ਅੰਮ੍ਰਿਤਸਰ (ਸਰਬਜੀਤ) : ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਪਿਛਲੇ ਦਿਨਾਂ ਨਾਲੋਂ ਬਹੁਤ ਜ਼ਿਆਦਾ ਹੋ ਗਈ ਹੈ। ਜਿਸ ਕਰਕੇ ਸ਼ਰਧਾਲੂਆਂ ਦੇ ਰਹਿਣ ਲਈ ਗੁਰੂ ਘਰ ਵਿਖੇ ਬਣੀਆਂ ਸਰਾਵਾਂ ਦੇ ਕਮਰੇ ਵੀ ਘੱਟ ਪੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੰਗਤ ਦੀ ਆਮਦ ਦਿਨੋ-ਦਿਨ ਵੱਧਦੀ ਜਾ ਰਹੀ ਹੈ ਅਤੇ ਲਗਭਗ ਰੋਜ਼ਾਨਾ ਗੁਰੂ ਘਰ ਵਿਖੇ 4 ਲੱਖ ਦੇ ਕਰੀਬ ਸ਼ਰਧਾਲੂ ਦਰਸ਼ਨ ਕਰਨ ਪਹੁੰਚ ਰਹੇ ਹਨ। ਜਿਸ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਣੀਆਂ ਸਰਾਵਾਂ ਵਿਚ ਸੰਗਤਾਂ ਦੇ ਰਹਿਣ ਦਾ ਇੰਤਜ਼ਾਮ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਰਕੇ ਦੂਰ ਦੁਰਾਡਿਓਂ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੀ ਸੰਗਤ ਇਸ ਸਮੇਂ ਏ. ਸੀ. ਕਮਰੇ ਹੀ ਲੈਣ ਦੇ ਚਾਹਵਾਨ ਹੁੰਦੇ ਹਨ। ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਸੰਗਤ ਦੀ ਆਮਦ ਜ਼ਿਆਦਾ ਹੋਣ ਕਰਕੇ ਏ. ਸੀ. ਕਮਰੇ ਨਹੀਂ ਮਿਲ ਸਕਦੇ ਪਰ ਇਸ ਲਈ ਸ਼ਰਧਾਲੂਆਂ ਦੀ ਆਮਦ ਨੂੰ ਵੇਖਦੇ ਹੋਏ ਵੱਡੇ ਹਾਲ ਲੋੜ ਪੈਣ 'ਤੇ ਖੋਲੇ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ਬਰ, 1000 ਮਹੀਨਾ ਦਿੱਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਦੀ ਪਤਨੀ ਦਾ ਵੱਡਾ ਬਿਆਨ
ਐੱਸ. ਜੀ. ਪੀ. ਸੀ. ਦੀਆਂ ਅੱਠ ਸਰਾਵਾਂ ਤੋਂ ਇਲਾਵਾ ਏ. ਸੀ. ਹਾਲ ਵੀ ਖੋਲ੍ਹੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਅੱਠ ਸਰਾਵਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਲਗਭਗ 780 ਕਮਰੇ ਹਨ। ਇਨ੍ਹਾਂ ਸਰਾਵਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਸ੍ਰੀ ਗੁਰੂ ਹਰਗੋਬਿੰਦ ਨਿਵਾਸ, ਗੁਰੂ ਗੋਬਿੰਦ ਸਿੰਘ ਐੱਨ. ਆਰ. ਆਈ ਨਿਵਾਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਨਿਵਾਸ, ਸਾਰਾਗੜੀ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਜੀ ਯਾਤਰੀ ਨਿਵਾਸ ਹਨ। ਜਿਨ੍ਹਾਂ ਵਿਚ ਕਾਫੀ ਵੱਡੀ ਮਾਤਰਾ ਵਿਚ ਸੰਗਤਾਂ ਰਹਿ ਸਕਦੀਆਂ ਹਨ। ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਸੰਗਤਾਂ ਦੀ ਗਿਣਤੀ ਵੱਧ ਜਾਵੇ ਤਾਂ ਇਸ ਤੋਂ ਇਲਾਵਾ ਸਾਡੇ ਕੋਲ ਵੱਡੇ ਏ. ਸੀ. ਹਾਲ ਵੀ ਹਨ, ਜਿਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਰਹਿਣ ਦੀ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਮੰਜੀ ਹਾਲ ਵਿਖੇ ਵੀ ਏ. ਸੀ. ਹਾਲ ਹਨ, ਜਿਨ੍ਹਾਂ ਨੂੰ ਸ਼ਰਧਾਲੂਆਂ ਵਾਸਤੇ ਖੋਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਗੁਰੂ ਘਰ ਦੇ ਦਰਸ਼ਨ ਕਰਨ ਲਈ ਚੱਲ ਕੇ ਆਈ ਹੈ। ਉਨ੍ਹਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਤੋਂ ਇਲਾਵਾ ਵੀ ਤਿੰਨ ਸਰਾਵਾਂ ਹੋਰ ਅਟੈਚ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਗੁਰੂ ਅੰਗਦ ਦੇਵ ਨਿਵਾਸ, ਸੰਤ ਮਿੱਠਾ ਟਿਵਾਣਾ ਨਿਵਾਸ ਅਤੇ ਹੋਰ ਲੋੜ ਪੈਣ 'ਤੇ ਅਕਾਲੀ ਫੂਲਾ ਸਿੰਘ ਬੁਰਜ ਦੇ ਕਮਰੇ ਵੀ ਹਨ, ਜਿਨ੍ਹਾਂ ਨੂੰ ਆਉਣ ਵਾਲੀਆਂ ਸੰਗਤਾਂ ਵਾਸਤੇ ਖੋਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਬਾਜਵਾ ਦਾ ਵੱਡਾ ਬਿਆਨ, ਲੋਕ ਸਭਾ ਚੋਣਾਂ ਜਿੱਤਣ ਵਾਲੇ ਨਹੀਂ ਲੜਨਗੇ ਵਿਧਾਨ ਸਭਾ ਚੋਣ
ਸੰਗਤਾਂ ਲਈ ਬਣ ਰਹੀਆਂ ਤਿੰਨ ਹੋਰ ਸਰਾਵਾਂ
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿੰਨ ਹੋਰ ਸਰਾਵਾਂ ਭਗਤ ਨਾਮਦੇਵ ਜੀ ਯਾਤਰੀ ਨਿਵਾਸ, ਭਾਈ ਜੈਤਾ ਜੀ ਯਾਤਰੀ ਨਿਵਾਸ ਅਤੇ ਬਾਬਾ ਬਸੰਤ ਸਿੰਘ ਯਾਤਰੀ ਨਿਵਾਸ ਆਉਣ ਵਾਲੇ ਕੁਝ ਹੀ ਸਮੇਂ ਵਿਚ ਤਿਆਰ ਹੋ ਜਾਣਗੀਆਂ। ਜਿਨ੍ਹਾਂ ਤੋਂ ਪਹਿਲਾਂ ਸਾਰਾਗੜੀ ਫੇਸ ਵਨ 168 ਕਮਰਿਆਂ ਵਾਲੀ ਸਰਾਂ ਲਗਭਗ ਅਗਲੇ ਦੋ ਮਹੀਨਿਆਂ ਤੱਕ ਸ਼ਰਧਾਲੂਆਂ ਦੀ ਸਹੂਲਤ ਲਈ ਤਿਆਰ ਹੋ ਜਾਵੇਗੀ।
ਇਹ ਵੀ ਪੜ੍ਹੋ : ਵੋਟਾਂ ਵਾਲਾ ਦਿਨ 1 ਜੂਨ ਸਿੱਖਾਂ ਲਈ ਖਾਸ, ਅਕਾਲ ਪੁਰਖ ਨੇ ਸਜ਼ਾ ਦੇਣ ਦੀ ਯਾਦ ਦਿਵਾਉਣ ਲਈ ਚੁਣਿਆ : ਸੁਖਬੀਰ
ਸੰਗਤਾਂ ਨੂੰ ਸਰਾਵਾਂ ਦੇ ਮੁਲਾਜ਼ਮਾਂ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲ
ਸਰਾਵਾਂ ਦੇ ਇੰਚਾਰਜ ਮੈਨੇਜਰ ਗੁਰਪ੍ਰੀਤ ਸਿੰਘ ਅਤੇ ਸਾਰਾਗੜੀ ਸਰਾ ਦੇ ਇੰਚਾਰਜ ਰਣਜੀਤ ਸਿੰਘ ਭੋਮਾ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਕਰਕੇ ਭਾਵੇਂ ਸੰਗਤਾਂ ਦੀ ਗਿਣਤੀ ਆਮ ਦਿਨਾਂ ਨਾਲੋਂ ਬਹੁਤ ਜ਼ਿਆਦਾ ਹੋ ਗਈ ਹੈ ਪਰ ਉਸਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹਰ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਰਾਵਾਂ ਵਿਚ ਕਮਰੇ ਲੈਣ ਲਈ ਇੱਥੇ ਤੈਨਾਤ ਸੇਵਾਦਾਰ ਮੁਲਾਜ਼ਮਾਂ ਨਾਲ ਸਹਿਯੋਗ ਕਰਨ ਤਾਂ ਜੋ ਇੱਥੇ ਆਉਣ ਵਾਲੇ ਹਰ ਸ਼ਰਧਾਲੂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਵੀ ਚੰਗੇ ਉਪਰਾਲੇ ਕੀਤੇ ਜਾ ਸਕਣ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AC ਸਰਵਿਸ ਕਰਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ ਪੈ ਸਕਦੈ ਪਛਤਾਉਣਾ
NEXT STORY