ਬਠਿੰਡਾ — ਬਠਿੰਡਾ ਦੇ ਚੜ੍ਹਤ ਸਿੰਘ ਮੌੜ ਦੀ ਰਹਿਣ ਵਾਲੀ ਇਕ ਵਿਦਿਆਰਥਣ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਨੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਕਿਰਨਜੀਤ ਕੌਰ ਵਜੋਂ ਹੋਈ ਹੈ। ਕਿਰਨਜੀਤ ਕੌਰ ਬਾਰ੍ਹਵੀਂ ਜਮਾਤ ਤੋਂ ਬਾਅਦ ਅੱਗੇ ਬੀ.ਏ. ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਪਰ ਦਾਖਲਾ ਨਾ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਮ੍ਰਿਤਕ ਲੜਕੀ ਦੇ ਪਿਤਾ ਪੱਲੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਕਿਰਨਜੀਤ ਕੌਰ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੱਗੇ ਬੀ. ਏ. ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਆਰਥਿਕ ਤੰਗੀ ਕਾਰਨ ਉਸ ਦਾ ਦਾਖਲਾ ਫੀਸ ਨਹੀਂ ਭਰ ਸਕਿਆ। ਉਨ੍ਹਾਂ ਨੇ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਆਪਣੇ ਪੁੱਤਰ ਦਾ ਸਕੂਲ 'ਚ ਦਾਖਲਾ ਕਰਵਾਇਆ ਸੀ, ਜਿਸ ਕਾਰਨ ਕਿਰਨਜੀਤ ਕਾਫੀ ਪਰੇਸ਼ਾਨ ਰਹਿੰਦੀ ਸੀ। ਪਿਤਾ ਨੇ ਦੱਸਿਆ ਕਿ ਕਿਰਨਜੀਤ ਪੜ੍ਹਾਈ ਕਰਕੇ ਪੁਲਸ ਅਫਸਰ ਬਣਨਾ ਚਾਹੁੰਦੀ ਸੀ ਤੇ ਘਰ ਦੀ ਗਰੀਬੀ ਦੂਰ ਕਰਨਾ ਚਾਹੁੰਦੀ ਸੀ।
ੁਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਜਦ ਕਿਰਨਜੀਤ ਕੌਰ ਸਵੇਰੇ ਚਾਹ ਬਨਾਉਣ ਲਈ ਉੱਠੀ ਤਾਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ। ਇਸ ਦੌਰਾਨ ਉਸ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਰਨਜੀਤ ਨੂੰ ਗੰਭੀਰ ਹਾਲਤ 'ਚ ਮਾਨਸਾ ਦੇ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮੌੜ ਪੁਲਸ ਨੇ ਘਟਨਾ ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਉਥੇ ਹੀ ਇਸ ਸੰਬੰਧੀ ਕਿਸਾਨ ਨੇਤਾ ਰਾਮ ਸਿੰਘ ਭੈਣੀਵਾਘਾ ਦਾ ਕਹਿਣਾ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਧੀਆਂ-ਪੁੱਤਰ ਵੀ ਖੁਦਕੁਸ਼ੀਆਂ ਕਰਨ ਲੱਗੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਅੱਗੇ ਆਵੇ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰਾਂ ਦੀ ਮਦਦ ਕਰੇ।
ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਵੀ ਬਰਨਾਲਾ ਦੇ ਇਕ ਵਿਦਿਆਰਥੀ ਨੇ ਆਰਥਿਕ ਤੰਗੀ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਸੀ।
ਬਿਨਾਂ ਰਜਿਸਟਰੇਸ਼ਨ ਨੰਬਰ ਐਡ ਨਹੀਂ ਦੇ ਸਕਣਗੇ ਟ੍ਰੈਵਲ ਏਜੰਟ
NEXT STORY