ਗੋਨਿਆਣਾ(ਗੋਰਾ ਲਾਲ)-ਸੂਬੇ 'ਚ ਜਦੋਂ ਵੀ ਨਵੀਆਂ ਸਰਕਾਰਾਂ ਬਣਦੀਆਂ ਹਨ ਤਾਂ ਨਵੀਂ ਸਰਕਾਰ ਦੇ ਅਹੁਦੇਦਾਰ ਵਿਰੋਧੀ ਪਾਰਟੀ ਦੇ ਲੀਡਰਾਂ, ਆਗੂਆਂ ਅਤੇ ਵਰਕਰਾਂ ਉੱਪਰ ਜ਼ਿਆਦਤੀਆਂ ਕਰਦੇ ਆਮ ਦੇਖੇ ਜਾਦੇ ਹਨ ਪਰ ਜ਼ਿਲਾ ਬਠਿੰਡਾ ਦੇ ਥਾਣਾ ਥਰਮਲ ਦੇ ਅਧੀਨ ਪੈਂਦੇ ਪਿੰਡ ਗਿੱਲਪੱਤੀ ਵਿਚ ਇਸ ਦੇ ਉਲਟ ਅਕਾਲੀ ਦਲ ਦੇ ਲੀਡਰਾਂ ਵੱਲੋਂ ਡਰਾਉਣ-ਧਮਕਾਉਣ 'ਤੇ ਕਾਂਗਰਸੀ ਬਜ਼ੁਰਗ ਵੱਲੋਂ ਖੁਦਕਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਗਿੱਲਪੱਤੀ ਦੇ ਕਾਂਗਰਸੀ ਬਜ਼ੁਰਗ ਨੱਥਾ ਸਿੰਘ (63) ਪੁੱਤਰ ਪੂਰਨ ਸਿੰਘ ਜੋ ਪਿਛਲੀ ਵਾਰੀ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ, ਨੇ ਅਕਾਲੀ ਦਲ ਦੇ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਅਤੇ ਉਸ ਦੇ ਸਾਥੀਆਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਬੀਤੇ ਦਿਨੀਂ ਆਪਣੇ ਪੁਰਾਣੇ ਘਰ ਜਾ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ-ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜੋ ਇਸ ਵੇਲੇ ਗੋਨਿਆਣਾ ਮੰਡੀ ਦੇ ਸੁਖਮਨੀ ਹਸਪਤਾਲ 'ਚ ਇਲਾਜ ਅਧੀਨ ਹੈ। ਹਸਪਤਾਲ ਵਿਚ ਦਾਖਲ ਨੱਥਾ ਸਿੰਘ ਦੇ ਕੋਲ ਮੌਜੂਦ ਉਸ ਦੇ ਸਪੁੱਤਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਖਾਧੀ ਜ਼ਹਿਰੀਲੀ ਦਵਾਈ ਦਾ ਪਤਾ ਲੱਗਦੇ ਹੀ ਅਸੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾ ਦਿੱਤਾ।ਹਾਲਤ ਖਰਾਬ ਹੁੰਦਿਆਂ ਦੇਖ ਸਿਵਲ ਹਸਪਤਾਲ ਬਠਿੰਡਾ ਤੋਂ ਅਸੀਂ ਇਨ੍ਹਾਂ ਨੂੰ ਗੋਨਿਆਣਾ ਮੰਡੀ ਵਿਖੇ ਇਲਾਜ ਲਈ ਲੈ ਆਏ। ਧਰਮਿੰਦਰ ਸਿੰਘ ਵੱਲੋਂ ਆਪਣੇ ਪਿਤਾ ਵੱਲੋਂ ਲਿਖਿਆ ਖੁਦਕਸ਼ੀ ਨੋਟ ਦੀ ਕਾਪੀ ਵੀ ਦਿਖਾਈ,ਜਿਸ 'ਚ ਉਸ ਨੇ ਪਿੰਡ ਗਿੱਲਪੱਤੀ ਦੇ ਹੀ ਅਕਾਲੀ ਦਲ ਨਾਲ ਸਬੰਧਤ ਕੁਝ ਮੋਹਤਬਰ ਵਿਅਕਤੀਆਂ ਦਾ ਨਾਂ ਲਿਖਿਆ ਹੈ ਜੋ ਉਸ ਨੂੰ ਧਮਕੀਆਂ ਦਿੰਦੇ ਹਨ। ਬਜ਼ੁਰਗ ਨੇ ਖੁਦਕਸ਼ੀ ਨੋਟ 'ਚ ਇਹ ਵੀ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਉਪਰੋਕਤ ਵਿਅਕਤੀਆਂ ਉਪਰ ਬਣਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਪੁਲਸ 'ਤੇ ਦੋਸ਼ ਲਾਇਆ ਹੈ ਕਿ ਥਾਣਾ ਥਰਮਲ ਦੀ ਪੁਲਸ ਦੇ ਸਹਾਇਕ ਥਾਣੇਦਾਰ ਰਾਜਦੀਪ ਸਿੰਘ ਨੇ ਉਨ੍ਹਾਂ ਦੇ ਖ਼ਿਲਾਫ ਹੀ ਪਰਚਾ ਦਰਜ ਕਰਨ ਦੀ ਧਮਕੀ ਵੀ ਦਿੱਤੀ ਹੈ, ਜਦੋਂ ਇਸ ਸਬੰਧੀ ਉਕਤ ਏ. ਐੱਸ. ਆਈ. ਰਾਜਦੀਪ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਸਿਵਲ ਹਸਪਤਾਲ ਬਠਿੰਡਾ ਵਿਖੇ ਗਿਆ ਸੀ, ਉਸ ਵਕਤ ਪੀੜਤ ਨੱਥਾ ਸਿੰਘ ਉਥੋਂ ਰੈਫਰ ਹੋ ਚੁੱਕੇ ਸਨ।ਉਨ੍ਹਾਂ ਕਿਹਾ ਕਿ ਮੈਂ ਉਕਤ ਪਰਿਵਾਰ ਨੂੰ ਕੋਈ ਵੀ ਧਮਕੀ ਨਹੀਂ ਦਿੱਤੀ ਅਤੇ ਪੀੜਤ ਦੇ ਬਿਆਨ ਤੋਂ ਬਾਅਦ ਹੀ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਜਦੋਂ ਅਕਾਲੀ ਜਥੇਦਾਰ ਅਕਬਰ ਸਿੰਘ ਗਿੱਲਪੱਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਬਾਲ ਕ੍ਰਿਸ਼ਨ ਰੋਡ ਸਥਿਤ ਘਰ ’ਚੋਂ ਪੁਲਸ ਨੇ ਬਰਾਮਦ ਕੀਤੀ ਗਲੀ-ਸੜੀ ਲਾਸ਼
NEXT STORY