ਸੁਲਤਾਨਪੁਰ ਲੋਧੀ (ਸੋਢੀ)- ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 553 ਸਾਲਾ ਅਵਤਾਰ ਪੁਰਬ ਦੀ ਖੁਸ਼ੀ ’ਚ ਅੱਜ ਦੇਰ ਰਾਤ 2-30 ਵਜੇ ਗੁ. ਸ੍ਰੀ ਬੇਰ ਸਾਹਿਬ ਵਿਖੇ ਮੁੱਖ ਦਰਬਾਰ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 8 ਅਤੇ 9 ਨਵੰਬਰ ਦੀ ਦਰਮਿਆਨੀ ਰਾਤ ਦੇ 1:40 ਵਜੇ ਪੈਣਗੇ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸਮੇਤ ਹੋਰ ਸਮੂਹ ਗੁਰਦੁਆਰਾ ਸਾਹਿਬ ਨੂੰ ਤਾਜ਼ੇ ਵੰਨ-ਸਵੰਨੇ ਫੁੱਲਾਂ ਨਾਲ ਸਜਾਇਆ ਗਿਆ। ਇਹ ਮਨਮੋਹਕ ਦ੍ਰਿਸ਼ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਸ਼ਰਧਾਲੂ ਗੁਰਦੁਆਰਾ ਸਾਹਿਬ ਪੁੱਜੇ।

ਇਸ ਦੌਰਾਨ ਸੰਗਤਾਂ ਦੀ ਭਾਰੀ ਭੀੜ ਵੀ ਰਹੀ ਅਤੇ ਸੁਲਤਾਨਪੁਰ ਲੋਧੀ ਦੇ ਤਲਵੰਡੀ ਰੋਡ ਪਾਸੇ ਪੁੱਡਾ ਕਾਲੌਨੀ ਨੇੜੇ ਪਾਰਕਿੰਗ ਸਬੰਧੀ ਅਤੇ ਅੱਗੇ ਲੰਘਣ ਵਾਲੀਆਂ ਗੱਡੀਆਂ ਸਬੰਧੀ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸੰਗਤਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਈ। ਉੱਧਰ, ਪਵਿੱਤਰ ਕਾਲੀ ਵੇਈਂ ਨਦੀ ਨੂੰ ਵੀ ਸੁੰਦਰ ਲੜੀਆਂ ਲਗਾ ਕੇ ਸਜਾਇਆ ਗਿਆ ਹੈ ਤੇ ਪਵਿੱਤਰ ਵੇਈਂ ਬਹੁਤ ਖੂਬਸੂਰਤ ਦ੍ਰਿਸ਼ ਪੇਸ਼ ਕਰਦੀ ਹੈ।

ਭਾਈ ਮਰਦਾਨਾ ਜੀ ਦੀਵਾਨ ਹਾਲ ’ਚ ਸਜਾਏ ਜਾਣਗੇ ਧਾਰਮਿਕ ਦੀਵਾਨ
7 ਨਵੰਬਰ ਨੂੰ ਸ਼ਾਮ ਦੇ 4:00 ਵਜੇ ਤੋਂ 9 ਨਵੰਬਰ ਸਵੇਰੇ 9:00 ਵਜੇ ਤੱਕ ਧਾਰਮਿਕ ਦੀਵਾਨ ਭਾਈ ਮਰਦਾਨਾ ਜੀ ਦੀਵਾਨ ਹਾਲ (ਗੁਰਦੁਆਰਾ ਬੇਰ ਸਾਹਿਬ) ਵਿਖੇ ਸਜੇਗਾ, ਜਿਸ ਵਿਚ ਪੰਥ-ਪ੍ਰਸਿੱਧ ਰਾਗੀ, ਢਾਡੀ ਜਥੇ ਤੇ ਕਵੀ ਭਾਗ ਲੈਣਗੇ, ਜੋ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਧਾਰਮਿਕ ਕਵਿਤਾਵਾਂ ਰਾਹੀਂ ਗੁਰੂ-ਜੱਸ ਸਰਵਣ ਕਰਵਾਉਣਗੇ। ਇਸਤੋਂ ਇਲਾਵਾ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵਿਕੇਟ ਹਰਜਿੰਦਰ ਸਿੰਘ ਧਾਮੀ ਵੀ ਧਾਰਮਿਕ ਸਮਾਗਮ ’ਚ ਭਾਗ ਲੈਣਗੇ।

ਸ਼ਾਮ 7 ਵਜੇ ਹੋਵੇਗੀ ‘ਦੀਪਮਾਲਾ’, ਰਾਤ ਨੂੰ ਚਲਾਈ ਜਾਵੇਗੀ ‘ਆਤਿਸ਼ਬਾਜ਼ੀ’
8 ਨਵੰਬਰ ਦੀ ਸ਼ਾਮ ਨੂੰ 7 ਵਜੇ ਸ਼ਾਨਦਾਰ ‘ਦੀਪਮਾਲਾ’ ਹੋਵੇਗੀ ਅਤੇ ‘ਆਤਿਸ਼ਬਾਜ਼ੀ’ ਚਲਾਈ ਜਾਵੇਗੀ। 8 ਨਵੰਬਰ ਨੂੰ ਦੁਪਹਿਰ 12 ਵਜੇ ਅੰਮ੍ਰਿਤ-ਸੰਚਾਰ ਹੋਵੇਗਾ। ਅੰਮ੍ਰਿਤ-ਅਭਿਲਾਖੀ ਆਪਣੇ ਨਾਮ ਹੈੱਡ-ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਲਿਖਵਾਉਣ ਦੀ ਖੇਚਲ ਕਰਨ ਤੇ ਤਿਆਰ-ਬਰ-ਤਿਆਰ ਹੋ ਕੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ।

ਅੱਜ ਸਵੇਰੇ 10 ਵਜੇ ਗੁ. ਸੰਤ ਘਾਟ ਸਾਹਿਬ ਤੋਂ ਆਰੰਭ ਹੋਵੇਗਾ ਵਿਸ਼ਾਲ ਨਗਰ ਕੀਰਤਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅੱਜ ਦੇਰ ਰਾਤ ਗੁਰਦੁਆਰਾ ਬੇਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 8 ਅਤੇ 9 ਦੀ ਦਰਮਿਆਨੀ ਰਾਤ ਨੂੰ ਪਾਏ ਜਾਣਗੇ। ਇਸ ਸਬੰਧੀ ਮਹਾਨ ਨਗਰ ਕੀਰਤਨ 7 ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਆਰੰਭ ਹੋਵੇਗਾ, ਜਿਸ ਦੌਰਾਨ ਫੁੱਲਾਂ ਦੀ ਵਰਖਾ ਦੀ ਸੇਵਾ ਨਿਰਵੈਰ ਖਾਲਸਾ ਸੇਵਾ ਸੋਸਾਇਟੀ ਵੱਲੋਂ ਕੀਤੀ ਜਾਵੇਗੀ। ਇਸ ਸਬੰਧੀ ਤਿਆਰੀਆਂ ਲਈ 10 ਕੁਇੰਟਲ ਤਾਜ਼ੇ ਫੁੱਲ ਲਿਆ ਕੇ ਸੇਵਾ ਕੀਤੀ ਗਈ। ਵੱਡੀ ਗਿਣਤੀ ’ਚ ਸ਼ਰਧਾਲੂ ਸੰਗਤਾਂ ਅਤੇ ਬੀਬੀਆਂ ਸੇਵਾ ’ਚ ਹਿੱਸਾ ਪਾਇਆ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ।

ਨਿਰਵੈਰ ਖਾਲਸਾ ਸੇਵਾ ਸੋਸਾਇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਹਰਿੰਦਰ ਸਿੰਘ, ਜਗਦੀਪ ਸਿੰਘ, ਜਗਜੀਤ ਸਿੰਘ, ਨਵਦੀਪ ਸਿੰਘ, ਸੁਖਦੇਵ ਸਿੰਘ, ਸ਼ਰਨਜੀਤ ਸਿੰਘ, ਪਰਮਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਖ਼ਾਲਸਾ, ਦਿਲਾਵਰ ਸਿੰਘ ਪੰਛੀ, ਪੁਨੀਤਪਾਲ ਸਿੰਘ, ਮਨਕਰਨ ਸਿੰਘ, ਗੁਰਪ੍ਰੀਤ ਸਿੰਘ ਮਨ, ਮਨਪ੍ਰੀਤ ਸਿੰਘ, ਹਰਜਾਪ ਸਿੰਘ, ਜਪਨੂਰ ਸਿੰਘ ਆਦਿ ਨੇ ਸੇਵਾ ਚ ਯੋਗਦਾਨ ਪਾਇਆ।









ਅਹਿਮ ਖ਼ਬਰ : ਵਿਜੀਲੈਂਸ ਬਿਊਰੋ ਖ਼ਿਲਾਫ਼ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਸਮੂਹ ਮੁਲਾਜ਼ਮ ਅੱਜ ਤੋਂ ਹੜਤਾਲ ’ਤੇ
NEXT STORY