ਹਾਈ ਸਟੱਡੀ ਕਰਨ ਦੇ ਸੁਪਨੇ 'ਚ ਗਰੀਬੀ ਬਣੀ ਅੜਿੱਕਾ
ਮੌੜ ਮੰਡੀ(ਪ੍ਰਵੀਨ)-ਬੀਤੇ ਦਿਨ ਘਰ ਦੀ ਮਾੜੀ ਆਰਥਿਕ ਹਾਲਤ ਕਾਰਨ ਆਪਣੀ ਪੜ੍ਹਾਈ ਪੂਰੀ ਨਾ ਕਰ ਸਕਣ ਦੇ ਗਮ 'ਚ ਇਕ ਗਰੀਬ ਪਰਿਵਾਰ ਦੀ ਲੜਕੀ ਵੱਲੋਂ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਚੜ੍ਹਤ ਸਿੰਘ ਦੀ ਗਰੀਬ ਪਰਿਵਾਰ ਨਾਲ ਸਬੰਧਿਤ ਲੜਕੀ ਕਿਰਨਜੀਤ ਕੌਰ ਪੁੱਤਰੀ ਭੋਲਾ ਸਿੰਘ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ ਅਤੇ ਉਸ ਨੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ 'ਚ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ ਅਤੇ ਉਹ ਅੱਗਿਓਂ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੀ ਖਰਾਬ ਆਰਥਿਕ ਹਾਲਤ ਕਾਰਨ ਉਸ ਨੂੰ ਪੜ੍ਹਾਈ ਵਿਚਾਲੇ ਛੱਡਣੀ ਪਈ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਈ ਅਤੇ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਸਲਫ਼ਾਸ ਖਾ ਕੇ ਆਤਮਹੱਤਿਆ ਕਰ ਲਈ। ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਭੋਲਾ ਸਿੰਘ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। ਉਸ ਦੀਆਂ ਤਿੰਨ ਧੀਆਂ ਅਤੇ ਤਿੰਨ ਪੁੱਤਰ ਹਨ। ਵੱਡੀਆਂ ਦੋ ਲੜਕੀਆਂ ਦਾ ਵਿਆਹ ਹੋ ਚੁੱਕਿਆ ਹੈ ਪਰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਵਿਆਹ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੀ ਰਾਸ਼ੀ ਵੀ ਸਾਨੂੰ ਅਜੇ ਤੱਕ ਨਹੀਂ ਮਿਲੀ। ਇਸ ਤੋਂ ਇਲਾਵਾ ਕਿਰਨਜੀਤ ਕੌਰ ਨੂੰ ਅੱਜ ਤੱਕ ਸਿੱਖਿਆ ਸਬੰਧੀ ਮਿਲਣ ਵਾਲਾ ਵਜ਼ੀਫਾ ਵੀ ਨਹੀਂ ਮਿਲਿਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਇਸ ਬੱਚੀ ਦੀ ਹੋਈ ਅਣਹੋਣੀ ਮੌਤ ਨੇ ਹਾਕਮ ਜਮਾਤਾਂ ਵੱਲੋਂ ਵਿੱਢੀ ਅਖੌਤੀ 'ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ' ਨੂੰ ਸਵਾਲਾਂ ਦੇ ਘੇਰੇ 'ਚ ਖ਼ੜ੍ਹਾ ਕਰ ਦਿੱਤਾ ਹੈ ਅਤੇ ਇਹ ਖ਼ੁਦਕੁਸ਼ੀ ਸਰਕਾਰਾਂ ਵੱਲੋਂ ਮਹਿੰਗੀ ਸਿੱਖਿਆ ਪ੍ਰਣਾਲੀ ਅਤੇ ਗਰੀਬਾਂ ਤੋਂ ਸਿੱਖਿਆ ਦਾ ਅਧਿਕਾਰ ਖੋਹਣ ਦੇ ਕੋਝੇ ਯਤਨਾਂ ਅਤੇ ਆਮ ਨਾਗਰਿਕਾਂ ਨੂੰ ਸਹੀ ਸਮੇਂ 'ਤੇ ਸਿਹਤ ਸਹੂਲਤਾਂ ਨਾ ਮਿਲਣ ਦਾ ਸਿੱਟਾ ਹੈ ਕਿ ਇਸ ਬੱਚੀ ਨੂੰ ਇਸ ਸਮਾਜ ਤੋਂ ਜਾਣਾ ਪਿਆ। ਪੁਲਸ ਥਾਣਾ ਮੌੜ ਦੇ ਪੜਤਾਲ ਅਫਸਰ ਸਬ-ਇੰਸ. ਬਲਜੀਤ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
'ਕੈਪਟਨ', 'ਮਨਪ੍ਰੀਤ' ਤੇ 'ਸਿੱਧੂ' ਹਥੌੜੇ ਲੈ ਕੇ ਥਰਮਲ ਢਾਹੁਣ ਪਹੁੰਚੇ!
NEXT STORY