ਰੂਪਨਗਰ, (ਕੈਲਾਸ਼)- ਸਰਕਾਰੀ ਕਾਲਜ ਰੂਪਨਗਰ ਦੇ ਪ੍ਰਬੰਧਕਾਂ ਵੱਲੋਂ ਫੀਸ ਜਮ੍ਹਾ ਕਰਾਉਣ ਲਈ ਬਦਲੇ ਗਏ ਬੈਂਕ ਖਾਤੇ ਕਾਰਨ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਰਣਬੀਰ ਰੰਧਾਵਾ, ਜ਼ਿਲਾ ਪ੍ਰਧਾਨ ਜਗਮਨਦੀਪ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਇਕ ਵਫਦ ਏ.ਡੀ. ਸੀ. ਲਖਮੀਰ ਸਿੰਘ ਨੂੰ ਅੱਜ ਮਿਲਿਆ ਸੀ ਅਤੇ ਸਮੱਸਿਆ ਦਾ ਜਲਦੀ ਹੱਲ ਕਰਨ ਲਈ ਗੁਹਾਰ ਲਾਈ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਫੀਸ ਜਮ੍ਹਾ ਕਰਾਉਣ ਲਈ ਪਹਿਲਾਂ ਸਰਕਾਰੀ ਕਾਲਜ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ’ਚ ਚੱਲ ਰਿਹਾ ਸੀ ਪਰ ਪ੍ਰਬੰਧਕਾਂ ਵੱਲੋਂ ਇਸ ਨੂੰ ਬੰਦ ਕਰ ਕੇ ਐੱਚ. ਡੀ. ਐੱਫ. ਸੀ. ਬੈਂਕ ਵਿਚ ਸਬੰਧਤ ਖਾਤਾ ਖੋਲ੍ਹ ਦਿੱਤਾ ਗਿਆ ਪਰ ਦੂਜੇ ਪਾਸੇ ਨਵਾਂ ਖਾਤਾ ਸ਼ੁਰੂ ਹੋਣ ਵਿਚ ਤਕਨੀਕੀ ਖਰਾਬੀ ਨੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਿਚ ਭਾਰੀ ਵਾਧਾ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਫੀਸ ਬੈਂਕ ਦੇ ਨਵੇਂ ਖਾਤੇ ਵਿਚ ਜਮ੍ਹਾ ਨਹੀਂ ਸੀ ਹੋ ਰਹੀ। 14 ਜੁਲਾਈ ਤੋਂ ਸਰਕਾਰੀ ਕਾਲਜ ਖੁੱਲ੍ਹ ਗਏ ਸਨ ਅਤੇ ਨਵੇਂ ਦਾਖਲੇ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਬਣਦੀ ਫੀਸ ਜਮ੍ਹਾ ਕਰਵਾਈ ਜਾਣੀ ਸੀ। ਬੈਂਕ ਪ੍ਰਬੰਧਕਾਂ ਵੱਲੋਂ 16 ਜੁਲਾਈ ਤੋਂ ਫੀਸ ਜਮ੍ਹਾ ਕਰਾਉਣ ਲਈ ਨਿਰਦੇਸ਼ ਦਿੱਤੇ ਗਏ ਸਨ ਪਰ ਅੱਜ ਦੁਪਹਿਰ ਤੱਕ ਫੀਸਾਂ ਜਮ੍ਹਾ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ ਕਿਉਂਕਿ ਕੁਝ ਕਲਾਸਾਂ ਨੂੰ ਲੇਟ ਫੀਸ ਲੱਗਣੀ ਵੀ ਸ਼ੁਰੂ ਹੋ ਗਈ ਹੈ।

ਕੀ ਕਹਿਣੈ ਕਾਲਜ ਪ੍ਰਬੰਧਕਾਂ ਦਾ
ਇਸ ਸਬੰਧੀ ਪ੍ਰੋਫੈਸਰ ਸਤਿਆਲ ਨੇ ਦੱਸਿਆ ਵਿਦਿਆਰਥੀਆਂ ਦੀਆਂ ਫੀਸਾਂ ਜਮ੍ਹਾ ਕਰਾਉਣ ਸਬੰਧੀ ਸਥਾਨਕ ਐੱਚ. ਡੀ. ਐੱਫ. ਸੀ. ਬੈਂਕ ਵਿਚ ਨਵਾਂ ਖਾਤਾ ਖੋਲ੍ਹਿਆ ਗਿਆ ਹੈ। ਕੁਝ ਤਕਨੀਕੀ ਖਰਾਬੀ ਕਾਰਨ ਪਿਛਲੇ 4-5 ਦਿਨਾਂ ਤੋਂ ਫੀਸਾਂ ਜਮ੍ਹਾ ਨਹੀਂ ਹੋ ਸਕੀਆਂ ਜਿਸ ਕਾਰਨ ਅੱਜ ਕਾਲਜ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਕੋਲੋਂ ਨਕਦ ਫੀਸ ਜਮ੍ਹਾ ਕਰਾਉਣ ਲਈ ਸਿਸਟਮ ਸ਼ੁਰੂ ਕੀਤਾ ਗਿਆ ਸੀ ਅਤੇ ਠੀਕ ਥੋਡ਼੍ਹੀ ਦੇਰ ਬਾਅਦ ਹੀ ਖਰਾਬ ਚੱਲ ਰਿਹਾ ਬੈਂਕ ਦਾ ਸਰਵਰ ਠੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬੈਂਕ ਰਾਹੀਂ ਫੀਸ ਜਮ੍ਹਾ ਹੋਣੀ ਸ਼ੁਰੂ ਹੋ ਗਈ। ਪ੍ਰੋ. ਸਤਿਆਲ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਵਿਚ ਗਾਹਕਾਂ ਦੀ ਭਾਰੀ ਭੀਡ਼ ਰਹਿਣ ਕਾਰਨ ਖਾਤਾ ਦੂਜੇ ਬੈਂਕ ’ਚ ਖੋਲ੍ਹਿਆ ਗਿਆ ਹੈ।
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ
NEXT STORY