ਲੁਧਿਆਣਾ (ਸਲੂਜਾ) : ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਅੱਗ ਰੂਪੀ ਪੈ ਰਹੀ ਗਰਮੀ ਤੋਂ ਬੀਤੀ ਰਾਤ ਨੂੰ ਉਸ ਸਮੇਂ ਲੋਕਾਂ ਨੇ ਸੁੱਖ ਦਾ ਸਾਹ ਲਿਆ, ਜਦੋਂ ਧੂੜ ਭਰੀ ਹਨ੍ਹੇਰੀ ਤੋਂ ਬਾਅਦ ਰਿਮਝਿਮ ਬਾਰਸ਼ ਹੋਣ ਲੱਗੀ। ਇਸ ਮਾਨਸੂਨ ਦੀ ਬਾਰਸ਼ ਦਾ ਕਿਸਾਨਾਂ ਦੇ ਨਾਲ ਜਨਤਾ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਸਮੇਂ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਝੋਨੇ ਦੀ ਬਿਜਾਈ ਹੋਈ ਹੈ। ਕਿਸਾਨਾਂ ਨੂੰ ਇਸ ਫਸਲ ਲਈ ਪਾਣੀ ਦੀ ਹਮੇਸ਼ਾ ਹੀ ਲੋੜ ਰਹਿੰਦੀ ਹੈ।
ਇਸ ਲਈ ਕਿਸਾਨਾਂ ਨੂੰ ਮਾਨਸੂਨ ਦਾ ਇੰਤਜ਼ਾਰ ਰਹਿੰਦਾ ਹੈ, ਜਦੋਂ ਵੀ ਮਾਨਸੂਨ ਆਪਣੇ ਰੰਗ 'ਚ ਵਰ੍ਹਦਾ ਹੈ ਤਾਂ ਕਿਸਾਨ ਵੀ ਬਾਗੋ-ਬਾਗ ਹੋ ਜਾਂਦਾ ਹੈ। ਇੱਥੇ ਇਹ ਦੱਸ ਦੇਈਏ ਕਿ ਸਵੇਰ ਤੋਂ ਲੈ ਕੇ ਰਾਤ ਦੇ ਲਗਭਗ 9.30 ਵਜੇ ਤੱਕ ਭਰੀ ਹੁੰਮਸ ਦਾ ਮਾਹੌਲ ਬਣਿਆ ਹੋਇਆ ਸੀ। ਧੂੜ ਭਰੀ ਹਨ੍ਹੇਰੀ ਕਾਰਨ ਹੀ ਸਭ ਤੋਂ ਪਹਿਲਾਂ ਨਗਰੀ ਦੇ ਵੱਖ ਵੱਖ ਇਲਾਕਿਆਂ 'ਚ ਪਾਵਰ ਸਪਲਾਈ ਠੱਪ ਹੋ ਕੇ ਰਹਿ ਗਈ, ਜਿਸ ਨਾਲ ਲੋਕਾਂ ਨੂੰ ਕਾਫੀ ਸਮੇਂ ਤੱਕ ਹਨੇਰੇ 'ਚ ਹੀ ਰਹਿਣ ਨੂੰ ਮਜ਼ਬੂਰ ਹੋਣਾ ਪਿਆ ਹੈ। ਬਹੁਤ ਸਾਰੇ ਇਲਾਕਿਆਂ 'ਚ ਦਰੱਖਤ ਅਤੇ ਸਾਈਨ ਬੋਰਡ ਡਿੱਗ ਕੇ ਸੜਕਾਂ 'ਤੇ ਆ ਖਿੱਲਰ ਗਏ।
ਬਾਰਸ਼ ਨਾਲ ਨਗਰੀ ਦੇ ਪਾਸ਼ ਅਤੇ ਸਲੱਮ ਇਲਾਕਿਆਂ 'ਚ ਪਾਣੀ ਭਰ ਗਿਆ, ਜਿਸ ਨਾਲ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 36.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਪਾਰਾ 27.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਹਿਕਮੇ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਇਲਾਕਿਆਂ 'ਚ ਬਾਰਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।
ਕਾਂਗਰਸ ਦੇ ਪੁਰਾਣੇ ਸੰਗਠਨ ਨੇ ਖੋਲ੍ਹਿਆ ਪਾਰਟੀ ਖਿਲਾਫ ਮੋਰਚਾ (ਵੀਡੀਓ)
NEXT STORY