ਅੰਮ੍ਰਿਤਸਰ (ਅਨਜਾਣ) - ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਪੂਰੇ ਦੇਸ਼ ਨੂੰ 3 ਮਈ ਤੱਕ ਲਾਕਡਾਊਨ ਕੀਤਾ ਗਿਆ ਹੈ। ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ ਰਾਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸੁੰਦਰ ਦੀਪਮਾਲਾ ਕੀਤੀ ਗਈ। ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਜਗਮਗਾ ਉੱਠਿਆ। ਇਸ ਤੋਂ ਪਹਿਲਾਂ ਦਿਨ ਦੇ ਸਮੇਂ ਗੁਰਦੁਆਰਾ (ਟਾਹਲੀ ਸਾਹਿਬ) ਸੰਤੋਖਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਚਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾ ਕੇ ਸਮੁੱਚੇ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ ਗਈ।
ਕੋਰੋਨਾ ਨੂੰ ਲੈ ਕੇ ਪੁਲਸ ਨੇ ਸੱਚਖੰਡ ਦਾ ਘੇਰਾ ਕੀਤਾ ਹੋਰ ਤੰਗ :
ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਪੁਲਸ ਪ੍ਰਸ਼ਾਸਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਵਿਖੇ ਸਖਤ ਘੇਰਾਬੰਦੀ ਕੀਤੀ ਗਈ ਹੈ। ਇਸ ਮੌਕੇ ਪੁਲਸ ਵਲੋਂ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਹੈ ਕਿ ਸੇਵਾ ਵਾਲੀ ਸੰਗਤ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਦੇ ਸਿਵਾ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਬਿਲਕੁਲ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ਿਆਂ 'ਤੇ ਪੁਲਸ ਦੇ ਸਖ਼ਤ ਪਹਿਰੇ ਲਗਾ ਦਿੱਤੇ ਗਏ ਹਨ, ਤਾਂਕਿ ਕੋਈ ਵੀ ਅੰਦਰ ਦਾਖਲ ਨਾ ਹੋ ਸਕੇ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ਪੰਜਾਬ ਅਤੇ ਚੰਡੀਗੜ੍ਹ ਦੇ ਚਮਗਿੱਦੜਾਂ ਦੀ ਰਿਪੋਰਟ ਨੈਗੇਟਿਵ
ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਅੰਦਰ ਸਥਿੱਤ ਸਾਰੇ ਅਸਥਾਨਾ 'ਤੇ ਮਰਯਾਦਾ ਰਹੀ ਕਾਇਮ :
ਸੰਗਤਾਂ ਦੀ ਆਮਦ ਨਾ ਹੋਣ 'ਤੇ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਪ੍ਰੀਕਰਮਾ ਵਿੱਚ ਸਥਿੱਤ ਸਾਰੇ ਧਾਰਮਿਕ ਅਸਥਾਨਾ 'ਤੇ ਮਰਯਾਦਾ ਅਨੁੰਸਾਰ ਸ੍ਰੀ ਅਖੰਡਪਾਠ ਸਾਹਿਬ ਅਤੇ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ। ਰਾਗੀ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪੰਚਮ ਪਾਤਸ਼ਾਹ ਦੀ ਬਾਣੀ ਦੇ ਸ਼ਬਦਾਂ ਦਾ ਗਾਇਣ ਕੀਤਾ। ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਮਰਯਾਦਾ ਨਿਭਾਉਂਦਿਆਂ ਸਵੇਰ ਸਮੇਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ ਕਥਾ ਦਾ ਪ੍ਰਵਾਹ ਚੱਲਿਆ। ਸ਼ਾਮ ਦੇ ਸਮੇਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਵਖਿਆਣ ਹੋਇਆ ਪਰ ਇਸ ਮੌਕੇ ਸੰਗਤਾਂ ਹਾਜ਼ਰੀ ਨਹੀਂ ਭਰ ਸਕੀਆਂ। ਸਵੇਰ ਦੇ ਸਮੇਂ ਦੀ ਚੌਂਕੀ ਸਾਹਿਬ ਵਲੋਂ ਗੁਰਬਾਣੀ ਜੱਸ ਗਾਇਣ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਦੀਦਾਰੇ ਕੀਤੇ ਗਏ ਅਤੇ ਪ੍ਰੀਕਰਮਾ ਕੀਤੀ।
ਸੰਗਤ ਦੇ ਅੰਦਰ ਦਾਖਲ ਨਾ ਹੋਣ ਦੇਣ 'ਤੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਗਲਿਆਰਾ ਵਲੋਂ ਸੰਗਤਾਂ ਲਈ ਬਾਹਰ ਲਾਏ ਗਏ ਲੰਗਰ:
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸੰਗਤਾਂ ਦੇ ਅੰਦਰ ਦਾਖਲ ਨਾਲ ਹੋਣ ਦੇਣ ਤੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਘੰਟਾ ਘਰ ਵਾਲੀ ਬਾਹੀ 'ਤੇ ਬਾਹਰੋਂ ਦਰਸ਼ਨਾ ਤੋ ਮੁੜਨ ਵਾਲੀਆਂ ਸੰਗਤਾਂ ਲਈ ਬ੍ਰੈਡ, ਛੋਲੇ, ਖਿਚੜੀ, ਬਿਸਕੁਟ ਅਤੇ ਕੋਲਡ ਡਰਿੰਕਸ ਦਾ ਲੰਗਰ ਲਗਾਇਆ ਗਿਆ। ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਵੀ ਲੰਗਰ ਛਕਣ ਲਈ ਸੰਗਤ ਨਹੀਂ ਦੇਖੀ ਗਈ। ਇਸ ਦੇ ਇਲਾਵਾ ਲੰਗਰ ਹਾਲ ਦੇ ਬਾਹਰ ਚਾਹ ਦਾ ਲੰਗਰ ਵੀ ਨਹੀਂ ਲਗਾਇਆ ਗਿਆ। ਭੀਖਾਰੀ ਵੀ ਬਾਹਰ ਤੋਂ ਦਾਖਲ ਨਹੀਂ ਹੋ ਸਕੇ, ਪਰ ਜਿਹੜੇ ਪਹਿਲਾਂ ਤੋਂ ਹੀ ਅੰਦਰ ਸਨ ਜਾਂ ਕਿਸੇ ਤਰੀਕੇ ਅੰਦਰ ਪਹੁੰਚ ਗਏ ਚਾਹ ਦੇ ਲੰਗਰ ਦੀ ਉਡੀਕ ਕਰਦੇ ਦੇਖੇ ਗਏ।
ਤਿੰਨ ਮਹੀਨੇ ਦੇ ਮਾਸੂਮ ਲਈ ਮਸੀਹਾ ਬਣ ਕੇ ਆਇਆ ਪੁਲਸ ਕਾਂਸਟੇਬਲ
NEXT STORY