ਮਾਛੀਵਾੜਾ ਸਾਹਿਬ (ਟੱਕਰ) : ਇੱਕ ਪਾਸੇ ਕੋਰੋਨਾ ਮਹਾਮਾਰੀ ਕਾਰਣ ਲੋਕ ਪਰੇਸ਼ਾਨ ਹਨ ਅਤੇ ਦੂਜੇ ਪਾਸੇ ਜ਼ਿਆਦਾਤਰ ਸਰਕਾਰੀ ਦਫ਼ਤਰਾਂ ’ਚ ਮੁਲਾਜ਼ਮਾਂ ਵੱਲੋਂ ਹੜਤਾਲਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ, ਜਿਸ ਕਾਰਣ ਆਮ ਜਨਤਾ ਦੇ ਕੰਮਕਾਰ ਵੀ ਨਹੀਂ ਹੋ ਰਹੇ ਪਰ ਸਰਕਾਰ ਫਿਲਹਾਲ ਮੂਕ ਦਰਸ਼ਕ ਬਣੀ ਹੋਈ ਹੈ। ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਵੀ ਸਾਂਝਾ ਮੁਲਾਜ਼ਮ ਮੰਚ ਵੱਲੋਂ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕਰਦਿਆਂ ਤਿੰਨ ਦਿਨਾਂ ਹੜਤਾਲ ਕਰ ਦਿੱਤੀ ਹੈ।
ਅੱਜ ਦਫ਼ਤਰ ਦੇ ਸਾਰੇ ਹੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਚਲੇ ਗਏ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਕਾਰਣ ਉਨ੍ਹਾਂ ਨੂੰ ਹੜਤਾਲ ਕਰਨੀ ਪਈ। ਇਸ ਮੌਕੇ ਪੰਚਾਇਤ ਸਕੱਤਰ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਸਰਕਾਰ ਤਨਖਾਹਾਂ ’ਚੋਂ ਕਟੌਤੀਆਂ ਕਰ ਰਹੀ ਹੈ, ਡੀ. ਏ. ਦਾ ਬਕਾਇਆ ਅਤੇ ਪੇ-ਕਮਿਸ਼ਨ ਲਾਗੂ ਨਾ ਕਰਨ ਤੋਂ ਇਲਾਵਾ ਜੋ ਨਵੇਂ ਟੈਕਸ ਲਗਾਏ ਜਾ ਰਹੇ ਹਨ, ਉਸ ਨੂੰ ਲੈ ਕੇ ਮੁਲਾਜ਼ਮਾਂ 'ਚ ਰੋਸ ਹੈ, ਜਿਸ ਕਾਰਣ 19 ਤੋਂ 21 ਅਗਸਤ ਤੱਕ ਬਲਾਕ ਪੰਚਾਇਤ ਦਫ਼ਤਰ ਦੇ ਸਮੂਹ ਮੁਲਾਜ਼ਮ ਹੜਤਾਲ ’ਤੇ ਰਹਿਣਗੇ।
ਦੂਸਰੇ ਪਾਸੇ ਮਾਛੀਵਾੜਾ ਨਗਰ ਕੌਂਸਲ ਦਫ਼ਤਰ ’ਚ ਸਫ਼ਾਈ ਸੇਵਕਾਂ ਵੱਲੋਂ ਵੀ ਅੱਜ ਹੜਤਾਲ ਕਰ ਦਿੱਤੀ ਗਈ। ਮਿਊਂਸੀਪਲ ਕਰਮਚਾਰੀ ਦਲ ਨੇ ਕਿਹਾ ਕਿ ਸਫ਼ਾਈ ਮੁਲਾਜ਼ਮ ਆਪਣੀਆਂ ਮੰਗਾਂ ਲਈ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਣ ਉਨ੍ਹਾਂ ਵਲੋਂ ਅੱਜ 18 ਅਗਸਤ ਨੂੰ ਇੱਕ ਦਿਨ ਲਈ ਹੜਤਾਲ ਕੀਤੀ ਗਈ ਅਤੇ ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮਾਛੀਵਾੜਾ ਸਬ-ਤਹਿਸੀਲ 'ਚ ਵੀ ਪਿਛਲੇ ਕਈ ਦਿਨਾਂ ਤੋਂ ਪਟਵਾਰੀਆਂ ਸਮੇਤ ਸਮੂਹ ਮੁਲਾਜ਼ਮ ਹੜਤਾਲ ’ਤੇ ਚੱਲ ਰਹੇ ਹਨ, ਜਿਸ ਕਾਰਣ ਰਜਿਸਟਰੀਆਂ ਅਤੇ ਲੋਕਾਂ ਦਾ ਹੋਰ ਸਾਰਾ ਕੰਮ ਠੱਪ ਪਿਆ ਹੈ। ਮਾਲ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਹੜਤਾਲ ਕੀਤੀ ਹੋਈ ਹੈ ਜੋ ਕਿ 21 ਅਗਸਤ ਤੱਕ ਜਾਰੀ ਰਹੇਗੀ। ਬੇਸ਼ੱਕ ਸਰਕਾਰੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਹਨ ਅਤੇ ਸਰਕਾਰੀ ਦਫ਼ਤਰਾਂ ਦਾ ਕੰਮਕਾਰ ਠੱਪ ਪਿਆ ਹੈ ਪਰ ਸਰਕਾਰ ਤੇ ਮੁਲਾਜ਼ਮਾਂ ਵਿਚਕਾਰ ਚੱਲਦੇ ਰੇੜਕੇ ਦਾ ਖਾਮਿਆਜ਼ਾ ਲੋਕ ਪਰੇਸ਼ਾਨ ਹੋ ਕੇ ਭੁਗਤ ਰਹੇ ਹਨ।
ਬਿਜਲੀ ਮੁਲਾਜ਼ਮ ਦੀ ਖੂਨ ਨਾਲ ਲੱਥਪੱਥ ਸ਼ੱਕੀ ਹਾਲਾਤ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕ
NEXT STORY