ਗੋਨਿਆਣਾ(ਗੋਰਾ ਲਾਲ)-ਬੀਤੇ ਕੁਝ ਦਿਨ ਪਹਿਲਾਂ ਪਿੰਡ ਗੋਨਿਆਣਾ ਕਲਾਂ ਦੇ ਇਕ ਨੌਜਵਾਨ ਵੱਲੋਂ ਉਸ ਨਾਲ ਹੋਈ ਠੱਗੀ ਨੂੰ ਲੈ ਕੇ ਰੇਲ ਗੱਡੀ ਅੱਗੇ ਆ ਕੇ ਖ਼ੁਦਕਸ਼ੀ ਕਰ ਲਈ ਸੀ ਅਤੇ ਉਸ ਦੀ ਲਾਸ਼ ਕੋਲੋਂ ਉਸ ਦੇ ਹੱਥ ਦਾ ਖ਼ੁਦਕਸ਼ੀ ਨੋਟ ਵੀ ਮਿਲਿਆ ਸੀ, ਜਿਸ 'ਚ ਸਾਫ ਤੌਰ 'ਤੇ ਖ਼ੁਦਕਸ਼ੀ ਲਈ ਮਜਬੂਰ ਕਰਨ ਵਾਲੇ ਪਿਉ-ਪੁੱਤ ਦਾ ਨਾਂ ਵੀ ਲਿਖਿਆ ਹੋਇਆ ਸੀ ਪਰ ਅਜੇ ਵੀ ਪੁਲਸ ਵੱਲੋਂ ਦੋਸ਼ੀਆਂ ਨੂੰ ਕਾਬੂ ਨਾ ਕੀਤੇ ਜਾਣ ਨੂੰ ਲੈ ਕੇ ਮ੍ਰਿਤਕ ਦੇ ਮਾਪਿਆਂ ਨੇ ਆਪਣੇ ਨੌਜਵਾਨ ਲੜਕੇ ਦੀ ਮੌਤ ਤੋਂ ਬਾਅਦ ਵੀ ਕੋਈ ਇਨਸਾਫ ਨਾ ਮਿਲਣ ਕਰ ਕੇ ਥਾਣੇ ਅੱਗੇ ਆਤਮਦਾਹ ਕਰਨ ਦਾ ਨਿਰਣਾ ਲਿਆ ਹੈ। ਹਰਨੇਕ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਵਾਸੀ ਗੋਨਿਆਣਾ ਕਲਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਨੌਜਵਾਨ ਲੜਕੇ ਕਮਲਦੀਪ ਸਿੰਘ ਨੇ ਬੀਤੀ 5 ਜੂਨ ਨੂੰ ਗੋਨਿਆਣਾ-ਜੈਤੋਂ ਰੇਲ ਮਾਰਗ 'ਤੇ ਰੇਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਸੀ, ਜਦੋਂ ਕਿ ਮ੍ਰਿਤਕ ਨੇ ਖ਼ੁਦਕਸ਼ੀ ਨੋਟ ਤੋਂ ਇਲਾਵਾ ਆਪਣੇ ਸਰੀਰ ਦੇ ਸਾਰੇ ਅੰਗਾਂ 'ਤੇ ਬਾਬਾ ਕੁਲਵੰਤ ਸਿੰਘ ਚਿਸਤੀ ਅਤੇ ਉਸ ਦੇ ਲੜਕੇ ਕੁਲਵਿੰਦਰ ਸਿੰਘ ਚਿਸਤੀ ਵਾਸੀ ਜੈਤੋਂ ਨੂੰ ਖ਼ੁਦਕਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਖ਼ੁਦਕਸ਼ੀ ਨੋਟ 'ਚ ਉਪਰੋਕਤ ਦੋਸ਼ੀਆਂ ਨੂੰ ਕੋਈ ਕੰਮ ਕਰਵਾਉਣ ਬਦਲੇ 2 ਲੱਖ 80 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਸੀ ਤੇ ਕੰਮ ਨਾ ਹੋਣ 'ਤੇ ਦਿੱਤੇ ਰੁਪਏ ਨਾ ਮੋੜਨ ਦਾ ਦੋਸ਼ ਲਾਇਆ ਸੀ। ਰੇਲਵੇ ਪੁਲਸ ਬਠਿੰਡਾ ਨੇ ਉਕਤ ਮਾਮਲੇ ਵਿਚ ਖ਼ੁਦਕਸ਼ੀ ਨੋਟ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ 5 ਜੂਨ ਨੂੰ ਹੀ ਉਕਤ ਦੋਵਾਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਦੋਸ਼ੀ ਹਾਲੇ ਤੱਕ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। ਹੁਣ ਇਹ ਮਾਮਲਾ ਉਸ ਸਮੇਂ ਗੰਭੀਰ ਬਣ ਗਿਆ ਜਦੋਂ ਮ੍ਰਿਤਕ ਦੇ ਮਾਤਾ-ਪਿਤਾ ਨੇ ਰੇਲਵੇ ਪੁਲਸ 'ਤੇ ਦੋਸ਼ ਲਾਇਆ ਕਿ ਰੇਲਵੇ ਪੁਲਸ ਰਾਜਸੀ ਸ਼ਹਿ 'ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਨੂੰ ਲੈ ਕੇ ਮ੍ਰਿਤਕ ਦੇ ਮਾਤਾ-ਪਿਤਾ ਨੇ ਰੇਲਵੇ ਪੁਲਸ ਬਠਿੰਡਾ ਅਤੇ ਜ਼ਿਲਾ ਪ੍ਰਸ਼ਾਸਨ ਨੂੰ 5 ਦਿਨ ਦਾ ਸਮਾਂ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਸ ਨੇ ਦੋਸ਼ੀਆਂ ਨੂੰ 25 ਜੂਨ ਤੱਕ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਵੀ ਰੇਲਵੇ ਪੁਲਸ ਬਠਿੰਡਾ ਦੇ ਥਾਣੇ ਅੱਗੇ ਆਤਮਦਾਹ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਰੇਲਵੇ ਪੁਲਿਸ ਬਠਿੰਡਾ ਅਤੇ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਪੁਲਸ ਥਾਣਾ ਬਠਿੰਡਾ ਦੇ ਅਫ਼ਸਰ ਹਰਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਉਹ ਦੋਸ਼ੀਆਂ ਦੀ ਭਾਲ ਕਰ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਕਾਲੀ ਲੀਡਰਾਂ ਦੇ ਡਰ ਕਾਰਨ ਕਾਂਗਰਸੀ ਬਜ਼ੁਰਗ ਨੇ ਕੀਤੀ ਜੀਵਨ-ਲੀਲਾ ਖਤਮ ਕਰਨ ਦੀ ਕੋਸ਼ਿਸ਼
NEXT STORY