ਚੰਡੀਗੜ੍ਹ,(ਸੁਸ਼ੀਲ)- ਪਤੀ ਤੋਂ ਪ੍ਰੇਸ਼ਾਨ ਔਰਤ ਨੇ ਸੈਕਟਰ-20 ਸਥਿਤ ਮਕਾਨ 'ਚ ਚੁੰਨੀ ਨਾਲ ਫਾਹਾ ਲਾ ਲਿਆ। ਪਤਨੀ ਨੂੰ ਫਾਹਾ ਲਾਇਆ ਵੇਖ ਕੇ ਪਤੀ ਤੇ ਗੁਆਂਢੀਆਂ ਨੇ ਉਸਨੂੰ ਹੇਠਾਂ ਉਤਾਰਿਆ ਤੇ ਸੈਕਟਰ-16 ਜਨਰਲ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ 34 ਸਾਲਾ ਸੋਨੂੰ ਦੇ ਰੂਪ 'ਚ ਹੋਈ ਹੈ।
ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮ੍ਰਿਤਕਾ ਦੇ ਭਰਾ ਸੰਦੀਪ ਨੇ ਦੱਸਿਆ ਕਿ ਸੋਨੂੰ ਦੇ ਪਤੀ ਅਸ਼ਵਨੀ ਦਾ ਕਿਸੇ ਹੋਰ ਲੜਕੀ ਨਾਲ ਅਫੇਅਰ ਚੱਲ ਰਿਹਾ ਸੀ, ਜਿਸ ਕਾਰਨ ਉਹ ਸੋਨੂੰ ਨੂੰ ਕਾਫੀ ਪ੍ਰੇਸ਼ਾਨ ਕਰਦਾ ਸੀ। ਮੰਗਲਵਾਰ ਸਵੇਰੇ ਉਹ ਅਸ਼ਵਨੀ ਨੂੰ ਅਫੇਅਰ ਨਾ ਰੱਖਣ ਲਈ ਸਮਝਾ ਕੇ ਗਏ ਸਨ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਸੋਨੂੰ ਨੂੰ ਉਸਦੀ ਨਨਾਣ ਤੇ ਪਤੀ ਅਸ਼ਵਨੀ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ। ਸੈਕਟਰ-19 ਥਾਣਾ ਪੁਲਸ ਨੇ ਅਸ਼ਵਨੀ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤੀ ਤੇ ਲੜਕੀ ਦੀ ਗੱਲਬਾਤ ਕਰ ਲਈ ਸੀ ਰਿਕਾਰਡ
ਸੰਦੀਪ ਨੇ ਦੋਸ਼ ਲਾਇਆ ਕਿ ਅਸ਼ਵਨੀ ਅਫੇਅਰ ਖਤਮ ਕਰਨ ਲਈ ਰਾਜੀ ਨਹੀਂ ਸੀ। ਇਸ ਦੌਰਾਨ ਸੋਨੂੰ ਨੇ ਅਸ਼ਵਨੀ ਤੇ ਉਸ ਲੜਕੀ ਦੀ ਗੱਲਬਾਤ ਵੀ ਰਿਕਾਰਡ ਕਰ ਲਈ ਸੀ। ਪਤੀ ਤੋਂ ਪ੍ਰੇਸ਼ਾਨ ਹੋ ਕੇ ਸੋਨੂੰ ਨੇ ਮੰਗਲਵਾਰ ਦੁਪਹਿਰ ਨੂੰ ਫਾਹਾ ਲਾ ਲਿਆ। ਸੰਦੀਪ ਨੇ ਦੱਸਿਆ ਕਿ ਸ਼ਾਮੀਂ ਚਾਰ ਵਜੇ ਹਸਪਤਾਲ ਤੋਂ ਅਸ਼ਵਨੀ ਨੇ ਫੋਨ ਕਰਕੇ ਇਸਦੀ ਸੂਚਨਾ ਦਿੱਤੀ ਸੀ। ਉਧਰ ਸੈਕਟਰ-19 ਥਾਣਾ ਮੁਖੀ ਨੇ ਦੱਸਿਆ ਕਿ ਅਜੇ ਮਾਮਲੇ 'ਚ ਕਈ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।
ਸੋਮਵਾਰ ਨੂੰ ਮੁਲਜ਼ਮ ਪਤੀ ਨੇ ਕੀਤੀ ਸੀ ਕੁੱਟਮਾਰ
ਸੰਦੀਪ ਨੇ ਦੱਸਿਆ ਕਿ ਸੋਨੂੰ ਦਾ 2008 'ਚ ਸੈਕਟਰ-20 ਵਾਸੀ ਅਸ਼ਵਨੀ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਅਸ਼ਵਨੀ ਸੋਨੂੰ ਨੂੰ ਕਾਫੀ ਪ੍ਰੇਸ਼ਾਨ ਕਰਦਾ ਸੀ। ਡੇਢ ਸਾਲ ਪਹਿਲਾਂ ਸੋਨੂੰ ਨੂੰ ਪਤਾ ਲੱਗਾ ਕਿ ਅਸ਼ਵਨੀ ਦਾ ਕਿਸੇ ਹੋਰ ਲੜਕੀ ਨਾਲ ਅਫੇਅਰ ਹੈ। ਸੋਨੂੰ ਨੇ ਉਨਾਂ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਅਸ਼ਵਨੀ ਨੂੰ ਕਾਫੀ ਸਮਝਾਇਆ ਪਰ ਉਹ ਮੰਨ ਨਹੀਂ ਰਿਹਾ ਸੀ ਤੇ ਸੋਨੂੰ ਨਾਲ ਕੁੱਟਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸਦੀ ਜਾਣਕਾਰੀ ਸੋਨੂੰ ਨੇ ਆਪਣੇ ਮਾਪਿਆਂ ਨੂੰ ਦਿੱਤੀ ਸੀ। ਪਿਤਾ ਤੇ ਹੋਰ ਪਰਿਵਾਰਕ ਮੈਂਬਰ ਮੰਗਲਵਾਰ ਨੂੰ ਸੋਨੂੰ ਦੇ ਘਰ ਆਏ ਤੇ ਉਸਦੇ ਪਤੀ ਨੂੰ ਸਮਝਾ ਕੇ ਗਏ ਸਨ।
ਵਿਕਾਸ ਬਰਾਲਾ ਦੀਆਂ ਹਰਕਤਾਂ ਸਾਈਡ ਰੋਮੀਓ ਵਰਗੀਆਂ, ਨਹੀਂ ਮਿਲੇਗੀ ਜ਼ਮਾਨਤ : ਕੋਰਟ
NEXT STORY