ਹੁਸ਼ਿਆਰਪੁਰ (ਅਮਰਿੰਦਰ) - ਥਾਣਾ ਮਾਡਲ ਟਾਊਨ ਥਾਣਾ ਚੌਕੀ ਅਧੀਨ ਪੈਂਦੇ ਮੁਹੱਲਾ ਸੁੰਦਰ ਨਗਰ ਵਿਖੇ ਬੀਤੀ ਦੇਰ ਰਾਤ ਮਜ਼ਦੂਰੀ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕਰਨ ਮਗਰੋਂ ਆਪਣੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਤਿੰਦਰ ਕੁਮਾਰ ਪੁੱਤਰ ਫੁਲੇਸ਼ਵਰ ਮੁਖੀਆ ਵਜੋਂ ਹੋਈ ਹੈ, ਜਿਸ ਦੇ 7 ਬੱਚੇ ਹਨ। ਲੋਕਾਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਰਾਤ 12 ਵਜੇ ਦੇ ਕਰੀਬ ਪਤੀ ਨੂੰ ਬਿਸਤਰ 'ਤੇ ਪਿਆ ਨਾ ਦੇਖ ਪਤਨੀ ਰਾਜ ਕੁਮਾਰੀ ਨੇ ਕਮਰੇ ਦੀ ਬੱਤੀ ਜਗਾਈ। ਬੱਤੀ ਜਗਾਉਣ 'ਤੇ ਉਸ ਨੇ ਦੇਖਿਆ ਕਿ ਜਤਿੰਦਰ ਨੇ ਫਾਹਾ ਲੈ ਲਿਆ। ਪਤਨੀ ਦੇ ਰੌਲਾ ਪਾਉਣ 'ਤੇ ਪਰਿਵਾਰ ਦੇ ਹੋਰ ਮੈਂਬਰ ਤੇ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ, ਜਿਨ੍ਹਾਂ ਨੇ ਜਤਿੰਦਰ ਨੂੰ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਪੁਰਹੀਰਾਂ ਪੁਲਸ ਚੌਕੀ 'ਚ ਤਾਇਨਾਤ ਏ. ਐੱਸ. ਆਈ. ਪਰਮਜੀਤ ਸਿੰਘ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ 'ਚ ਰਖਵਾ ਦਿੱਤਾ।
7 ਬੱਚਿਆਂ ਦਾ ਪਿਤਾ ਸੀ ਜਤਿੰਦਰ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰ, ਜੋ ਪੇਸ਼ੇ ਤੋਂ ਮਜ਼ਦੂਰ ਸੀ, ਜੋ ਸ਼ਰਾਬ ਦਾ ਆਦੀ ਸੀ। ਬੀਤੀ ਸ਼ਾਮ ਜ਼ਿਆਦਾ ਸ਼ਰਾਬ ਪੀਣ ਕਾਰਨ ਘਰ 'ਚ ਰੋਜ਼ਾਨਾ ਦੀ ਤਰ੍ਹਾਂ ਹੰਗਾਮਾ ਹੋ ਗਿਆ। ਜਤਿੰਦਰ ਰਾਤ ਕਰੀਬ 11 ਵਜੇ ਸੌਂ ਗਿਆ। ਅਸਲ 'ਚ ਬਿਹਾਰ ਦੇ ਸਮਸਤੀਪੁਰ 'ਚ ਰਹਿਣ ਵਾਲੇ ਮ੍ਰਿਤਕ ਜਤਿੰਦਰ ਦੀ ਪਹਿਲੀ ਪਤਨੀ ਦੀ ਮੌਤ ਮਗਰੋਂ ਕਰੀਬ 5 ਸਾਲ ਪਹਿਲਾਂ ਰਾਜ ਕੁਮਾਰੀ ਨਾਲ ਵਿਆਹ ਹੋਇਆ ਸੀ। ਦੋਹਾਂ ਪਤਨੀਆਂ ਤੋਂ ਘਰ 'ਚ 7 ਬੱਚੇ ਹਨ, ਜਿਨ੍ਹਾਂ 'ਚੋਂ 5 ਬੇਟੇ ਅਤੇ 2 ਬੇਟੀਆਂ ਹਨ।
ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ : ਚੌਕੀ ਇੰਚਾਰਜ
ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸਦਰ ਦੇ ਸਬ ਇੰਸਪੈਕਟਰ ਰਾਜਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਦੁਪਹਿਰ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ।
'ਸਿੱਧੂ' ਨੂੰ ਹਰਿਆਣਾ ਦੇ ਚੋਣ ਮੈਦਾਨ 'ਚ ਨਹੀਂ ਉਤਾਰਨਾ ਚਾਹੁੰਦੇ ਕਾਂਗਰਸੀ!
NEXT STORY