ਜਲੰਧਰ(ਮਹੇਸ਼)-ਪਾਰਕ ਦੀਪ ਨਗਰ ਵਿਚ ਪੀ. ਜੀ. ਵਿਚ ਰਹਿੰਦੇ ਚੰਡੀਗੜ੍ਹ ਦੇ 22 ਸਾਲਾ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਸੀਮਜੋਤ ਸਿੰਘ ਬਦੇਸ਼ਾ ਪੁੱਤਰ ਹਰਕੀਰਤ ਸਿੰਘ ਵਾਸੀ ਸੈਕਟਰ 37-ਸੀ ਚੰਡੀਗੜ੍ਹ ਦੇ ਰੂਪ ਵਿਚ ਹੋਈ ਹੈ ਜੋ ਕਿ ਪਿਛਲੇ 5-6 ਮਹੀਨਿਆਂ ਤੋਂ ਪਾਰਕ ਐਵੇਨਿਊ ਦੀਪ ਨਗਰ ਵਿਚ ਊਸ਼ਾ ਪਤਨੀ ਸਵ. ਅਸ਼ੋਕ ਕੁਮਾਰ ਦੇ ਪੀ. ਜੀ. ਵਿਚ ਕਿਰਾਏ 'ਤੇ ਰਹਿੰਦਾ ਸੀ ਅਤੇ ਐੱਲ. ਪੀ. ਯੂ. ਵਿਚ ਫਿਜ਼ਓਥੈਰੇਪਿਸਟ ਦਾ ਕੋਰਸ ਕਰ ਰਿਹਾ ਸੀ। ਉਸ ਦੇ ਨਾਲ ਪੜ੍ਹਦੇ ਦੋਸਤ ਰਾਹੁਲ ਤੱਖੜ ਨਿਵਾਸੀ ਗੰਗਾ ਨਗਰ ਅਤੇ ਸਾਹਿਲ ਭਾਟੀਆ ਨਿਵਾਸੀ ਸ਼ਿਮਲਾ ਵੀ ਉਸ ਨਾਲ ਰਹਿੰਦੇ ਸਨ। ਅਸੀਮਜੋਤ ਦੇ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੀ ਪਰਾਗਪੁਰ ਚੌਕੀ ਦੇ ਮੁਖੀ ਕਮਲਜੀਤ ਸਿੰਘ ਨੂੰ ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਹ ਅੱਜ ਜਦ ਯੂਨੀਵਰਸਿਟੀ ਲਈ ਨਿਕਲੇ ਤਾਂ ਅਸੀਮਜੋਤ ਨੇ ਕਿਹਾ ਕਿ ਉਸ ਨੇ ਅੱਜ ਯੂਨੀਵਰਸਿਟੀ ਨਹੀਂ ਜਾਣਾ ਹੈ। ਉਹ ਘਰ ਵਿਚ ਹੀ ਰੁਕ ਗਿਆ। ਸ਼ਾਮ 6 ਵਜੇ ਜਦ ਉਹ ਵਾਪਸ ਪੀ. ਜੀ. ਪਹੁੰਚੇ ਤਾਂ ਅਸੀਮਜੋਤ ਦਾ ਕਮਰਾ ਅੰਦਰੋਂ ਬੰਦ ਸੀ ਅਤੇ ਕੋਈ ਵੀ ਆਵਾਜ਼ ਨਹੀਂ ਆ ਰਹੀ ਸੀ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਹ ਸੌਂ ਰਿਹਾ ਹੈ ਪਰ ਜਾਲੀ ਵਾਲੀ ਖਿੜਕੀ ਤੋਂ ਦੇਖਿਆ ਕਿ ਅਸੀਮ ਮ੍ਰਿਤਕ ਹਾਲਤ ਵਿਚ ਪੱਖੇ ਨਾਲ ਲਟਕ ਰਿਹਾ ਸੀ। ਦੋਸਤਾਂ ਦੇ ਦੱਸਣ ਮੁਤਾਬਕ ਅਸੀਮ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ ਅਤੇ ਉਸ ਦੇ ਚਿਹਰੇ ਤੋਂ ਵੀ ਕਦੇ ਅਜਿਹਾ ਮਹਿਸੂਸ ਨਹੀਂ ਹੋਇਆ ਸੀ। ਇਸ ਦੇ ਬਾਵਜੂਦ ਵੀ ਉਸ ਨੇ ਖੁਦਕੁਸ਼ੀ ਕਿਉਂ ਕਰ ਲਈ। ਇਹ ਇਸ ਗੱਲ ਤੋਂ ਸਾਰੇ ਹੈਰਾਨ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਸੀਮਜੋਤ ਉਨ੍ਹਾਂ ਨੂੰ ਯੂਨੀਵਰਸਿਟੀ ਭੇਜ ਕੇ ਪਿਛਿਓਂ ਅਜਿਹਾ ਕਦਮ ਚੁੱਕ ਸਕਦਾ ਹੈ।
ਸਰਕਾਰੀ ਟੀਚਰ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ
ਮ੍ਰਿਤਕ ਅਸੀਮਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਬੇਟੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਿਤਾ ਹਰਕੀਰਤ ਸਿੰਘ ਅਤੇ ਉਸ ਦੀ ਮਾਂ ਵੀ ਦੇਰ ਰਾਤ ਜਲੰਧਰ ਪਹੁੰਚ ਗਏ ਸਨ। ਮ੍ਰਿਤਕ ਹਾਲਤ ਵਿਚ ਅਸੀਮ ਨੂੰ ਵੇਖ ਕੇ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਚੰਡੀਗੜ੍ਹ ਤੋਂ ਆਏ ਮਾਂ-ਬਾਪ ਪਹਿਲਾਂ ਉਸ ਦੇ ਪਾਰਕ ਐਵੇਨਿਊ ਦੀਪ ਨਗਰ ਸਥਿਤ ਕਮਰੇ ਵਿਚ ਪਹੁੰਚੇ ਅਤੇ ਉਥੋਂ ਉਹ ਸਿਵਲ ਹਸਪਤਾਲ ਆਏ। ਮ੍ਰਿਤਕ ਅਸੀਮ ਦੀ ਲਾਸ਼ ਨੂੰ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਕਮਲਜੀਤ ਸਿੰਘ ਹਸਪਤਾਲ ਲੈ ਕੇ ਆਏ ਸਨ। ਪੁਲਸ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸਵੇਰੇ ਅਸੀਮ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਸੀਮ ਦੇ ਮਾਤਾ-ਪਿਤਾ ਦੋਵੇਂ ਸਰਕਾਰੀ ਟੀਚਰ ਹਨ ਅਤੇ ਚੰਡੀਗੜ੍ਹ ਵਿਚ ਹੀ ਸਰਵਿਸ ਕਰਦੇ ਹਨ। ਫਿਲਹਾਲ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ। ਜਾਂਚ ਅਧਿਕਾਰੀ ਕਮਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਮਾਤਾ-ਪਿਤਾ ਦੇ ਬਿਆਨ ਹੋਣੇ ਅਜੇ ਬਾਕੀ ਹਨ। ਜੇਕਰ ਉਸ ਵਿਚ ਕੋਈ ਗੱਲ ਸਾਹਮਣੇ ਆਉਂਦੀ ਹੈ ਤਾ ਪੁਲਸ ਉਸ ਮੁਤਾਬਕ ਕਾਨੂੰਨੀ ਕਾਰਵਾਈ ਵਿਚ ਬਦਲਾਅ ਵੀ ਕਰ ਸਕਦੀ ਹੈ।
ਸੁਸਾਈਡ ਨੋਟ 'ਚ ਕਿਹਾ-ਖੁਦ ਹਾਂ ਮੌਤ ਦਾ ਜ਼ਿੰਮੇਵਾਰ
ਪੀ. ਜੀ. ਵਿਚ ਸੁਸਾਈਡ ਕਰਨ ਵਾਲੇ ਅਸੀਮਜੋਤ ਸਿੰਘ ਦੇ ਕਮਰੇ 'ਚੋਂ ਪੁਲਸ ਨੂੰ ਬਰਾਮਦ ਹੋਏ ਇਕ ਸੁਸਾਈਡ ਨੋਟ ਵਿਚ ਉਸ ਨੇ ਆਪਣੇ ਇਸ ਗਲਤ ਕਦਮ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਿਰਫ ਇਕ ਲਾਈਨ ਦੇ ਇਸ ਨੋਟ ਵਿਚ ਉਸ ਨੇ ਕਿਸੇ ਹੋਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਨਹੀਂ ਦੱਸਿਆ ਹੈ। ਸੁਸਾਈਡ ਨੋਟ ਪੁਲਸ ਨੇ ਮ੍ਰਿਤਕ ਦੇ ਮਾਤਾ-ਪਿਤਾ ਹਰਕੀਰਤ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਦਿਖਾ ਦਿੱਤਾ ਹੈ।
ਆਧੁਨਿਕ ਤਕਨੀਕ ਦਾ ਮਿਸ ਯੂਜ਼ ਕਰ ਕੇ ਕੀਤੇ ਘਪਲੇ
NEXT STORY