ਮਾਲ ਸੀਲ ਕੀਤਾ ਗਿਆ ਹੈ। ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਮਹਿਕ ਮਸਾਲਾ ਕੰਪਨੀ ਖਿਲਾਫ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਥੇ ਮਿਆਦ ਪੁਗਾ ਚੁੱਕੇ ਮਸਾਲੇ ਦੁਬਾਰਾ ਪੈਕ ਕੀਤੇ ਜਾ ਰਹੇ ਹਨ ਤੇ ਫਿਰ ਬਾਜ਼ਾਰ ਵਿਚ ਵੇਚੇ ਜਾਂਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਇਥੇ ਰੇਡ ਕੀਤੀ। ਫੈਕਟਰੀ ਵਿਚ ਕੁਇੰਟਲ ਤੋਂ ਵੱਧ ਮਸਾਲੇ ਪਏ ਸਨ। ਇਕ ਸਟੋਰ 'ਚੋਂ ਐਕਸਪਾਇਰੀ ਮਸਾਲੇ ਵੀ ਮਿਲੇ। ਇਨ੍ਹਾਂ ਮਸਾਲਿਆਂ ਨੂੰ ਮਸ਼ੀਨ ਜ਼ਰੀਏ ਦੁਬਾਰਾ ਪੈਕ ਕੀਤਾ ਜਾ ਰਿਹਾ ਸੀ। ਫੈਕਟਰੀ ਮਾਲਕਾਂ ਕੋਲ ਰੀ-ਪੈਕੇਜਿੰਗ ਦਾ ਲਾਇਸੈਂਸ ਨਹੀਂ ਹੈ, ਉਨ੍ਹਾਂ ਸਿਹਤ ਵਿਭਾਗ ਨੂੰ ਗੁੰਮਰਾਹ ਕਰਨ ਲਈ ਹਥਕੰਡਾ ਵੀ ਅਪਣਾਇਆ ਸੀ। ਇਹ ਲੋਕ ਬੱਲ ਕਲਾਂ ਵਿਚ ਮਸਾਲੇ ਪੈਕ ਕਰਦੇ ਸਨ ਪਰ ਪੈਕਿੰਗ 'ਤੇ ਹਕੀਮਾਂ ਗੇਟ ਦਾ ਪਤਾ ਦਰਜ ਕੀਤਾ ਹੋਇਆ ਹੈ। ਅਜਿਹਾ ਇਸ ਲਈ ਤਾਂ ਕਿ ਸਿਹਤ ਵਿਭਾਗ ਦੀ ਟੀਮ ਜੇਕਰ ਛਾਪਾ ਮਾਰੇ ਤਾਂ ਗੇਟ ਹਕੀਮਾਂ ਵਿਚ। ਇਹ ਸਾਰਾ ਕੰਮ ਗ਼ੈਰ-ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸੀ। ਫੈਕਟਰੀ 'ਚ ਤਕਰੀਬਨ 25 ਤੋਂ 30 ਲੱਖ ਦੇ ਮਸਾਲੇ ਪਏ ਸਨ। ਸਿਹਤ ਵਿਭਾਗ ਨੇ ਮਸਾਲੇ ਪੈਕ ਕਰਨ ਵਾਲੀ ਮਸ਼ੀਨ ਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਲਦੀ, ਲਾਲ ਮਿਰਚ, ਗਰਮ ਮਸਾਲਾ, ਰਾਜਮਾਂਹ ਮਸਾਲਾ, ਮੇਥੀ, ਮਹਿਕ ਟਰਮਰਿਕ ਧੂੜਾ, ਕਿਚਨ ਕਿੰਗ, ਮੀਟ ਮਸਾਲਾ, ਮਹਿਕ ਧਨੀਆ ਧੂੜਾ ਤੇ ਮਹਿਕ ਸੁਪਰ ਮਿਰਚ ਘਾਹ ਦੇ ਸੈਂਪਲ ਭਰੇ ਗਏ। ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ ਹੈ।
ਸਿਹਤ ਅਧਿਕਾਰੀ ਡਾ. ਭਾਗੋਵਾਲੀਆ ਨੇ ਦੱਸਿਆ ਕਿ ਮਾਲਕਾਂ ਦਾ ਨਾਂ ਸ਼ਾਮ ਸੁੰਦਰ ਅਰੋੜਾ ਤੇ ਵਿਕਾਸ ਅਰੋੜਾ ਹੈ।
10 ਸਾਲਾਂ ਤੋਂ ਹੱਤਿਆ ਦਾ ਬਣਾ ਰਿਹਾ ਸੀ ਪਲਾਨ, ਵਿਸ਼ਵਾਸ ਬਣਾ ਕੇ ਕੀਤੀ ਹੱਤਿਆ
NEXT STORY