ਸ੍ਰੀ ਅਨੰਦਪੁਰ ਸਾਹਿਬ/ ਰੂਪਨਗਰ,(ਸੱਜਨ ਸੈਣੀ) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਅਨੰਦਪੁਰ ਸਾਹਿਬ-ਨੈਣਾ ਦੇਵੀ ਤੋਂ ਗੜ੍ਹਸ਼ੰਕਰ-ਬੰਗਾ ਸੜਕ ਦਾ ਨੀਂਹ ਪੱਥਰ ਰੱਖਣ 'ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇਸ ਸੜਕ ਮਾਰਗ ਨੂੰ ਇਸ ਇਲਾਕੇ ਦੇ ਲੋਕਾਂ ਲਈ ਇਕ ਬਹੁਤ ਵੱਡੀ ਸਹੂਲਤ ਦੱਸਿਆ ਜਿਸ ਦੇ ਮੁਕੰਮਲ ਹੋ ਜਾਣ ਦੇ ਨਾਲ ਇਸ ਇਲਾਕੇ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋ ਜਾਵੇਗੀ।
ਕੈਬਨਿਟ ਮੰਤਰੀ ਸਿੰਗਲਾ ਨੇ ਕੇਂਦਰੀ ਮੰਤਰੀ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਲੰਧਰ ਤੋਂ ਪਾਣੀਪਤ ਤੱਕ ਨੈਸ਼ਨਲ ਹਾਈਵੇ ਦੇ ਅਧੂਰੇ ਪਏ ਕੰਮ ਨੂੰ ਤੁਰੰਤ ਮੁਕੰਮਲ ਕਰਾਇਆ ਜਾਵੇ ਕਿਉਂਕਿ ਇਸ ਮਾਰਗ 'ਤੇ ਲੱਗੇ ਹੋਏ ਟੋਲ ਦੇਣ ਦੇ ਬਾਵਜੂਦ ਰਾਹਗੀਰਾਂ ਨੂੰ ਲੋਂੜੀਦੀ ਸਹੂਲਤ ਨਹੀਂ ਮਿਲ ਰਹੀ ਹੈ। ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਇਸ ਸੜਕ ਦਾ ਨੀਂਹ ਪੱਥਰ ਰੱਖਿਆ ਜਿਸ 'ਤੇ ਅਨੁਮਾਨਤ 581 ਕਰੋੜ ਰੁਪਏ ਖਰਚ ਆਓਣਗੇ। ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਵੀ ਉਨ੍ਹਾਂ ਦੇ ਨਾਲ ਸਨ। ਇਸ ਸੜਕ ਦੀ ਕੁੱਲ ਲੰਬਾਈ 67.640 ਕਿਲੋਮੀਟਰ ਹੈ। ਇਸ ਉਪਰੰਤ ਗਡਕਰੀ ਅਤੇ ਸਿੰਗਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰਸ਼ਾਦ ਰੂਪੀ ਸਿਰੋਪਾਓ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਯਾਦਗਾਰੀ ਤਸਵੀਰ ਭੇਂਟ ਕੀਤੀ ਗਈ।
ਫਿਰ ਵਿਵਾਦਾਂ 'ਚ ਲੁਧਿਆਣਾ ਪੁਲਸ, ਬਲਾਤਕਾਰ ਪੀੜਤਾ ਨੇ ਲਾਏ ਗੰਭੀਰ ਦੋਸ਼
NEXT STORY