ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ, ਦਰਦੀ) - ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਸੱਦੇ 'ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਾਈਵੇਟ ਡਾਕਟਰਾਂ ਨੇ ਸਰਕਾਰ ਵੱਲੋਂ ਲੋਕ ਸਭਾ 'ਚ ਐੱਨ. ਐੱਮ. ਸੀ. (ਨੈਸ਼ਨਲ ਮੈਡੀਕਲ ਕਮਿਸ਼ਨ) ਬਿੱਲ ਪਾਸ ਕਰਨ ਵਿਰੁੱਧ ਸਾਰੇ ਪ੍ਰਾਈਵੇਟ ਹਸਪਤਾਲਾਂ ਵਿਚ ਸਵੇਰੇ 6 ਵਜੇ ਤੋਂ ਹੀ ਓ. ਪੀ. ਡੀ. ਬੰਦ ਕਰ ਦਿੱਤੀ ਗਈ ਸੀ ਅਤੇ ਸ਼ਾਮ ਦੇ 6 ਵਜੇ ਤੱਕ ਬੰਦ ਰੱਖੀ ਜਾਣੀ ਸੀ। ਆਈ. ਐੱਮ. ਏ. ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਡਾ. ਸ਼ਾਮ ਸੁੰਦਰ ਗੋਇਲ ਦੀ ਪ੍ਰਧਾਨਗੀ ਹੇਠ ਪਹਿਲਾਂ ਇਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ 'ਚ ਡਾਕਟਰਾਂ ਨੇ ਭਾਗ ਲਿਆ।
ਕੀ ਹੈ ਬਿੱਲ
ਸਰਕਾਰ ਵੱਲੋਂ ਲੋਕ ਸਭਾ 'ਚ ਜੋ ਬਿੱਲ ਪਾਸ ਕੀਤਾ ਗਿਆ ਹੈ, ਉਸ ਬਿੱਲ ਨੂੰ ਐੱਨ. ਐੱਮ. ਸੀ. ਦਾ ਨਾਂ ਦਿੱਤਾ ਗਿਆ ਹੈ। ਇਹ ਬਿੱਲ ਪਾਸ ਹੋਣ ਨਾਲ ਡਾਕਟਰਾਂ ਨੂੰ ਨੁਮਾਇੰਦਗੀ ਨਹੀਂ ਮਿਲੇਗੀ, ਜਦਕਿ ਪਹਿਲਾਂ ਐੱਮ. ਸੀ. ਆਈ. ਦੌਰਾਨ ਡਾਕਟਰਾਂ ਨੂੰ ਨੁਮਾਇੰਦਗੀ ਮਿਲਦੀ ਸੀ। ਇਸ ਤੋਂ ਇਲਾਵਾ ਜੋ ਸਟੂਡੈਂਟ ਪਿਛਲੇ ਚਾਰ-ਸਾਢੇ ਚਾਰ ਸਾਲ ਤੋਂ ਐੱਮ. ਬੀ. ਬੀ. ਐੱਸ. ਕਰ ਰਹੇ ਹਨ, ਉਨ੍ਹਾਂ ਨੂੰ ਵੀ ਇਕ ਹੋਰ ਟੈਸਟ ਦੇਣਾ ਪਵੇਗਾ, ਜਿਸ ਨਾਲ ਇਹ ਵਿਦਿਆਰਥੀ ਤੰਗ-ਪ੍ਰੇਸ਼ਾਨ ਹੋਣਗੇ।
ਏ. ਡੀ. ਸੀ. ਨੂੰ ਦਿੱਤਾ ਮੰਗ-ਪੱਤਰ
ਸ੍ਰੀ ਮੁਕਤਸਰ ਸਾਹਿਬ ਦੇ ਡਾਕਟਰਾਂ ਵੱਲੋਂ ਇਸ ਬਿੱਲ ਖਿਲਾਫ਼ ਏ. ਡੀ. ਸੀ. ਰਾਜਪਾਲ ਸਿੰਘ ਮਹਾਬੱਧਰ ਨੂੰ ਇਕ ਮੰਗ-ਪੱਤਰ ਦਿੱਤਾ ਗਿਆ, ਜਿਸ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਐੱਨ. ਐੱਮ. ਸੀ. ਬਿੱਲ ਨੂੰ ਰੱਦ ਕਰ ਕੇ ਐੱਮ. ਸੀ. ਆਈ. ਹੀ ਰੱਖਿਆ ਜਾਵੇ।
ਬਿੱਲ ਨੂੰ ਰੱਦ ਕਰਨ ਦੀ ਮੰਗ
ਇਸ ਦੌਰਾਨ ਡਾ. ਮਦਨ ਗੋਪਾਲ ਸ਼ਰਮਾ, ਡਾ. ਸੰਦੀਪ ਸਿੰਘ, ਡਾ. ਵਰਿੰਦਰ ਵਧਵਾ, ਡਾ. ਸੁਧੀਰ ਰਾਜ, ਡਾ. ਅਰਪਨਾ ਰਾਜ ਤੇ ਡਾ. ਪਿਊਸ਼ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕ ਸਭਾ 'ਚ ਪੇਸ਼ ਕੀਤੇ ਗਏ ਬਿੱਲ ਨੂੰ ਰੱਦ ਕੀਤਾ ਜਾਵੇ ਅਤੇ ਡਾਕਟਰ ਲਾਈਨ ਵਿਚ ਨੁਮਾਇੰਦਗੀ ਡਾਕਟਰਾਂ ਨੂੰ ਹੀ ਦਿੱਤੀ ਜਾਵੇ।
ਜ਼ਿਆਦਾ ਹਸਪਤਾਲ ਰਹੇ ਖਾਲੀ
ਹੜਤਾਲ ਦਾ ਪਹਿਲਾਂ ਹੀ ਪਤਾ ਲੱਗ ਜਾਣ ਕਰ ਕੇ ਕਈ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਅਤੇ ਕੁਰਸੀਆਂ ਖਾਲੀ ਹੀ ਪਈਆਂ ਰਹੀਆਂ। ਕੁਝ ਮਰੀਜ਼ ਆ ਕੇ ਵਾਪਸ ਮੁੜ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੰਮ ਛੱਡ ਕੇ ਆਏ ਹਨ ਅਤੇ ਅੱਗੋਂ ਦਵਾਈ ਵੀ ਨਹੀਂ ਮਿਲੀ।
ਦਾਖਲ ਮਰੀਜ਼ਾਂ ਨੂੰ ਨਹੀਂ ਆਈ ਕੋਈ ਦਿੱਕਤ
ਪ੍ਰਾਈਵੇਟ ਹਸਪਤਾਲਾਂ 'ਚ ਜਿਹੜੇ ਮਰੀਜ਼ ਦਾਖਲ ਸਨ, ਉਨ੍ਹਾਂ ਮਰੀਜ਼ਾਂ ਨੂੰ ਕੋਈ ਬਹੁਤੀ ਦਿੱਕਤ ਨਹੀਂ ਆਈ ਕਿਉਂਕਿ ਹਸਪਤਾਲ ਦੇ ਮੁਲਾਜ਼ਮਾਂ
ਵੱਲੋਂ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾ ਰਹੀ ਸੀ।
ਕੋਟਕਪੂਰਾ, (ਨਰਿੰਦਰ, ਭਾਵਿਤ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਕੋਟਕਪੂਰਾ ਵਿਚ ਵੀ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ 3 ਘੰਟੇ ਕੰਮਕਾਜ ਠੱਪ ਰੱਖਿਆ ਅਤੇ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਮੈਡੀਕਲ ਆਯੋਗ ਦਾ ਗਠਨ ਕਰਨ ਲਈ ਲੋਕ ਸਭਾ 'ਚ ਪੇਸ਼ ਕੀਤੇ ਬਿੱਲ ਦਾ ਵਿਰੋਧ ਕੀਤਾ।
ਆਈ. ਐੱਮ. ਏ. ਕੋਟਕਪੂਰਾ ਦੇ ਪ੍ਰਧਾਨ ਡਾ. ਰਮੇਸ਼ ਗਰਗ ਅਤੇ ਡਾ. ਰਾਜਨ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਜੀ ਹਸਪਤਾਲਾਂ 'ਤੇ ਨਵਾਂ ਆਯੋਗ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਬਿੱਲ ਦੇ ਵਿਰੋਧ 'ਚ ਆਈ. ਐੱਮ. ਏ. ਦੇ ਸੱਦੇ 'ਤੇ ਅੱਜ ਸੰਕੇਤਕ ਹੜਤਾਲ ਕੀਤੀ ਗਈ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ
ਜਾਵੇਗਾ। ਇਸ ਦੌਰਾਨ ਆਈ. ਐੱਮ. ਏ. ਦੇ ਇਕ ਵਫ਼ਦ ਵੱਲੋਂ ਐੱਸ. ਐੱਮ. ਓ. ਕੋਟਕਪੂਰਾ ਡਾ. ਧੀਰ ਨੂੰ ਇਕ ਮੰਗ-ਪੱਤਰ ਵੀ ਦਿੱਤਾ ਗਿਆ। ਇਸ ਸਮੇਂ ਡਾ. ਐੱਸ. ਐੱਨ. ਸਿੰਗਲਾ, ਡਾ. ਟੋਨੀ ਕਟਾਰੀਆ, ਡਾ. ਲੱਡਾ, ਡਾ. ਮਾਧਵ ਆਦਿ ਵੀ ਹਾਜ਼ਰ ਸਨ। ਡਾਕਟਰਾਂ ਦੀ ਹੜਤਾਲ ਕਾਰਨ ਨਿੱਜੀ ਹਸਪਤਾਲਾਂ 'ਚ ਆਪਣਾ ਚੈੱਕਅਪ ਕਰਵਾਉਣ ਆਏ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸੇ ਤਰ੍ਹਾਂ ਮਲੋਟ ਵਿਖੇ ਏ. ਐੱਮ. ਆਈ. ਦੇ ਸੂਬਾਈ ਮੀਤ ਪ੍ਰਧਾਨ ਅਤੇ ਮਲੋਟ ਦੇ ਪ੍ਰਧਾਨ ਡਾਕਟਰ ਆਰ. ਪੀ. ਸਿੰਘ ਅਤੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਮਲੋਟ ਦੇ ਸਮੁੱਚੇ ਡਾਕਟਰਾਂ ਨੇ ਓ. ਪੀ. ਡੀ. ਬੰਦ ਰੱਖ ਕੇ ਰੋਸ ਪ੍ਰਗਟ ਕੀਤਾ।
ਸਥਾਨਕ ਬਜਾਜ ਰੈਸਟੋਰੈਂਟ ਵਿਖੇ ਰੱਖੀ ਬੈਠਕ ਨੂੰ ਸੰਬੋਧਨ ਕਰਦਿਆਂ ਡਾ. ਆਰ. ਪੀ. ਸਿੰਘ ਨੇ ਕਿਹਾ ਕਿ ਇਸ ਬਿੱਲ ਦੇ ਲਾਗੂ ਹੁੰਦਿਆਂ ਜਿੱਥੇ ਭ੍ਰਿਸ਼ਟਾਚਾਰ ਵਧੇਗਾ, ਉੱਥੇ ਹੀ ਡਾਕਟਰੀ ਪੇਸ਼ੇ 'ਚ ਆਯੋਗ ਵਿਅਕਤੀਆਂ ਦੀ ਵੀ ਸ਼ਮੂਲੀਅਤ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਨੈਸ਼ਨਲ ਮੈਡੀਕਲ ਕੌਂਸਲ ਦੇ ਨਵੇਂ ਬਿੱਲ ਤਹਿਤ 135 ਮੈਂਬਰਾਂ 'ਚੋਂ ਸਿਰਫ 25 ਹੀ ਮੈਂਬਰ ਹੀ ਰਹਿ ਜਾਣਗੇ, ਜਿਨ੍ਹਾਂ 'ਚੋਂ ਸਿਰਫ 5 ਵਿਅਕਤੀ ਹੀ ਡਾਕਟਰੀ ਪੇਸ਼ੇ ਨਾਲ ਜੁੜੇ ਹੋਣਗੇ, ਬਾਕੀ ਗੈਰ-ਮੈਡੀਕਲ ਕਿੱਤੇ ਨਾਲ ਸਬੰਧਤ ਹੋਣਗੇ, ਜਿਸ ਕਰ ਕੇ ਡਾਕਟਰਾਂ ਦੇ ਅਧਿਕਾਰ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਰੱਖਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਇਸ ਮੌਕੇ ਡਾ. ਮਦਨ ਲਾਲ ਕਮਰਾ, ਡਾ. ਵਿਜੇ ਵਰਮਾ, ਡਾ. ਅਨੁਰਾਗ ਅਰੋੜਾ, ਡਾ. ਵਿਕਾਸ ਤਾਇਲ, ਡਾ. ਅਮਨ ਛਾਬੜਾ, ਡਾ. ਬਲਜੀਤ ਸਿੰਘ, ਡਾ. ਮਾਨਵ ਜੁਨੇਜਾ, ਡਾ. ਪੁਸ਼ਪਾ ਕਮਰਾ, ਡਾ. ਆਸ਼ਾ ਅਰੋੜਾ, ਡਾ. ਭਾਰਤ ਸਿਡਾਨਾ ਆਦਿ ਮੌਜੂਦ ਸਨ।
ਬੱਸ ਤੇ ਆਟੋ ਦੀ ਟੱਕਰ 'ਚ 2 ਜ਼ਖ਼ਮੀ
NEXT STORY