ਲੁਧਿਆਣਾ(ਵਿੱਕੀ)-ਇਕਨਾਮਿਕਸ ਦਾ ਪੇਪਰ ਦੁਬਾਰਾ ਲਏ ਜਾਣ ਦੇ ਵਿਰੋਧ ਵਿਚ ਸੀ. ਬੀ. ਐੱਸ. ਈ ਖਿਲਾਫ ਇਕਜੁਟ ਹੋਏ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਬੋਰਡ ਖਿਲਾਫ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਅੱਜ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਗਟ ਕਰਨ ਫੁਹਾਰਾ ਚੌਕ ਪਹੁੰਚੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਸਮਿਟਰੀ ਰੋਡ ਤੋਂ ਲੈ ਕੇ ਕੈਲਾਸ਼ ਚੌਕ ਤੱਕ ਪੈਦਲ ਰੋਸ ਮਾਰਚ ਵੀ ਕੀਤਾ। ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ ਖਿਲਾਫ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਬੋਰਡ ਜਾਣਬੁੱਝ ਕੇ ਉਕਤ ਪ੍ਰੀਖਿਆ ਦੁਬਾਰਾ ਲੈਣ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਹ ਜਾਂ ਤਾਂ ਸਾਰੇ ਪੇਪਰ ਦੁਬਾਰਾ ਦੇਣਗੇ ਜਾਂ ਫਿਰ ਇਕਨਾਮਿਕਸ ਦੇ ਪੇਪਰ ਦਾ ਬਾਈਕਾਟ ਕਰਨ ਤੋਂ ਪਿੱਛੇ ਨਹੀਂ ਹਟਣਗੇ। ਵਿਦਿਆਰਥੀਆਂ ਨੇ ਕਿਹਾ ਕਿ ਸਾਰਾ ਸਾਲ ਪੇਪਰ ਲਈ ਮਿਹਨਤ ਕਰ ਕੇ ਉਨ੍ਹਾਂ ਨੇ ਤਿਆਰੀ ਕੀਤੀ ਪਰ ਬੋਰਡ ਦੀ ਇਕ ਗਲਤੀ ਅਤੇ ਫਿਰ ਉਸ ਗਲਤੀ ਨੂੰ ਲੁਕਾਉਣ ਲਈ ਉਸਦਾ ਸਾਰਾ ਬੋਝ ਵਿਦਿਆਰਥੀਆਂ ਦੇ ਮੋਢੇ 'ਤੇ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੀ. ਬੀ. ਐੱਸ. ਈ. ਦੇ ਇਸ ਫੈਸਲੇ ਤੋਂ ਬਾਅਦ ਉਹ ਇਕਦਮ ਪ੍ਰੇਸ਼ਾਨੀ 'ਚ ਆ ਗਏ ਹਨ। ਕਈ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਸੀ. ਬੀ. ਐੱਸ. ਈ. 10ਵੀਂ ਗਣਿਤ ਦਾ ਪੇਪਰ ਦੁਬਾਰਾ ਲੈਣ ਦੇ ਫੈਸਲੇ ਨੂੰ ਵਾਪਸ ਲੈ ਸਕਦੀ ਹੈ ਤਾਂ 12ਵੀਂ ਦੇ ਵਿਦਿਆਰਥੀਆਂ ਦੇ ਬਾਰੇ 'ਚ ਕਿਉਂ ਨਹੀਂ ਸੋਚਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬੋਰਡ ਨੇ ਦੁਬਾਰਾ ਪ੍ਰੀਖਿਆ ਦੀ ਤਾਰੀਕ 25 ਅਪ੍ਰੈਲ ਨੂੰ ਮਿੱਥੀ ਹੈ ਪਰ ਇਹ ਨਹੀਂ ਸੋਚਿਆ ਕਿ ਇਸ ਫੈਸਲੇ ਨਾਲ ਵਿਦਿਆਰਥੀਆਂ ਦੇ ਬਾਹਰ ਘੁੰਮਣ ਜਾਣ ਦੇ ਪ੍ਰੋਗਰਾਮ ਕੈਂਸਲ ਹੋ ਜਾਣਗੇ। ਵਿਦਿਆਰਥੀਆਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਉਧਰ ਦੇਰ ਸ਼ਾਮ ਫਿਰ ਤੋਂ ਇਕੱਠੇ ਹੋਏ ਵਿਦਿਆਰਥੀਆਂ ਨੇ ਸਰਾਭਾ ਨਗਰ ਮਾਰਕੀਟ 'ਚ ਸੀ. ਬੀ. ਐੱਸ. ਈ. 'ਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੇ ਸਮੇਂ ਸੁੱਤੇ ਰਹਿਣ ਦਾ ਦੋਸ਼ ਲਾਉਂਦੇ ਹੋਏ ਮੋਮਬੱਤੀਆਂ ਜਗਾ ਕੇ ਕੈਂਡਲ ਮਾਰਚ ਵੀ ਕੱਢਿਆ।
ਅਮਿਤਾਭ ਤੇ ਸਚਿਨ ਤੇਂਦੁਲਕਰ ਦੇ ਹਮਸ਼ਕਲਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਲੁਧਿਆਣਵੀ
NEXT STORY